ਫ਼ਿਲਮ 'ਨਾਨਕ ਸ਼ਾਹ ਫ਼ਕੀਰ' ਸਬੰਧੀ ਬਣਾਈ ਸਬ-ਕਮੇਟੀ ਨੂੰ 'ਜਥੇਦਾਰ' ਤੁਰਤ ਤਲਬ ਕਰੇ : ਬੰਡਾਲਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰੂ ਨਾਨਕ ਸਾਹਿਬ ਅਤੇ ਆਮ ਜਿਹੀ ਔਰਤ ਜੋ ਸਿੱਖੀ ਸਿਧਾਂਤਾਂ ਤੋਂ ਬਿਲਕੁਲ ਦੂਰ ਹੋਵੇ, ਨੂੰ ਮਾਤਾ ਤ੍ਰਿਪਤਾ ਤੇ ਬੇਬੇ ਨਾਨਕੀ ਬਣਾਇਆ ਜਾਵੇਗਾ।

nanak shah fakir

ਅੰਮ੍ਰਿਤਸਰ, (ਸੁਖਵਿੰਦਰਜੀਤ ਸਿੰਘ ਬਹੋੜੂ): ਦਮਦਮੀ ਟਕਸਾਲ ਤਾਲਮੇਲ ਕਮੇਟੀ ਦੇ ਬੁਲਾਰੇ ਭਾਈ ਗੁਰਨਾਮ ਸਿੰਘ ਬੰਡਾਲਾ ਨੇ ਮੀਟਿੰਗ ਉਪਰੰਤ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸਪੱਸ਼ਟ ਸ਼ਬਦਾਂ ਵਿਚ ਜ਼ੋਰ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਫ਼ਿਲਮ 'ਨਾਨਕ ਸ਼ਾਹ ਫ਼ਕੀਰ' ਸਬੰਧੀ ਬਣਾਈ ਸਬ-ਕਮੇਟੀ ਜਿਸ ਨੇ ਗੁਰੂ ਘਰ ਦੇ ਪੈਸੇ ਨਾਲ 10 ਦਿਨ ਬੰਬੇ ਦੇ ਹੋਟਲਾਂ ਵਿਚ ਐਸ਼ ਕੀਤੀ ਤੇ ਫ਼ਿਲਮ ਨੂੰ ਵੇਖ ਕੇ ਮਨਜ਼ੂਰੀ ਦਿਤੀ ਸੀ, ਨੂੰ ਤਲਬ ਕਰ ਕੇ ਸਿੱਖੀ 'ਚੋਂ ਖ਼ਾਰਜ ਕੀਤਾ ਜਾਵੇ ਕਿਉਂਕਿ ਇਹ ਸਬ-ਕਮੇਟੀ ਕੌਮ ਦੀ ਵੱਡੀ ਦੁਸ਼ਮਣ ਹੈ ਜਿਸ ਨੇ ਫ਼ਿਲਮ 'ਨਾਨਕ ਸ਼ਾਹ ਫ਼ਕੀਰ' ਨੂੰ ਮਨਜ਼ੂਰੀ ਦਿਤੀ। 
ਅੱਜ ਤੋਂ 20 ਸਾਲ ਪਹਿਲਾਂ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਮਾਨ੍ਹ ਸਿੰਘ ਝੌਰ ਨੇ ਕਿਹਾ ਸੀ ਕਿ ਛੇਤੀ ਹੀ ਸ਼੍ਰੋਮਣੀ ਕਮੇਟੀ ਆਮ ਜਿਹੇ ਮਰਦ ਨੂੰ ਗੁਰੂ ਨਾਨਕ ਸਾਹਿਬ ਅਤੇ ਆਮ ਜਿਹੀ ਔਰਤ ਜੋ ਸਿੱਖੀ ਸਿਧਾਂਤਾਂ ਤੋਂ ਬਿਲਕੁਲ ਦੂਰ ਹੋਵੇ, ਨੂੰ ਮਾਤਾ ਤ੍ਰਿਪਤਾ ਤੇ ਬੇਬੇ ਨਾਨਕੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਫ਼ਿਲਮ ਦਾ ਮਾਲਕ ਉਨਾ ਦੋਸ਼ੀ ਨਹੀਂ ਜਿੰਨਾ ਕਿ ਸ਼੍ਰੋਮਣੀ ਕਮੇਟੀ ਦਾ ਟੋਲਾ ਦੋਸ਼ੀ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਸ਼੍ਰੋਮਣੀ ਕਮੇਟੀ ਅਕਾਲ ਤਖ਼ਤ ਸਾਹਿਬ ਨੂੰ ਇਕ ਸਿਆਸੀ ਦਫ਼ਤਰ ਬਣਾ ਕੇ ਬੈਠੀ ਹੈ। ਉਨ੍ਹਾਂ ਕਿਹਾ ਕਿ ਕੁੱਝ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦੇ ਗ਼ੈਰ-ਜ਼ਿੰਮੇਰਾਨਾ ਵਤੀਰੇ ਨਾਲ ਸਿੱਖ ਪੰਥ ਦੀ ਸਿਰਮੌਰ ਸੰਸਥਾ ਨੂੰ ਢਾਅ ਲੱਗਦੀ ਹੈ। ਬਾਬਾ ਬੰਡਾਲਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਨ ਕਰ ਕੇ ਸ਼੍ਰੋਮਣੀ ਕਮੇਟੀ ਤੋਂ ਸੰਗਤਾਂ ਦਾ ਵਿਸ਼ਵਾਸ ਉਠਦਾ ਜਾ ਰਿਹਾ ਹੈ।