ਆਨੰਦ ਮੈਰਿਜ ਐਕਟ ਦਿੱਲੀ 'ਚ ਲਾਗੂ, ਸਿਖਾਂ ਨੇ ਕੇਜਰੀਵਾਲ ਦਾ ਕੀਤਾ ਧੰਨਵਾਦ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਹੁਣ ਆਨੰਦ ਮੈਰਿਜ ਐਕਟ ਅਧੀਨ ਸਰਟੀਫ਼ੀਕੇਟ ਜਾਰੀ ਹੋਣ ਨਾਲ ਸਿੱਖਾਂ ਦੀਆਂ ਔਕੜਾਂ ਦੇ ਹੱਲ ਹੋ ਜਾਣਗੇ।

arvind kejriwal

ਨਵੀਂ ਦਿੱਲੀ, (ਅਮਨਦੀਪ ਸਿੰਘ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਆਨੰਦ ਮੈਰਿਜ ਐਕਟ ਲਾਗੂ ਹੋਣ ਲਈ ਸਿੱਖਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿੱਖਾਂ ਦੀ ਇਹ ਚਿਰੋਕਣੀ ਮੰਗ ਬਹੁਤ ਪਹਿਲਾਂ ਹੀ ਪੂਰੀ ਹੋਣ ਜਾਣੀ ਚਾਹੀਦੀ ਸੀ।
ਬੀਤੀ ਸ਼ਾਮ ਇਥੋਂ ਦੇ ਦਿੱਲੀ ਹਾਟ, ਜਨਕਪੁਰੀ ਦੇ ਆਡੀਟੋਰੀਅਮ ਵਿਖੇ ਨਿਰਵੈਰ ਸਿੱਖ ਸੁਸਾਇਟੀ ਵਲੋਂ ਸਿੱਖ ਫ਼ੋਰਮ ਤੇ ਵੋਇਸ ਆਫ਼ ਵੋਇਸ ਲੈਸ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਵਿਚ ਆਨੰਦ ਮੈਰਿਜ ਐਕਟ ਲਾਗੂ ਕਰਨ ਲਈ ਕੇਜਰੀਵਾਲ ਸਰਕਾਰ ਦਾ ਧਨਵਾਦ ਕੀਤਾ ਗਿਆ। ਤਕਰੀਬਨ ਇਕ ਹਜ਼ਾਰ ਸਿੱਖਾਂ ਦੇ ਇਕੱਠ ਨੂੰ ਮੁਖਾਤਬ ਹੁੰਦੇ ਹੋਏ ਕੇਜਰੀਵਾਲ ਨੇ 'ਬੋਲੇ ਸੋ ਨਿਹਾਲ' ਨਾਲ ਅਪਣੀ ਤਕਰੀਰ ਸ਼ੁਰੂ ਕੀਤੀ ਤੇ ਭਾਰਤ ਵਿਚ ਬਣੇ ਹੋਏ ਫ਼ਿਰਕੂ ਕੁੜੱਤਣ ਦੇ ਮਾਹੌਲ 'ਤੇ ਡੂੰਘੀ ਚਿੰਤਾ ਪ੍ਰਗਟਾਈ ਤੇ ਕਿਹਾ, “ਸਾਡਾ ਦੇਸ਼ ਸਾਰੇ ਧਰਮਾਂ, ਜਾਤਾਂ ਤੇ ਸਭਿਆਚਾਰਾਂ ਦਾ ਸਾਂਝਾ ਦੇਸ਼ ਹੈ, ਇਹੀ ਇਸ ਦੀ ਵਿਲੱਖਣਤਾ ਹੈ। ਇਸ ਸਾਂਝ ਨੂੰ ਕਾਇਮ ਰੱਖਣਾ ਸਾਡਾ ਸਾਰਿਆਂ ਦਾ ਫ਼ਰਜ਼ ਹੈ। ਇਸੇ ਤਰ੍ਹਾਂ ਫ਼ਿਰਕੂ ਤਾਕਤਾਂ ਤੇ ਸਿਆਸੀ ਪਾਰਟੀਆਂ ਨੂੰ ਪਛਾੜਿਆ ਜਾ ਸਕਦਾ ਹੈ।'' 
ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਕਿਹਾ ਕਿ ਪਹਿਲਾਂ ਵਿਦੇਸ਼ਾਂ ਵਿਚ ਜਾਣ ਵਾਲੇ ਸਿੱਖਾਂ ਨੂੰ ਹਿੰਦੂ ਮੈਰਿਜ ਐਕਟ ਅਧੀਨ ਸਰਟੀਫ਼ੀਕੇਟ ਮਿਲਣ ਕਾਰਨ ਉਨ੍ਹਾਂ ਨੂੰ ਔਕੜ ਆਉਂਦੀ ਸੀ, ਪਰ ਹੁਣ ਆਨੰਦ ਮੈਰਿਜ ਐਕਟ ਅਧੀਨ ਸਰਟੀਫ਼ੀਕੇਟ ਜਾਰੀ ਹੋਣ ਨਾਲ ਸਿੱਖਾਂ ਦੀਆਂ ਔਕੜਾਂ ਦੇ ਹੱਲ ਹੋ ਜਾਣਗੇ।
ਦਿੱਲੀ ਦੇ ਕਾਨੂੰਨ ਮੰਤਰੀ ਅਸ਼ੋਕ ਗਹਿਲੋਤ ਸਣੇ ਸਿੱਖ ਵਿਧਾਇਕ ਸ.ਅਵਤਾਰ ਸਿੰਘ ਕਾਲਕਾ, ਸ.ਜਰਨੈਲ ਸਿੰਘ ਤਿਲਕ ਨਗਰ ਤੋਂ ਇਲਾਵਾ ਵਿਧਾਇਕ ਰਾਜੇਸ਼ ਰਿਸ਼ੀ, ਦਿੱਲੀ ਘੱਟ-ਗਿਣਤੀ ਕਮਿਸ਼ਨ ਦੇ ਚੇਅਰਮੈਨ ਡਾ.ਜ਼ਫ਼ਰਉੱਲ ਇਸਲਾਮ ਖ਼ਾਨ,  ਨਿਰਵੈਰ ਸਿੱਖ ਸੁਸਾਇਟੀ ਦੇ ਪ੍ਰਧਾਨ ਸ.ਅਜੀਤਪਾਲ ਸਿੰਘ ਬਿੰਦਰਾ, ਵੋਇਸ ਆਫ਼ ਵੋਇਸ ਲੈੱਸ ਦੇ ਸ.ਦਰਸ਼ਨ ਸਿੰਘ ਤੇ ਹੋਰ ਸ਼ਾਮਲ ਹੋਏ। ਇਸ ਮੌਕੇ ਸਭਿਆਚਾਰਕ ਸਮਾਗਮ ਤੇ ਗੁਰਬਾਣੀ ਕੀਰਤਨ ਵੀ ਹੋਇਆ। ਭਾਈ ਤਾਰੂ ਸਿੰਘ ਬਾਰੇ ਐਨੀਮੇਸ਼ਨ ਫ਼ਿਲ਼ਮ ਬਣਾਉੇਣ ਵਾਲੇ ਵਿਸਮਾਦ ਜਥੇਬੰਦੀ ਦੇ ਮੁਖੀ ਸ.ਸੁਖਵਿੰਦਰ ਸਿੰਘ ਵੀ ਪੁੱਜੇ ਹੋਏ ਸਨ।