ਵਿਸਾਖੀ ਮੌਕੇ ਕੇਂਦਰ ਸਰਕਾਰ ਨੇ ਸਿੱਖ ਸੰਗਤਾਂ ਨੂੰ ਪਾਕਿਸਤਾਨ ਜਾਣ ਦੀ ਦਿੱਤੀ ਇਜਾਜ਼ਤ
ਸਿੱਖ ਸੰਗਤਾਂ 12 ਐਪ੍ਰਲ ਤੋਂ 21 ਐਪ੍ਰਲ ਦੌਰਾਨ ਪਾਕਿਸਤਾਨ ਦਾ ਦੌਰਾ ਕਰਨਗੀਆਂ।
ਚੰਡੀਗੜ੍ਹ: ਵਿਸਾਖੀ ਮੌਕੇ ਸਿੱਖ ਸੰਗਤਾਂ ਨੂੰ ਵੱਡੀ ਖੁਸ਼ਖਬਰੀ ਮਿਲੀ ਹੈ। ਕੇਂਦਰ ਸਰਕਾਰ ਨੇ ਸਿੱਖ ਸੰਗਤਾਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਦੱਸ ਦੇਈਏ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਵਿਸ਼ੇਸ਼ ਹਦਾਇਤਾਂ ਨਾਲ ਇਹ ਇਜਾਜ਼ਤ ਦਿੱਤੀ ਹੈ। ਸਿੱਖ ਸੰਗਤਾਂ 12 ਐਪ੍ਰਲ ਤੋਂ 21 ਐਪ੍ਰਲ ਦੌਰਾਨ ਪਾਕਿਸਤਾਨ ਦਾ ਦੌਰਾ ਕਰਨਗੀਆਂ। 14 ਐਪ੍ਰਲ ਨੂੰ ਸਿੱਖ ਸੰਗਤਾਂ ਸ੍ਰੀ ਪੰਜਾ ਸਾਹਿਬ ਵਿਖੇ ਹੋਣ ਵਾਲੇ ਵਿਸ਼ੇਸ਼ ਸਮਾਗਮ 'ਚ ਵੀ ਹਿੱਸਾ ਲੈਣਗੇ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਫਰਵਰੀ ਵਿਚ ਕੇਂਦਰ ਸਰਕਾਰ ਨੇ ਕੋਰੋਨਾ ਦਾ ਹਵਾਲਾ ਦਿੰਦੇ ਹੋਏ ਸਿੱਖ ਜਥੇ ‘ਤੇ ਪਾਕਿਸਤਾਨ ਜਾਣ ‘ਤੇ ਰੋਕ ਲਗਾ ਦਿੱਤੀ ਸੀ। ਉਸ ਵਕਤ ਕੋਰੋਨਾ ਦਾ ਦੂਜਾ ਪੜਾਅ ਪੰਜਾਬ ਵਿੱਚ ਸ਼ੁਰੂ ਹੋਇਆ ਸੀ ਅਤੇ ਬਹੁਤ ਘੱਟ ਕੇਸ ਸਾਹਮਣੇ ਆ ਰਹੇ ਸਨ। ਹੁਣ ਹਰ ਰੋਜ਼ 35 ਤੋਂ ਵੱਧ ਮੌਤਾਂ ਅਤੇ 2000 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।
ਗੌਰਤਲਬ ਹੈ ਕਿ ਵਿਸਾਖੀ ਦੇ ਤਿਉਹਾਰ ਦਾ ਮੁੱਖ ਸਮਾਗਮ 14 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਹੋਵੇਗਾ ਅਤੇ ਉਸ ਤੋਂ ਬਾਅਦ ਸਿੱਖ ਜਥਾ ਸੜਕ ਰਾਹੀਂ ਗੁਰਦੁਆਰਾ ਨਨਕਾਣਾ ਸਾਹਿਬ ਲਈ ਰਵਾਨਾ ਹੋਵੇਗਾ। 15 ਅਪ੍ਰੈਲ ਨੂੰ ਇਹ ਜਥਾ ਸ੍ਰੀ ਨਨਕਾਣਾ ਸਾਹਿਬ ਵਿਖੇ ਸਥਿਤ ਗੁਰਧਾਮਾਂ ਦੇ ਦਰਸ਼ਨ ਕਰੇਗਾ ਅਤੇ 16 ਨੂੰ ਇਹ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨ ਕਰੇਗਾ ਅਤੇ ਉਸੇ ਦਿਨ ਵਾਪਸ ਨਨਕਾਣਾ ਸਾਹਿਬ ਪਰਤੇਗਾ। 17 ਅਪ੍ਰੈਲ ਨੂੰ ਇਹ ਜਥਾ ਸ੍ਰੀ ਨਨਕਾਣਾ ਸਾਹਿਬ ਤੋਂ ਲਾਹੌਰ ਦੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਲਈ ਰਵਾਨਾ ਹੋਵੇਗਾ।