ਅਕਾਲੀ ਦਲ ਮਾਨ ਵਲੋਂ ਗੁਰਸੇਵਕ ਅਤੇ ਮਨਿੰਦਰ ਦਾ ਸੋਨੇ ਦੇ ਤਮਗ਼ੇ ਨਾਲ ਸਨਮਾਨ ਕਰਨ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਰਗਾੜੀ ਵਿਖੇ ਗੁਰਸੇਵਕ ਤੇ ਮਨਿੰਦਰ ਦੀ ਚੜ੍ਹਦੀ ਕਲਾ ਲਈ ਕੀਤੀ ਗਈ ਅਰਦਾਸ

Akali Dal Mann announcement of honoring Gursewak and Maninder with the gold medal

ਕੋਟਕਪੂਰਾ : ਇਕ ਪਾਸੇ ਨਾਭਾ ਜੇਲ 'ਚ ਮਾਰੇ ਗਏ ਡੇਰਾ ਪ੍ਰੇਮੀ ਮਹਿੰਦਰਪਾਲ ਉਰਫ਼ ਬਿੱਟੂ ਮਨਚੰਦਾ ਦੇ ਅੰਤਮ ਸਸਕਾਰ ਨੂੰ ਲੈ ਕੇ ਪ੍ਰ੍ਰਸ਼ਾਸਨਿਕ ਅਧਿਕਾਰੀ ਚਿੰਤਾ 'ਚ ਹਨ ਅਤੇ ਪੰਜਾਬ ਸਰਕਾਰ ਵਲੋਂ ਬਿੱਟੂ ਮਨਚੰਦਾ ਨੂੰ ਕਤਲ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ ਪਰ ਦੂਜੇ ਪਾਸੇ ਬਿੱਟੂ ਮਨਚੰਦਾ ਦਾ ਕਤਲ ਕਰਨ ਵਾਲੇ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਨੂੰ ਕੌਮ ਦੇ ਯੋਧੇ ਦਾ ਖ਼ਿਤਾਬ ਦੇ ਕੇ ਅਕਾਲੀ ਦਲ ਮਾਨ ਨੇ ਸੋਨੇ ਦੇ ਤਮਗ਼ੇ ਨਾਲ ਸਨਮਾਨਤ ਕਰਨ ਦਾ ਐਲਾਨ ਕੀਤਾ ਹੈ। 

ਅੱਜ ਬਰਗਾੜੀ ਦੇ ਗੁਰਦਵਾਰਾ ਪਾਤਸ਼ਾਹੀ ਦਸਵੀਂ ਵਿਖੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਗੁਰਸੇਵਕ ਸਿੰਘ ਤੇ ਮਨਿੰਦਰ ਸਿੰਘ ਦੀ ਚੜ੍ਹਦੀ ਕਲਾ ਲਈ ਅਰਦਾਸ-ਬੇਨਤੀ ਕੀਤੀ ਅਤੇ ਅਕਾਲੀ ਦਲ ਮਾਨ ਦੇ ਆਗੂਆਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸੁਰਜੀਤ ਸਿੰਘ ਅਰਾਂਈਆਂ, ਇਕਬਾਲ ਸਿੰਘ ਬਰੀਵਾਲਾ ਆਦਿ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦੇ ਮੁੱਖ ਦੋਸ਼ੀ ਮਹਿੰਦਰਪਾਲ ਬਿੱਟੂ ਨੂੰ ਸਬਕ ਸਿਖਾ ਕੇ ਉਕਤ ਯੋਧਿਆਂ ਨੇ ਜਿਥੇ ਅਪਣਾ ਨਾਮ ਸਿੱਖ ਇਤਿਹਾਸ 'ਚ ਸੁਨਹਿਰੀ ਅੱਖਰਾਂ 'ਚ ਲਿਖਾਉਣ ਦਾ ਮਾਹੌਲ ਤਿਆਰ ਕਰ ਲਿਆ ਹੈ, ਉੱਥੇ ਉਨ੍ਹਾਂ ਖ਼ਾਲਸਾ ਪੰਥ ਦਾ ਸਿਰ ਵੀ ਉੱਚਾ ਕੀਤਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ-ਏ-ਮੌਤ ਦੇਣ ਦੀਆਂ ਉਦਾਹਰਣਾਂ ਸਿੱਖ ਇਤਿਹਾਸ 'ਚ ਅੱਜ ਵੀ ਦਰਜ ਹਨ।

ਉਨ੍ਹਾਂ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਦੇ ਕੇਸ ਦੀ ਪੈਰਵਾਈ ਲਈ ਵਕੀਲਾਂ ਦਾ ਪ੍ਰਬੰਧ ਕਰਨ ਸਮੇਤ ਹਰ ਤਰ੍ਹਾਂ ਦੀ ਮਦਦ ਦਾ ਵਾਅਦਾ ਵੀ ਕੀਤਾ। ਨਾਭਾ ਜੇਲ 'ਚ ਬੰਦ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਨੂੰ ਅਪਣੇ ਗਰੁਪ ਦਾ ਹੋਣ ਦਾ ਦਾਅਵਾ ਕਰਨ ਵਾਲੇ ਗੈਂਗਸਟਰਾਂ ਦਿਲਪ੍ਰੀਤ ਸਿੰਘ ਬਾਬਾ ਗਰੁਪ ਅਤੇ ਦਵਿੰਦਰ ਬੰਬੀਹਾ ਗਰੁਪ ਨੇ ਜੇਲ 'ਚ ਗੁਰਸੇਵਕ ਜਾਂ ਮਨਿੰਦਰ ਨਾਲ ਜਿਆਦਤੀ ਕਰਨ ਵਾਲੇ ਜੇਲ ਪ੍ਰਸ਼ਾਸਨ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਵੀ ਦਿਤੀ ਹੈ।