ਦਿੱਲੀ ਗੁਰਦਵਾਰਾ ਕਮੇਟੀ ਦੇ ਹੀ ਮੈਂਬਰ ਨੇ ਕਮੇਟੀ ਦੀਆਂ ਨੀਤੀਆਂ 'ਤੇ ਲਾਇਆ ਸਵਾਲੀਆ ਨਿਸ਼ਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

'ਸ਼ਾਹੀ ਸੈਮੀਨਾਰਾਂ' ਨਾਲ ਨਹੀਂ, ਜ਼ਮੀਨੀ ਪੱਧਰ 'ਤੇ ਨੌਜਵਾਨਾਂ ਨੂੰ ਪੰਜਾਬੀ ਸਿਖਾ ਕੇ, ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨਾਲ ਜੋੜਿਆ ਜਾ ਸਕਦੈ? ਹਰਿੰਦਰਪਾਲ ਸਿੰਘ

Harinderpal Singh

ਨਵੀਂ ਦਿੱਲੀ: : ਦਿੱਲੀ ਵਿਚ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਮਨਾਉਣ ਦੇ  ਦਿੱਲੀ ਗੁਰਦਵਾਰਾ ਕਮੇਟੀ ਦੇ ਢੰਗ ਤਰੀਕਿਆਂ 'ਤੇ ਕਮੇਟੀ ਦੇ ਹੀ ਇਕ ਮੈਂਬਰ ਸ.ਹਰਿੰਦਰਪਾਲ ਸਿੰਘ ਨੇ ਸਵਾਲੀਆ ਨਿਸ਼ਾਨ ਲਾ ਕੇ ਰੱਖ ਦਿਤਾ ਹੈ ਤੇ ਪੁਛਿਆ ਹੈ, “ਜਿਨ੍ਹਾਂ ਸਿਆਸੀ ਸਲਾਹਕਾਰਾਂ ਦੇ ਆਖੇ ਲੱਗ ਕੇ, ਕਮੇਟੀ ਦੇ ਸੋਮਿਆਂ ਤੇ ਫ਼ੰਡਾਂ ਨਾਲ  ਜਿਹੜੇ ਕੌਮਾਂਤਰੀ ਨਾਂਅ ਦੇ ਸੈਮੀਨਾਰ ਕੀਤੇ ਜਾ ਰਹੇ ਹਨ, ਉਸ ਨਾਲ ਕੁੱਝ ਬੰਦਿਆਂ ਦੇ ਸਿਆਸੀ ਮੁਫ਼ਾਦ ਤਾਂ ਪੂਰੇ ਕੀਤੇ ਜਾ ਰਹੇ ਹਨ, ਸਿੱਖੀ ਦਾ ਪ੍ਰਚਾਰ ਬਿਲਕੁਲ ਨਹੀਂ ਹੋ ਰਿਹਾ।''

ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਮਤਿ ਕਾਲਜ ਦੇ ਚੇਅਰਮੈਨ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਅਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਮੌਜੂਦਾ ਮੈਂਬਰ ਸ.ਹਰਿੰਦਰਪਾਲ ਸਿੰਘ ਨੇ 550 ਸਾਲਾਂ ਦੇ ਨਾਂਅ 'ਤੇ ਦਿੱਲੀ ਕਮੇਟੀ ਦੀਆਂ ਨੀਤੀਆਂ ਦੀ ਨਿਖੇਧੀ ਕਰਦਿਆਂ ਕਿਹਾ, “ਜਦ ਪ੍ਰਕਾਸ਼ ਦਿਹਾੜਾ ਮਨਾਉਣ ਦੀ ਵਿਉਂਤ ਘੜਨ ਬਾਰੇ ਮੇਰੇ ਸਣੇ ਸ.ਕੁਲਮੋਹਨ ਸਿੰਘ ਤੇ ਸਾਬਕਾ ਐਮ ਪੀ ਸ.ਤਰਲੋਚਨ ਸਿੰਘ ਦੀ ਇਕ ਕਮੇਟੀ ਬਣੀ ਸੀ, ਫਿਰ ਕਿਸ ਅਧਾਰ 'ਤੇ ਸਾਬਕਾ ਐਮ ਪੀ ਨੇ ਸਾਰੇ ਫ਼ੈਸਲੇ ਖ਼ੁਦ ਲੈ ਲਏ ਤੇ ਕਿਸੇ ਨੂੰ ਪੁਛਿਆ ਤੱਕ ਨਾ। ਉਤੋਂ ਦਿੱਲੀ ਕਮੇਟੀ ਨੂੰ ਵੀ ਗੁਮਰਾਹ ਕਰ ਦਿਤਾ।''

 ਉਨ੍ਹਾਂ ਮੰਗ ਕੀਤੀ ਕਿ ਦਿੱਲੀ ਕਮੇਟੀ ਸਲਾਹਕਾਰ ਨੂੰ ਤੁਰਤ ਅਹੁਦੇ ਤੋਂ ਹਟਾਏ ਤੇ ਧਰਮ ਪੱਖੀ ਵਿਦਵਾਨਾਂ ਨੂੰ ਇਹ ਅਹੁਦਾ ਦਿਤਾ ਜਾਵੇ। ਉਨ੍ਹਾਂ ਪੁਛਿਆ, “ਦਿੱਲੀ ਦੀਆਂ ਸਿੰਘ ਸਭਾਵਾਂ ਰਾਹੀਂ ਦਿੱਲੀ ਕਮੇਟੀ ਜ਼ਮੀਨੀ ਪੱਧਰ 'ਤੇ ਸਮਾਗਮ ਕਰ ਕੇ, ਨੌਜਵਾਨਾਂ ਨੂੰ ਪੰਜਾਬੀ ਸਿਖਾ ਕੇ, ਗੁਰੂ ਸਾਹਿਬ ਦਾ ਸੁਨੇਹਾ ਸਮਝਾਅ ਸਕਦੀ ਹੈ, ਬਜਾਏ ਇਸਦੇ ਕਿ ਅਮੀਰਾਂ ਤੇ ਸਿਆਸੀ ਲੋਕਾਂ ਦੇ 'ਸ਼ਾਹੀ ਸੈਮੀਨਾਰ' ਕਰਵਾ ਕੇ, ਕਿਹੜੀ ਸਿੱਖੀ ਦਾ ਪ੍ਰਚਾਰ ਕਰਨ ਤੁਰੀ ਹੈ?” ਮੇਰੀ ਉਨਾਂ੍ਹ ਨਾਲ ਕੋਈ ਨਿੱਜੀ ਵਿਰੋਧਤਾ ਨਹੀਂ, ਉਹ ਵਧੀਆ ਸਿਆਸੀ ਸਲਾਹਕਾਰ ਤਾਂ ਹੋ ਸਕਦੇ ਹਨ,

ਪਰ ਧਰਮ ਦੇ ਮਸਲਿਆਂ ਤੋਂ ਕੋਰੇ ਹਨ, ਜਿਸ ਕਰ ਕੇ, ਕਮੇਟੀ ਨੂੰ ਕੁਰਾਹੇ ਪਾਇਆ ਜਾ ਰਿਹਾ ਹੈ।'' ਇਸ ਵਿਚਕਾਰ ਜਦੋਂ 'ਸਪੋਕਸਮੈਨ' ਵਲੋਂ ਸਾਬਕਾ ਐਮ  ਪੀ ਸ.ਤਰਲੋਚਨ ਸਿੰਘ ਤੋਂ ਉਨਾਂ੍ਹ ਦਾ ਸਾਰੇ ਦੋਸਾਂ ਬਾਰੇ ਪੱਖ ਪੁਛਿਆ ਤਾਂ ਉਨਾਂ੍ਹ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿਤੀ ਤੇ ਕਿਹਾ, “ਮੈਂ ਕੌਮ ਦੀ ਸੇਵਾ ਕਰੀ ਜਾ ਰਿਹਾ ਹਾਂ।''  ਜਦੋਂ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ ਦਾ ਪੱਖ ਪੁਛਿਆ ਤਾਂ ਉਨ੍ਹਾਂ ਵੀ ਕੁਝ ਕਹਿਣ ਤੋਂ ਕਿਨਾਰਾ ਕਰ ਲਿਆ।