ਸੌਦਾ ਸਾਧ ਵਿਰੁਧ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ ਫ਼ੈਸਲਾਕੁਨ ਦੌਰ ਵਿਚ ਪੁੱਜਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸੌਦਾ ਸਾਧ ਵਿਰੁਧ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ ਫ਼ੈਸਲਾਕੁਨ ਦੌਰ ਵਿਚ ਪੁੱਜ ਗਿਆ ਹੈ। ਪੰਚਕੂਲਾ ਸਥਿਤ ਸੀਬੀਆਈ ਵਿਸ਼ੇਸ਼ ਅਦਾਲਤ ਨੇ ਅੱਜ ਬਹਿਸ ਮੁਕੰਮਲ ਕਰ ਕੇ ਅਪਣਾ..

Gurmeet Ram Rahim

ਚੰਡੀਗੜ੍ਹ, 17 ਅਗੱਸਤ (ਨੀਲ ਭਲਿੰਦਰ ਸਿੰਘ): ਸੌਦਾ ਸਾਧ ਵਿਰੁਧ ਸਾਧਵੀਆਂ ਦੇ  ਜਿਨਸੀ ਸ਼ੋਸ਼ਣ ਦਾ ਮਾਮਲਾ ਫ਼ੈਸਲਾਕੁਨ ਦੌਰ ਵਿਚ ਪੁੱਜ ਗਿਆ ਹੈ। ਪੰਚਕੂਲਾ ਸਥਿਤ ਸੀਬੀਆਈ ਵਿਸ਼ੇਸ਼ ਅਦਾਲਤ ਨੇ ਅੱਜ ਬਹਿਸ ਮੁਕੰਮਲ ਕਰ ਕੇ ਅਪਣਾ  ਫ਼ੈਸਲਾ ਰਾਖਵਾਂ ਰੱਖ ਕੇ ਸੌਦਾ ਸਾਧ ਨੂੰ ਫ਼ੈਸਲੇ ਵਾਲੇ ਦਿਨ 25 ਅਗੱਸਤ ਨੂੰ ਅਦਾਲਤ ਵਿਚ ਹਾਜ਼ਰ ਰਹਿਣ ਦੀ ਕੀਤੀ ਤਾਕੀਦ ਵੀ ਕਰ ਦਿਤੀ ਹੈ।
ਅੱਜ ਇਸ ਤੋਂ ਪਹਿਲਾਂ ਅਦਾਲਤ ਵਿਚ ਦਸਿਆ ਗਿਆ ਕਿ ਸਾਧ ਸਿਹਤ ਕਾਰਨਾਂ ਕਰ ਕੇ ਅਦਾਲਤ ਵਿਚ ਪੇਸ਼ ਨਹੀਂ ਹੋ ਸਕਿਆ। ਸੀਬੀਆਈ ਅਦਾਲਤ ਵਲੋਂ ਇਸ  ਮਾਮਲੇ ਵਿਚ ਅੱਜ ਫ਼ੈਸਲਾ ਸੁਣਾਉਣ  ਦੀ ਸੰਭਾਵਨਾ ਸੀ ।  ਇਸ ਦੇ ਮੱਦੇਨਜਰ ਕੇਂਦਰ,  ਪੰਜਾਬ  ਅਤੇ ਹਰਿਆਣਾ  ਸਰਕਾਰਾਂ ਚੌਕਸ ਹੋ ਗਈਆਂ ਸਨ । ਕੇਂਦਰੀ ਗ੍ਰਹਿ  ਮੰਤਰਾਲੇ   ਦੇ ਉੱਚ ਅਧਿਕਾਰੀਆਂ ਨੇ  ਪੰਜਾਬ ਤੇ ਹਰਿਆਣਾ ਦੇ ਪੁਲਿਸ ਅਧਿਕਾਰੀਆਂ  ਨਾਲ ਬੈਠਕ ਕਰਨ ਤੋਂ  ਬਾਅਦ ਦੋਹਾਂ ਸੂਬਿਆਂ ਵਿਚ ਹਾਈ ਅਲਰਟ ਐਲਾਨ  ਦਿਤਾ ਸੀ ।
ਇਸੇ ਦੌਰਾਨ ਪੰਜਾਬ ਤੇ ਹਰਿਆਣਾ ਪੁਲਿਸ ਮੁਖੀ  ਵੀਰਵਾਰ ਨੂੰ ਕੇਂਦਰੀ ਗ੍ਰਹਿ ਸਕੱਤਰ  ਨਾਲ ਬੈਠਕ ਕਰਨ ਲਈ ਦਿੱਲੀ ਪੁੱਜੇ । ਬੈਠਕ  ਦੌਰਾਨ ਪੰਜਾਬ ਅਤੇ ਹਰਿਆਣਾ ਨੇ ਕੇਂਦਰ ਕੋਲੋਂ ਨੀਮ ਫ਼ੌਜੀ ਬਲਾਂ ਦੀਆਂ ਕੰਪਨੀਆਂ ਦੀ ਮੰਗ ਕੀਤੀ ਹੈ। ਦੂਜੇ ਪਾਸੇ ਇਸ ਅਹਿਮ ਸੁਣਵਾਈ ਤੋਂ  ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ । ਕਰੀਬ ਇਕ ਘੰਟੇ ਚੱਲੀ ਇਸ ਮੁਲਾਕਾਤ ਦੌਰਾਨ ਐਸਵਾਈਐਲ ਨਹਿਰ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਅਤੇ ਕੇਂਦਰ ਸਰਕਾਰ  ਦੇ ਰੁਖ 'ਤੇ ਵੀ ਚਰਚਾ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਬਾਦਲ ਬੁੱਧਵਾਰ ਸ਼ਾਮ ਨੂੰ ਕਰੀਬ ਪੰਜ ਵਜੇ ਜਦ ਖੱਟੜ  ਦੀ ਰਿਹਾਇਸ਼ 'ਤੇ ਪੁੱਜੇ ਤਾਂ ਉਸ ਸਮੇਂ ਹਰਿਆਣਾ ਮੰਤਰੀ ਮੰਡਲ ਦੀ ਬੈਠਕ ਚਲ ਰਹੀ ਸੀ। ਬਾਦਲ  ਦੇ ਆਉਣ  ਕਾਰਨ ਮੰਤਰੀ ਮੰਡਲ ਦੀ ਮੀਟਿੰਗ ਵੀ ਛੇਤੀ ਖ਼ਤਮ ਕਰ ਦਿਤੀ ਗਈ।