ਚਰਚਿਤ ਕਿਤਾਬ 'ਗੁਰਬਿਲਾਸ ਪਾਤਸ਼ਾਹੀ ਛੇਵੀਂ' ਦਾ ਮਾਮਲਾ
ਬਡੂੰਗਰ, ਵੇਦਾਂਤੀ ਸਮੇਤ ਕਈਆਂ ਨੂੰ ਨੋਟਿਸ, ਪੇਸ਼ੀ 12 ਅਪ੍ਰੈਲ ਨੂੰ
ਸਿੱਖ ਗੁਰਦਵਾਰਾ ਜ਼ੁਡੀਸ਼ੀਅਲ ਕਮਿਸ਼ਨ ਨੇ ਚਰਚਿਤ ਕਿਤਾਬ 'ਗੁਰਬਿਲਾਸ ਪਾਤਸ਼ਾਹੀ ਛੇਵੀਂ' ਦੇ ਗੰਭੀਰ ਮਸਲੇ 'ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ, ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਜੋਗਿੰਦਰ ਸਿੰਘ ਵੇਦਾਂਤੀ, ਗਿ. ਕੇਵਲ ਸਿੰਘ, ਪ੍ਰੋ. ਮਨਜੀਤ ਸਿੰਘ, ਸਾਬਕਾ ਕੁਲਪਤੀ ਹਰਭਜਨ ਸਿੰਘ ਸੋਚ, ਗਿ. ਜਸਵੰਤ ਸਿੰਘ ਭੂਰਾ ਕੋਹਨਾ, ਸਾਬਕਾ ਸਕੱਤਰ ਸੁਖਦੇਵ ਸਿੰਘ ਭੌਰ, ਮੁੱਖ ਸਕੱਤਰ ਡਾ. ਰੂਪ ਸਿੰਘ, ਦਲੀਪ ਸਿੰਘ ਮੱਲੂਨੰਗਲ, ਅਮਰਜੀਤ ਸਿੰਘ ਚਾਵਲਾ, ਪ੍ਰ: ਬਲਕਾਰ ਸਿੰਘ ਆਦਿ ਨੂੰ ਨੋਟਿਸ ਭੇਜ ਕੇ ਅਗਲੀ ਪੇਸ਼ੀ 12 ਅਪ੍ਰੈਲ ਤੈਅ ਕਰ ਦਿਤੀ ਹੈ। ਸਿੱਖ ਗੁਰਦੁਆਰਾ ਕਮਿਸ਼ਨ ਨੇ ਇਸ ਕਿਤਾਬ ਦੀ ਵਰਤੋਂ 'ਤੇ ਪਾਬੰਧੀ ਲਗਾਈ ਹੋਈ ਹੈ। ਇਹ ਜਾਣਕਾਰੀ ਪੱਤਰਕਾਰਾਂ ਨੂੰ ਦਲ ਖ਼ਾਲਸਾ ਕਿਸਾਨ ਵਿੰਗ ਦੇ ਮੁਖੀ ਬਲਦੇਵ ਸਿੰਘ ਸਿਰਸਾ, ਦਲ ਖ਼ਾਲਸਾ ਧਾਰਮਕ ਵਿੰਗ ਦੇ ਆਗੂ ਅਜੀਤ ਸਿੰਘ ਬਾਠ, ਹਰਦੀਪ ਸਿੰਘ ਨਿਮਾਣਾ ਨੇ ਦਿੰਦਿਆ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਗੁਰੁ ਇਤਿਹਾਸ ਅਤੇ ਸਿੱਖੀ ਸਿਧਾਂਤਾਂ ਦੇ ਉਲਟ ਉਕਤ ਕਿਤਾਬ ਛਪਾਈ ਹੈ। ਇਸ ਕਿਤਾਬ ਵਿਚ ਬਹੁਤ ਕੂੜ ਪ੍ਰਚਾਰ ਕੀਤਾ ਗਿਆ ਹੈ।
ਇਸ ਕਿਤਾਬ ਦੇ ਖਰੜੇ ਦਾ ਕੋਈ ਲੇਖਕ ਨਹੀਂ ਹੈ ਪਰ ਇਸ ਦੇ ਖਰੜੇ ਦੀ ਸੰਪਾਦਨਾਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਡਾ. ਅਮਰਜੀਤ ਸਿਘ ਨੇ ਕੀਤੀ ਹੈ। ਪ੍ਰਕਾਸ਼ਕ ਲੇਟ ਸੁਰਜੀਤ ਸਿੰਘ ਸਾਬਕਾ ਸਕੱਤਰ ਧਰਮ ਪ੍ਰਚਾਰ ਕਮੇਟੀ, ਛਾਪਕ ਗੋਲਡਨ ਪ੍ਰੈੱਸ, ਸ਼੍ਰੋਮਣੀ ਕਮੇਟੀ ਹੈ। ਇਹ ਕਿਤਾਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਤ ਸਾਲ 1998 'ਚ ਛਪਾਈ ਗਈ ਹੈ। ਇਸ ਕਿਤਾਬ ਦੀ ਸ਼ਲਾਘਾ ਕਰਨ ਵਾਲਿਆਂ ਵਿਚ ਭਾਈ ਰਣਜੀਤ ਸਿੰਘ ਤੇ ਡਾ. ਹਰਭਜਨ ਸਿੰਘ ਸੋਚ ਤੇ ਹੋਰ ਸ਼ਖ਼ਸੀਅਤਾਂ ਹਨ। ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਇਸ ਕਿਤਾਬ ਸਬੰਧੀ ਪਹਿਲਾਂ ਕਾਨੂੰਨੀ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਪਰ ਕਈ ਜਵਾਬ ਨਾ ਮਿਲਣ ਤੇ ਅੱੱਜ ਗੁਰਦਵਾਰਾ ਜ਼ੁਡੀਸ਼ੀਅਲ ਕਮਿਸ਼ਨ ਵਿਚ ਕੇਸ ਦਾਇਰ ਕਰਨ 'ਤੇ ਉਕਤ ਨੂੰ ਕੋਰਟ ਵਲੋਂ ਨੋਟਿਸ ਕੀਤਾ ਗਿਆ ਹੈ। ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਸਿੱਖ ਕੌਮ ਨੂੰ ਸੇਧ ਦੇਣ ਵਾਲੇ ਖ਼ੁਦ ਹੀ ਕੁਰਾਹੇ ਪਏ ਹਨ।