ਪੁਲਸੀਆ ਅਤਿਆਚਾਰ ਦੇ ਪੀੜਤਾਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਸੁਣਾਏ ਦੁਖੜੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬੇਅਦਬੀ ਕਾਂਡ ਅਤੇ ਉਸ ਤੋਂ ਬਾਅਦ ਵਾਪਰੇ ਪੁਲਸੀਆ ਅਤਿਆਚਾਰ ਦੀਆਂ ਘਟਨਾਵਾਂ ਦੀ ਜਾਂਚ ਲਈ ਕੈਪਟਨ ਸਰਕਾਰ ਵਲੋਂ ਨਿਯੁਕਤ ਕੀਤੇ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਟੀਮ..

Ranjit Singh Commission

ਕੋਟਕਪੂਰਾ, 17 ਅਗਸਤ (ਗੁਰਿੰਦਰ ਸਿੰਘ): ਬੇਅਦਬੀ ਕਾਂਡ ਅਤੇ ਉਸ ਤੋਂ ਬਾਅਦ ਵਾਪਰੇ ਪੁਲਸੀਆ ਅਤਿਆਚਾਰ ਦੀਆਂ ਘਟਨਾਵਾਂ ਦੀ ਜਾਂਚ ਲਈ ਕੈਪਟਨ ਸਰਕਾਰ ਵਲੋਂ ਨਿਯੁਕਤ ਕੀਤੇ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਟੀਮ ਨੇ ਬੀਤੇ ਕਲ ਸਥਾਨਕ ਬੱਤੀਆਂ ਵਾਲੇ ਚੌਕ ਅਰਥਾਤ ਗੋਲੀਕਾਂਡ ਵਾਲੀ ਥਾਂ ਦਾ ਮੁਆਇਨਾ ਕਰਦਿਆਂ ਉਥੇ ਹਾਜ਼ਰ ਲੋਕਾਂ ਤੋਂ ਘਟਨਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਸੀ।
ਪੁਲਸੀਆ ਅਤਿਆਚਾਰ ਦਾ ਸ਼ਿਕਾਰ ਹੋਏ ਨੌਜਵਾਨ ਗਗਨਦੀਪ ਸਿੰਘ ਡਿੰਪਲ ਤੇ ਉਸ ਦੀ ਮਾਤਾ ਹਰਬੰਸ ਕੌਰ ਨੇ ਦਸਿਆ ਕਿ ਪੁਲਿਸ ਨੇ 14 ਅਕਤੂਬਰ 2015 ਵਾਲੀ ਸਵੇਰ ਵੇਲੇ ਅਤਿਆਚਾਰ ਕਰਨ ਮੌਕੇ ਜਲਿਆਂਵਾਲਾ ਬਾਗ ਦੀ ਘਟਨਾ ਨੂੰ ਪਿੱਛੇ ਛੱਡ ਦਿਤਾ ਕਿਉਂਕਿ ਕੁੱਟ-ਕੁੱਟ ਕੇ ਅਧਮੋਇਆ ਕਰਨ ਦੇ ਬਾਵਜੂਦ ਇਲਾਜ ਨਾ ਕਰਾਉਣ ਦੇ ਡਰਾਵੇ ਦੇਣੇ ਸ਼ੁਰੂ ਕਰ ਦਿਤੇ ਕਿ ਜੇ ਕੋਟਕਪੂਰੇ 'ਚ ਇਲਾਜ ਕਰਵਾਇਆ ਤਾਂ ਗਗਨਦੀਪ 'ਤੇ ਪੁਲਿਸ ਕੇਸ ਬਣਾ ਕੇ ਉਸ ਨੂੰ ਜੇਲ ਭੇਜ ਦਿਤਾ ਜਾਵੇਗਾ। ਜਸਟਿਸ ਰਣਜੀਤ ਸਿੰਘ ਦੇ ਨਾਲ ਪ੍ਰੀਜ਼ਾਈਡਿੰਗ ਅਫ਼ਸਰ ਅੰਗਰੇਜ ਸਿੰਘ ਰੰਧਾਵਾ, ਰਜਿਸਟਰਾਰ ਜੇ.ਪੀ. ਮਹਿਮੀ ਅਤੇ ਉਪ ਮੰਡਲ ਮੈਜਿਸਟ੍ਰੇਟ ਡਾ. ਮਨਦੀਪ ਕੌਰ ਸਮੇਤ ਪੁਲਿਸ ਪ੍ਰਸ਼ਾਸਨ ਦੇ ਉਚ ਅਧਿਕਾਰੀ ਵੀ ਸਨ।
ਅੱਜ ਦੂਜੇ ਦਿਨ ਪਿੰਡ ਬਹਿਬਲ ਖੁਰਦ (ਨਿਆਮੀਵਾਲਾ) ਵਿਖੇ ਜਸਟਿਸ ਰਣਜੀਤ ਸਿੰਘ ਨੂੰ ਮਿਲਣ ਲਈ ਪੁੱਜੇ ਸ਼ਹੀਦ ਕ੍ਰਿਸ਼ਨ ਨਿਆਮੀਵਾਲਾ ਦੇ ਬੇਟੇ ਸੁਖਰਾਜ ਸਿੰਘ, ਬੇਅੰਤ ਸਿੰਘ ਪੁੱਤਰ ਫ਼ੂਲਚੰਦ ਵਾਸੀ ਕੋਟਕਪੂਰਾ, ਗੁਰਜੰਟ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਸਮਾਲਸਰ, ਜਸਵਿੰਦਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਸਾਹੋਕੇ, ਰਣਜੀਤ ਸਿੰਘ ਪੁੱਤਰ ਗੋਬਿੰਦ ਸਿੰਘ ਵਾਸੀ ਵਾਂਦਰ ਡੋਡ, ਰਮਨਦੀਪ ਸਿੰਘ ਭੰਗਚਿੜੀ, ਸ਼ਿੰਗਾਰਾ ਸਿੰਘ ਜਥੇਦਾਰ, ਕਮਿੱਕਰ ਸਿੰਘ, ਜਸਵੀਰ ਸਿੰਘ ਆਦਿ ਨੇ ਦੱਸਿਆ ਕਿ ਸ਼ਾਂਤਮਈ ਧਰਨਾ ਦੇ ਰਹੀਆਂ ਅਤੇ ਸਿਮਰਨ ਕਰਦੀਆਂ ਸੰਗਤ ਉਪਰ 14 ਅਕਤੂਬਰ 2015 ਨੂੰ ਸਵੇਰੇ ਕਰੀਬ 6 ਵਜੇ ਪੁਲਿਸ ਨੇ ਅਚਾਨਕ ਪਾਣੀ ਦੀਆਂ ਵਾਛੜਾਂ, ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਛੱਡ ਦਿਤੇ ਜਦ ਸੰਗਤ ਨੇ ਵਿਰੋਧ ਕੀਤਾ ਤਾਂ ਥਾਣੇ 'ਚ ਜਾਣ ਉਪ੍ਰੰਤ ਪੁਲਿਸ ਨੇ ਵਾਪਸ ਆਉਂਦਿਆਂ ਹੀ ਫ਼ਾਇਰਿੰਗ ਸ਼ੁਰੂ ਕਰ ਦਿਤੀ। ਭੱਜੇ ਜਾਂਦੇ ਨੌਜਵਾਨਾਂ, ਬਜ਼ੁਰਗਾਂ ਤੇ ਬੱਚਿਆਂ ਨੂੰ ਘੇਰ-ਘੇਰ ਕੇ ਕੁਟਿਆ,  ਇਸ ਬਾਰੇ ਪੀੜਤ ਖ਼ੁਦ ਅਤੇ ਸ਼ਹੀਦਾਂ ਦੇ ਵਾਰਸ ਜਸਟਿਸ ਜੋਰਾ ਸਿੰਘ ਕਮਿਸ਼ਨ ਅਤੇ ਜਸਟਿਸ ਕਾਟਜੂ ਦੀ ਅਗਵਾਈ ਵਾਲੀ ਪੀਪਲਜ ਕਮਿਸ਼ਨ ਦੀ ਟੀਮ ਨੂੰ ਬਕਾਇਦਾ ਹਲਫ਼ੀਆ ਬਿਆਨ ਸੌਂਪ ਚੁੱਕੇ ਹਨ।
ਮਾਤਾ ਹਰਬੰਸ ਕੌਰ ਤੇ ਉਸ ਦੇ ਨੌਜਵਾਨ ਪੁੱਤਰ ਗਗਨਦੀਪ ਸਿੰਘ ਦੀ ਪੁਲਸਿਆ ਤਸ਼ੱਦਦ ਵਾਲੀ ਕਹਾਣੀ ਦਿਲਕੰਬਾਊ ਹੈ ਕਿਉਂਕਿ ਗਗਨਦੀਪ ਨੇ ਜਸਟਿਸ ਰਣਜੀਤ ਸਿੰਘ ਨੂੰ ਦਿਤੇ ਬਿਆਨਾਂ 'ਚ ਦਸਿਆ ਕਿ ਉਸ ਵਲੋਂ ਵਾਰ-ਵਾਰ ਤਰਲੇ ਕਰਨ ਦੇ ਬਾਵਜੂਦ ਕਿ ਉਹ ਤਾਂ ਲੰਗਰ ਦੀ ਡਿਊਟੀ ਨਿਭਾਅ ਰਿਹਾ ਸੀ, ਪੁਲਿਸ ਨੇ ਬੇਤਹਾਸ਼ਾ ਕੁੱਟਿਆ ਅਤੇ ਕੁੱਟ-ਕੁੱਟ ਕੇ ਬੇਹੋਸ਼ ਕਰ ਦਿਤਾ। ਉਸ ਦੀ ਜੇਬ 'ਚ ਸੰਗਤ ਵਲੋਂ ਦਿਤੀ 15 ਤੋਂ 20 ਹਜ਼ਾਰ ਰੁਪਏ ਦੇ ਕਰੀਬ ਰਕਮ ਵੀ ਪੁਲਿਸ ਨੇ ਕੱਢ ਲਈ ਅਤੇ ਮੋਬਾਈਲ ਵੀ ਖੋਹ ਲਿਆ। ਦੁਖੀ ਹਾਲਤ 'ਚ ਮਾਂ-ਪੁੱਤ ਨੇ ਦਸਿਆ ਕਿ ਉਹ 1984 'ਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਏ ਸਿੱਖ ਕਤਲੇਆਮ ਦੀਆਂ ਘਟਨਾਵਾਂ ਤੋਂ ਪੀੜਤ ਹਨ ਤੇ ਹੁਣ ਪੁਲਸੀਆ ਤਸ਼ੱਦਦ ਦੀ ਕਹਾਣੀ ਯਾਦ ਕਰਕੇ ਹੁਣ ਵੀ ਉਨਾ ਨੂੰ ਕੰਬਣੀ ਛਿੜ ਜਾਂਦੀ ਹੈ।
ਮਾਤਾ ਹਰਬੰਸ ਕੌਰ ਨੇ ਕਮਿਸ਼ਨ ਦੀ ਟੀਮ ਨੂੰ ਬਿਆਨ ਦਰਜ ਕਰਾਉਂਦਿਆਂ ਦਸਿਆ ਕਿ ਜਦ ਅਪਣੇ ਬੇਹੋਸ਼ੀ ਦੀ ਹਾਲਤ 'ਚ ਪਏ ਨੌਜਵਾਨ ਪੁੱਤਰ ਨੂੰ ਇਲਾਜ ਵਾਸਤੇ ਲਿਜਾਣ ਲਈ ਉਹ ਐਂਬੂਲੈਂਸ ਲੈ ਕੇ ਆਈ ਤਾਂ ਪੁਲਿਸ ਨੇ ਧਮਕੀ ਦਿੰਦਿਆਂ ਕਿਹਾ ਕਿ ਜੇ ਅਪਣੇ ਪੁੱਤ ਦਾ ਇਲਾਜ ਕੋਟਕਪੂਰੇ ਦੇ ਕਿਸੇ ਹਸਪਤਾਲ 'ਚੋਂ ਕਰਾਇਆ ਤਾਂ ਕੇਸ ਦਰਜ ਕਰ ਕੇ ਜੇਲ 'ਚ ਸੁੱਟ ਦਿਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਟਿਸ ਰਣਜੀਤ ਸਿੰਘ ਨੇ ਦਸਿਆ ਕਿ ਬੇਅਦਬੀ ਕਾਂਡ ਨਾਲ ਜੁੜੀਆਂ ਉਕਤ ਘਟਨਾਵਾਂ ਦੀ ਜਾਂਚ ਮੌਕੇ ਕਿਸੇ ਨਾਲ ਰਿਆਇਤ ਨਹੀਂ ਕੀਤੀ ਜਾਵੇਗੀ।