ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਮਨਾਇਆ ਕੌਮਾਂਤਰੀ ਗਤਕਾ ਦਿਹਾੜਾ
ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਵਲੋਂ ਹਰ.......
ਅੰਮ੍ਰਿਤਸਰ : ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਵਲੋਂ ਹਰ ਸਾਲ 21 ਜੂਨ ਨੂੰ ਯੋਗਾ ਦਿਵਸ ਦੇ ਉਲਟ ਕੌਮਾਂਤਰੀ ਗਤਕਾ ਦਿਹਾੜਾ ਮਨਾਉਣ ਸਬੰਧੀ ਕੌਮ ਨੂੰ ਦਿਤੇ ਸੰਦੇਸ਼ 'ਤੇ ਪਹਿਰਾ ਦਿੰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਕੌਮਾਂਤਰੀ ਗਤਕਾ ਖਿਡਾਰਨ ਬੀਬੀ ਜਗਰੂਪ ਕੌਰ ਨੇ ਹੁਸ਼ਿਆਰਪੁਰ ਸਥਿਤ ਗੁਰਦੁਆਰਾ ਵੱਡੀ ਬੋਹੜ ਨੇੜੇ ਕੌਮਾਂਤਰੀ ਗਤਕਾ ਦਿਹਾੜਾ ਮਨਾਇਆ।
ਇਸ ਮੌਕੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ਼ਸਤਰ ਵਿਦਿਆ ਸਿੱਖ ਕੌਮ ਦਾ ਅਹਿਮ ਅੰਗ ਹੈ ਅਤੇ ਸਿੱਖ ਅਤੇ ਸ਼ਸਤਰ ਦਾ ਬਹੁਤ ਗੂੜ੍ਹਾ ਰਿਸ਼ਤਾ ਹੈ। ਸਿੱਖ ਧਰਮ ਅੰਦਰ ਭਗਤੀ ਤੇ ਸ਼ਕਤੀ, ਬਾਣੀ ਤੇ ਬਾਣਾ, ਸੰਤ ਤੇ ਸਿਪਾਹੀ ਦਾ ਵਿਧਾਨ ਗੁਰੂ ਪਾਤਸ਼ਾਹ ਨੇ ਹੀ ਸਿਰਜਿਆ ਹੈ। ਉਨ੍ਹਾਂ ਕਿਹਾ ਕਿ ਹਿੰਦੂਆਂ ਦੇ ਯੋਗਾ ਦਿਵਸ ਨਾਲ ਸਾਡਾ ਕੋਈ ਸਬੰਧ ਨਹੀਂ, ਇਸੇ ਲਈ ਸਿੱਖ ਕੌਮ ਨੇ ਯੋਗਾ ਦਿਵਸ ਨੂੰ ਨਕਾਰ ਕੇ ਦੇਸ਼ਾਂ-ਵਿਦੇਸ਼ਾਂ ਵਿਚ ਗਤਕਾ ਦਿਹਾੜਾ ਮਨਾਇਆ ਹੈ। ਉਨ੍ਹਾਂ ਕਿਹਾ ਕਿ ਸਾਡਾ ਗ੍ਰੰਥ, ਪੰਥ, ਇਤਿਹਾਸ, ਸਭਿਆਚਾਰ, ਬੋਲੀ, ਪਹਿਰਾਵਾ, ਖਾਣ-ਪੀਣ, ਰਹਿਣ-ਸਹਿਣ, ਧਰਮ ਅਸਥਾਨ ਅਤੇ ਸ਼ਹੀਦ ਭਾਵ ਸਭ ਕੁਝ ਹਿੰਦੂਆਂ ਨਾਲੋਂ ਵਖਰਾ ਹੈ।