ਚੀਫ਼ ਖ਼ਾਲਸਾ ਦੀਵਾਨ: ਧਾਰਮਕ ਬਿਰਤੀ ਵਾਲੇ ਉਮੀਦਵਾਰਾਂ ਨੂੰ ਕਾਮਯਾਬ ਕਰੋ: ਸਰਨਾ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ, ਦੀਵਾਨ ਤੇ ਸਿਆਸਤਦਾਨਾਂ ਦਾ ਕਬਜ਼ਾ ਹੋਣ ਨਾਲ ਸੰਗਠਨ ਦੇ ਕਿਰਦਾਰ ਨੂੰ ਢਾਹ ਲੱਗੀ

Sarna

ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਚੀਫ਼ ਖ਼ਾਲਸਾ ਦੀਵਾਨ ਦੀ ਹੋ ਰਹੀ ਜ਼ਿਮਨੀ ਚੋਣ ਵਿਚ ਧਾਰਮਕ ਬਿਰਤੀ ਵਾਲੇ ਉਮੀਦਵਾਰਾਂ ਨੂੰ ਹੀ ਕਾਮਯਾਬ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਸ ਵਿਅਕਤੀ ਨੂੰ ਹੀ ਵੋਟ ਪਾਉਣ ਜਿਹੜਾ ਪੂਰੀ ਤਰਾਂ ਨਿਰੋਲ ਧਾਰਮਿਕ ਤੇ ਦੀਵਾਨ ਦੇ ਹਿਤਾਂ ਦੀ ਰਖਿਆ ਕਰਨ ਦੀ ਸਮੱਰਥਾ ਰਖਦਾ ਹੋਵੇ। ਸਰਨਾ ਨੇ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਸਿੱਖ ਪੰਥ ਦੀ ਇਕ ਧਾਰਮਕ ਤੇ ਵਿਦਿਅਕ ਸੰਸਥਾ ਹੈ ਅਤੇ ਇਸ ਸੰਸਥਾ ਨੇ ਹੁਣ ਤਕ ਬਹੁਤ ਸਾਰੇ ਅਜਿਹੇ ਵਿਦਿਆਰਥੀ ਪੈਦਾ ਕੀਤੇ ਹਨ ਜਿਹੜੇ ਦੇਸ਼ਾਂ ਵਿਦੇਸ਼ਾਂ ਵਿਚ ਸੰਸਥਾ ਦਾ ਨਾਂ ਉੱਚਾ ਕਰ ਰਹੇ ਹਨ ਪਰ ਪਿਛਲੇ ਕਰੀਬ ਇਕ ਦਹਾਕੇ ਤੋਂ ਇਹ ਸੰਸਥਾ ਦੇ ਸਿਆਸਤਦਾਨਾਂ ਦੇ ਕਬਜ਼ੇ ਵਿਚ ਆਉਣ ਕਾਰਨ ਇਸ ਦੇ ਕਿਰਦਾਰ ਨੂੰ ਕਾਫ਼ੀ ਢਾਹ ਲੱਗੀ ਹੈ।

ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੱਢਾ ਦੇ ਕਾਲ ਸਮੇਂ ਇਸ ਸੰਸਥਾ ਵਿਚ ਸਿਆਸਤਦਾਨਾਂ  ਤੇ ਕਿਰਦਾਰਹੀਣ  ਵਿਅਕਤੀਆ ਦਾ ਜੰਮਘਟਾ ਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ ਇਸ ਸੰਸਥਾ ਦੇ ਪ੍ਰਧਾਨ ਤੇ ਹੋਰ ਆਹੇਦਦਾਰਾਂ ਦੀ ਅਕਸਰ ਚੋਣ ਸਰਬਸੰਮਤੀ ਨਾਲ ਹੁੰਦੀ ਰਹੀ ਹੈ ਪਰ ਇਸ ਵਾਰੀ ਜਿਸ ਤਰੀਕੇ ਨਾਲ ਚੋਣ ਹੋ ਰਹੀ ਹੈ ਉਸ ਨੇ ਦੀਵਾਨ ਦੇ ਵਕਾਰ ਕਾਫ਼ੀ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਇਕ ਧੜੇ ਦੀ ਪੁਸ਼ਤਪਨਾਹੀ ਨਹੀਂ ਕਰਦੇ ਪਰ ਦੀਵਾਨ ਦੇ ਸਮੂਹ ਮੈਂਬਰਾਂ ਨੂੰ ਅਪੀਲ ਕਰਦੇ ਹਨ ਕਿ ਉਹ ਦੀਵਾਨ ਦੀਆਂ ਕਦਰਾਂ ਕੀਮਤਾਂ ਨੂੰ ਮੁੱਖ ਰਖਦੇ ਹੋਏ ਉਨ੍ਹਾਂ ਉਮੀਦਵਾਰਾਂ ਨੂੰ ਹੀ ਵੋਟਾਂ ਪਾ ਕੇ ਕਾਮਯਾਬ ਕਰਨ ਜਿਹੜੇ ਨਿਰੋਲ ਧਾਰਮਕ ਬਿਰਤੀ ਵਾਲੇ ਤੇ ਦੀਵਾਨ ਦੀ ਸੇਵਾ ਨੂੰ ਸਮਰਪਤ ਹੋਣ।