ਬਾਬੇ ਨਾਨਕ ਦੇ 550ਵੇਂ ਜਨਮ ਪੁਰਬ ਤੋਂ ਪਹਿਲਾਂ 'ਉੱਚਾ ਦਰ' ਸ਼ੁਰੂ ਕਰਨ ਸਬੰਧੀ ਮੀਟਿੰਗਾਂ ਦਾ ਦੌਰ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਯੁੱਗ ਪੁਰਸ਼ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਪੁਰਬ ਤੋਂ ਪਹਿਲਾਂ 'ਉੱਚਾ ਦਰ ਬਾਬੇ ਨਾਨਕ ਦਾ' ਮਿਉਜ਼ੀਅਮ ਸ਼ੁਰੂ ਕਰਨ ਸਬੰਧੀ ਮੀਟਿੰਗ ਦਾ ਸਿਲਸਿਲਾ ਆਰੰਭ ਦਿਤਾ ਗਿਆ ਹੈ। 

meeting

ਕੋਟਕਪੂਰਾ, (ਗੁਰਮੀਤ ਸਿੰਘ ਮੀਤਾ) : ਯੁੱਗ ਪੁਰਸ਼ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਪੁਰਬ ਤੋਂ ਪਹਿਲਾਂ 'ਉੱਚਾ ਦਰ ਬਾਬੇ ਨਾਨਕ ਦਾ' ਮਿਉਜ਼ੀਅਮ ਸ਼ੁਰੂ ਕਰਨ ਸਬੰਧੀ ਮੀਟਿੰਗ ਦਾ ਸਿਲਸਿਲਾ ਆਰੰਭ ਦਿਤਾ ਗਿਆ ਹੈ। 
'ਉੱਚਾ ਦਰ' ਦੀ ਗਵਰਨਿੰਗ ਕੌਂਸਲ ਦੇ ਮੈਂਬਰ ਅਤੇ ਏਕਸ ਕੇ ਬਾਰਕ ਦੇ ਕਨਵੀਨਰ ਬਲਵਿੰਦਰ ਸਿੰਘ ਮਿਸ਼ਨਰੀ ਨੇ ਸਥਾਨਕ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਵਿਖੇ ਸੈਮੀਨਾਰ ਲਾਉਂਦਿਆਂ ਜਿਥੇ ਹਾਜ਼ਰੀਨ ਦੇ ਸਵਾਲਾਂ ਦੇ ਜਵਾਬ ਦਿਤੇ, ਉਥੇ ਦਸਿਆ ਕਿ ਜਨਵਰੀ 1994 'ਚ ਸ਼ੁਰੂ ਕੀਤੇ ਗਏ ਰਸਾਲੇ ਮਾਸਿਕ ਸਪੋਕਸਮੈਨ ਅਤੇ 1 ਦਸੰਬਰ 2005 ਤੋਂ ਸ਼ੁਰੂ ਹੋਏ ਰੋਜ਼ਾਨਾ ਸਪੋਕਸਮੈਨ ਨੇ ਪੱਤਰਕਾਰਤਾ ਦੇ ਖੇਤਰ 'ਚ ਨਵੇਂ ਮੀਲ ਪੱਥਰ ਗੱਡਦਿਆਂ ਇਤਿਹਾਸਕ ਪੈੜਾਂ ਪਾਉਣ ਦਾ ਮਾਣ ਹਾਸਲ ਕੀਤਾ। ਪੰਜਾਬ, ਪੰਜਾਬੀ, ਪੰਜਾਬੀਅਤ ਦੇ ਖੇਤਰ 'ਚ ਸੇਵਾਵਾਂ ਨਿਭਾਉਣ ਤੋਂ ਇਲਾਵਾ ਅੰਧ-ਵਿਸ਼ਵਾਸ਼, ਕਰਮ-ਕਾਂਡ ਅਤੇ ਡੇਰਾਵਾਦ ਵਿਰੁਧ ਅਜਿਹੀ ਮੁਹਿੰਮ ਚਲਾਈ ਕਿ ਪੁਜਾਰੀਵਾਦ ਨੂੰ ਭਾਜੜਾਂ ਪੈ ਗਈਆਂ। ਉਨ੍ਹਾਂ ਦਸਿਆ ਕਿ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਨੇ ਅਮਰੀਕਾ ਦੇ ਯੂਨੀਵਰਸਲ ਸਟੂਡੀਉ ਦੇ ਮੈਨੇਜਰ ਅਤੇ ਇੰਜੀਨੀਅਰ ਨਾਲ ਗੱਲ ਕਰਨ ਤੋਂ ਬਾਅਦ ਦਸ ਹਜ਼ਾਰ ਲਾਈਫ਼, ਸਰਪ੍ਰਸਤ, ਮੁੱਖ ਸਰਪ੍ਰਸਤ, ਗਵਰਨਿੰਗ ਕੌਂਸਲ ਦੇ ਮੈਂਬਰ ਬਣਾਉਣ ਦਾ ਟੀਚਾ ਮਿਥਿਆ ਸੀ ਤੇ ਹੁਣ 15 ਮਈ ਤਕ ਮੈਂਬਰ ਬਣਨ ਵਾਲਿਆਂ ਨੂੰ ਚੰਦਿਆਂ 'ਚ ਵਿਸ਼ੇਸ਼ ਰਿਆਇਤ ਦੇਣ ਦਾ ਐਲਾਨ ਕੀਤਾ ਹੈ, ਇਸ ਤੋਂ ਇਲਾਵਾ ਮੈਂਬਰਸ਼ਿਪ 2 ਜਾਂ 3 ਕਿਸ਼ਤਾਂ 'ਚ ਪੈਸੇ ਜਮ੍ਹਾਂ ਕਰਾ ਕੇ ਵੀ ਲਈ ਜਾ ਸਕਦੀ ਹੈ। ਉਨ੍ਹਾਂ ਤਖ਼ਤਾਂ ਦੇ ਜਥੇਦਾਰਾਂ ਦੇ ਫ਼ਤਵੇ, ਸਿੱਖੀ ਦੇ ਨਿਆਰੇਪਣ, ਗੁਰਬਾਣੀ ਦੇ ਗ਼ਲਤ ਅਰਥਾਂ ਦੀ ਸਾਜ਼ਸ਼ ਸਮੇਤ ਹੋਰਨਾਂ ਅਨੇਕਾਂ ਚੁਨੌਤੀਆਂ ਦਾ ਜ਼ਿਕਰ ਕਰਦਿਆਂ ਦਸਿਆ ਕਿ 'Àੁੱਚਾ ਦਰ' ਵਿਖੇ ਹਿੰਦੂ, ਮੁਸਲਿਮ, ਸਿੱਖ, ਈਸਾਈ, ਜੈਨੀ, ਬੋਧੀ, ਪਾਰਸੀ ਅਤੇ ਯਹੂਦੀ ਸਮੇਤ ਹਰ ਫ਼ਿਰਕੇ ਨਾਲ ਸਬੰਧਤ ਵਿਅਕਤੀ ਦੇ ਸਵਾਲਾਂ ਦਾ ਜਵਾਬ ਦੇਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ। 
ਭਾਈ ਬਲਵਿੰਦਰ ਮਿਸ਼ਨਰੀ ਨੇ ਬਾਬੇ ਨਾਨਕ ਦਾ ਜਨਮ ਪੁਰਬ ਵਿਸਾਖ 'ਚ ਮਨਾਉਣ ਅਤੇ ਦੇਸ਼ ਵਿਦੇਸ਼ ਦੀਆਂ ਸੰਸਥਾਵਾਂ, ਜਥੇਬੰਦੀਆਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਲੰਗਰਾਂ 'ਚ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਦਾ ਪ੍ਰਸ਼ਾਦ ਵਰਤਾਉਣ ਦੀ ਪਿਰਤ ਪਾਉਣ ਵਾਲੀ 'ਉੱਚਾ ਦਰ' ਦੀ ਪਹਿਲਕਦਮੀ ਤੋਂ ਵੀ ਜਾਣੂ ਕਰਵਾਇਆ। ਇਸ ਤੋਂ ਪਹਿਲਾਂ ਗੁਰਿੰਦਰ ਸਿੰਘ ਕੋਟਕਪੂਰਾ ਨੇ ਰੋਜ਼ਾਨਾ ਸਪੋਕਸਮੈਨ ਦੀ ਸ਼ੁਰੂਆਤ ਤੋਂ ਪਹਿਲਾਂ ਅਤੇ ਬਾਅਦ 'ਚ ਦੁਸ਼ਮਣ ਤਾਕਤਾਂ ਵਲੋਂ ਕੀਤੇ ਗਏ ਕੂੜ ਪ੍ਰਚਾਰ, ਸ. ਜੋਗਿੰਦਰ ਸਿੰਘ ਸਪੋਕਸਮੈਨ ਨਾਲ ਕੀਤੀ ਗਈ ਅਤੇ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਵਿਸਥਾਰ ਸਹਿਤ ਵਰਨਣ ਕੀਤਾ। ਐਸਬੀਆਈ ਦੇ ਚੀਫ਼ ਮੈਨੇਜਰ ਜਸਵੰਤ ਸਿੰਘ ਨੇ ਬਹੁਤ ਜਲਦ ਮੈਂਬਰਸ਼ਿਪ ਲੈਣ ਦੀ ਹਾਮੀ ਭਰੀ। ਪ੍ਰਿੰਸੀਪਲ ਰੁਲੀਆ ਸਿੰਘ ਸਿੱਧੂ ਨੇ ਕੁੱਝ ਸੁਝਾਅ ਦਿਤੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮੈਨੇਜਰ ਗੁਰਦੀਪ ਸਿੰਘ, ਕੈਪਟਨ ਜਰਨੈਲ ਸਿੰਘ ਮਾਨ, ਹਾਕਮ ਸਿੰਘ, ਮਾ. ਰਾਜ ਸਿੰਘ, ਕੁਲਵੰਤ ਸਿੰਘ ਖਹਿਰਾ, ਨਛੱਤਰ ਸਿੰਘ, ਮੁਕੰਦ ਸਿੰਘ ਅਤੇ ਅਵਤਾਰ ਸਿੰਘ ਸਮੇਤ ਹੋਰ ਵੀ ਪਤਵੰਤੇ ਹਾਜ਼ਰ ਸਨ।