ਪਾਕਿ 'ਚ ਖ਼ਾਲਸੇ ਦਾ ਸਾਜਨਾ ਦਿਵਸ ਮਨਾ ਕੇ ਜਥਾ ਭਾਰਤ ਪਰਤਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

 ਪਾਕਿਸਤਾਨ ਵਿਖੇ ਵਿਸਾਖੀ ਦੇ ਸ਼ੁਭ ਦਿਹਾੜੇ 'ਤੇ ਖ਼ਾਲਸੇ ਦਾ ਸਾਜਨਾ ਦਿਵਸ ਧੂਮ-ਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾ ਕੇ ਸਿੱਖ ਸ਼ਰਧਾਲੂਆਂ ਦਾ ਜਥਾ ਸਵਦੇਸ਼ ਪਰਤ ਆਇਆ

sikh jatha

ਅੰਮ੍ਰਿਤਸਰ, (ਸੁਖਵਿੰਦਰਜੀਤ ਸਿੰਘ ਬਹੋੜੂ):  ਪਾਕਿਸਤਾਨ ਵਿਖੇ ਵਿਸਾਖੀ ਦੇ ਸ਼ੁਭ ਦਿਹਾੜੇ 'ਤੇ ਖ਼ਾਲਸੇ ਦਾ ਸਾਜਨਾ ਦਿਵਸ ਧੂਮ-ਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾ ਕੇ ਸਿੱਖ ਸ਼ਰਧਾਲੂਆਂ ਦਾ ਜਥਾ ਸਵਦੇਸ਼ ਪਰਤ ਆਇਆ। ਪਾਕਿ ਤੋਂ ਸਪੈਸ਼ਲ ਟਰੇਨ ਰੇਲਵੇ ਸਟੇਸ਼ਨ 'ਤੇ ਪਹੁੰਚੀ ਤਾਂ ਸ਼ਰਧਾਲੂਆਂ ਵਲੋਂ ਬੋਲੇ-ਸੋ-ਨਿਹਾਲ ਦੇ ਜੈਕਾਰਿਆਂ ਨਾਲ ਅੰਤਰਰਾਸ਼ਟਰੀ ਅਟਾਰੀ ਰੇਲਵੇ ਸਟੇਸ਼ਨ ਗੂੰਜ ਉਠਿਆ। ਜਥੇ ਦੀ ਸਹੂਲਤ ਲਈ ਕਸਟਮ, ਇੰਮੀਗ੍ਰੇਸ਼ਨ, ਜੀਆਰਪੀ, ਆਰਪੀਐਫ਼ ਅਤੇ ਸੁਰੱਖਿਆ ਏਜੰਸੀਆਂ ਨੇ ਪੁਖ਼ਤਾ ਇੰਤਜ਼ਾਮ ਕੀਤੇ ਹੋਏ ਸਨ ਤਾਂ ਕਿ ਸ਼ਰਧਾਲੂਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। 
ਕਸਟਮ ਵਿਭਾਗ ਦੇ ਅਧਿਕਾਰੀ ਵੱਡੀ ਗਿਣਤੀ 'ਚ ਮੌਜੂਦ ਸਨ ਅਤੇ ਪਾਸਪੋਰਟ ਦੀ ਚੈਕਿੰਗ, ਲੋੜੀਂਦੀ ਕਾਗ਼ਜ਼ੀ ਕਾਰਵਾਈ ਅਤੇ ਸਮਾਨ ਦੀ ਬਾਰੀਕੀ ਨਾਲ ਚੈਕਿੰਗ ਕਰਨ ਉਪਰੰਤ ਜਲਦੀ ਤੋਂ ਜਲਦੀ ਕਲੀਅਰ ਕਰ ਰਹੇ ਸਨ। ਐਸ.ਜੀ.ਪੀ.ਸੀ ਮੈਂਬਰ ਅਤੇ ਜਥੇ ਦੇ ਮੁਖੀ ਗੁਰਮੀਤ ਸਿੰਘ ਬੂਹ ਦਾ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਉ ਦੇ ਕੇ ਸੁਆਗਤ ਕੀਤਾ। ਪਿਛਲੇ ਦਿਨੀਂ 1796 ਸਿੱਖ ਸ਼ਰਧਾਲੂ ਪਾਕਿ ਰਵਾਨਾ ਹੋਏ ਸਨ ਪਰ ਜਥੇ ਨਾਲ ਗਈ ਔਰਤ ਨੇ ਪਾਕਿ 'ਚ ਕਿਸੇ ਮੁਸਲਮਾਨ ਨਾਲ ਨਿਕਾਹ ਰਚਾ ਲਿਆ ਜਿਸ ਕਾਰਨ 1795 ਸ਼ਰਧਾਲੂ ਭਾਰਤ ਪਰਤੇ ਹਨ। ਜਥੇ ਨਾਲ ਆਈ ਮਹਿਲਾ ਕੁਲਦੀਪ ਕੌਰ ਵਾਲੀਆ ਵਾਸੀ ਦਿੱਲੀ ਨੇ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕਿ ਸਿੱਖ ਜਥੇ ਨਾਲ ਜਾ ਕੇ ਉਸ ਔਰਤ ਨੇ ਮੁਸਲਮਾਨ ਧਰਮ ਅਪਣਾ ਲਿਆ ਹੈ ਜੋ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਉਕਤ ਔਰਤ ਨੇ ਦੁਨੀਆਂ ਭਰ 'ਚ ਬਦਨਾਮੀ ਕਰਵਾਈ ਹੈ। ਸਾਰੇ ਸ਼ਰਧਾਲੂ ਉਸ ਦੀ ਨਿੰਦਾ ਕਰ ਰਹੇ ਸਨ। 
ਦਸਣਯੋਗ ਹੈ ਕਿ ਹੁਸ਼ਿਆਰਪੁਰ ਜ਼ਿਲ੍ਹਾ ਅਧੀਨ ਆਉਂਦੇ ਪਿੰਡ ਗੜ੍ਹਸ਼ੰਕਰ ਦੀ ਕਿਰਨਬਾਲਾ (30) ਦੀ ਫੇਸਬੁੱਕ ਰਾਹੀਂ ਆਜ਼ਮ ਮੁਹੰਮਦ ਹੁਸੈਨ ਵਾਸੀ ਲਾਹੌਰ ਨਾਲ ਦੋਸਤੀ ਚਲ ਰਹੀ ਸੀ ਅਤੇ ਉਨ੍ਹਾਂ ਵਿਚਕਾਰ ਵਿਸਾਖੀ ਮੌਕੇ ਪਾਕਿ 'ਚ ਇਕੱਠੇ ਹੋ ਕੇ ਨਿਕਾਹ ਰਚਾਉਣ ਦੀ ਗੱਲਬਾਤ ਹੋਈ ਸੀ ਅਤੇ ਦੋਵੇਂ ਇਕ-ਦੂਜੇ ਦੇ ਸੰਪਰਕ 'ਚ ਸਨ, ਜਿਥੇ ਬਜ਼ਾਰ ਵਿਚੋਂ ਮੁਸਲਮਾਨ ਆਜ਼ਮ ਮੁਹੰਮਦ ਹੁਸੈਨ ਉਸ ਨੂੰ ਗੁਪਤ ਸਥਾਨ 'ਤੇ ਲੈ ਗਿਆ ਅਤੇ ਨਿਕਾਹ ਰਚਾ ਕੇ ਦੋਵੇਂ ਇਕ-ਦੂਜੇ ਦੇ ਹੋ ਗਏ। ਸਨਿਚਰਵਾਰ ਕਿਰਨ ਬਾਲਾ ਦੀ ਜਥੇ ਨਾਲ ਭਾਰਤ ਪਹੁੰਚਣ ਦੀ ਖ਼ਬਰ ਝੂਠੀ ਹੋ ਗਈ ਹੈ। ਪਾਕਿ ਤੋਂ ਆਏ ਇਕ ਵਿਅਕਤੀ ਨੇ ਦਸਿਆ ਕਿ ਕਿਰਨ ਬਾਲਾ ਅਤੇ ਉਸ ਨਾਲ ਨਿਕਾਹ ਰਚਾਉਣ ਵਾਲਾ ਅਦਾਲਤ 'ਚ ਪੇਸ਼ ਹੋਏ ਜਿਥੇ ਉਸ ਔਰਤ ਨੂੰ ਤਿੰਨ ਦਿਨ ਦਾ ਰਾਹਤ ਮਿਲ ਗਈ ਹੈ। ਕਿਰਨ ਬਾਲਾ 3 ਦਿਨ ਤੋਂ ਬਾਅਦ ਅਦਾਲਤ ਤੋਂ ਹੋਰ ਰਾਹਤ ਲੈਣ ਲਈ ਅਪੀਲ ਕਰ ਸਕਦੀ ਹੈ।