ਗੁਰੂ ਗ੍ਰੰਥ ਸਾਹਿਬ ਵਿਖੇ ‘ਸੁਖਮਨਾ’ ਸਾਹਿਬ ਨਾਂਅ ਦੀ ਕੋਈ ਬਾਣੀ ਨਹੀਂ ਹੈ : ਗਿਆਨੀ ਜਾਚਕ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

‘ਹੋਮ ਜਪਾ ਨਹੀ ਜਾਣਿਆ ਗੁਰਮਤੀ ਸਾਚੁ ਪਛਾਣੁ॥’ (ਪੰਨਾ 992) ਦਾ ਉਪਦੇਸ਼ ਦੇਣ ਵਾਲੇ ਗੁਰੂ ਗ੍ਰੰਥ ਸਾਹਿਬ ਵਿਖੇ

Giani Jagtar Singh Jachak

ਕੋਟਕਪੂਰਾ, 22 ਜੁਲਾਈ (ਗੁਰਿੰਦਰ ਸਿੰਘ) : ‘ਹੋਮ ਜਪਾ ਨਹੀ ਜਾਣਿਆ ਗੁਰਮਤੀ ਸਾਚੁ ਪਛਾਣੁ॥’ (ਪੰਨਾ 992) ਦਾ ਉਪਦੇਸ਼ ਦੇਣ ਵਾਲੇ ਗੁਰੂ ਗ੍ਰੰਥ ਸਾਹਿਬ ਵਿਖੇ ‘ਹਵਨ (ਹੋਮ) ਦੀ ਬਾਣੀ’ ਤੇ ‘ਹਵਨ ਸਮੱਗਰੀ’ ਦੀ ਜਾਣਕਾਰੀ ਹੋਣ ਦੀ ਗੱਲ ਤਾਂ ਕੋਈ ਵੀ ਵਿਅਕਤੀ ਪ੍ਰਵਾਨ ਨਹੀਂ ਕਰ ਸਕਦਾ ਕਿਉਂਕਿ ਅਜਿਹਾ ਬਿਪਰਵਾਦੀ ਵੇਰਵਾ ਤੇ ਵਰਤਾਰਾ ਗੁਰਮਤਿ ਸਿਧਾਂਤਾਂ ਦੇ ਬਿਲਕੁਲ ਉਲਟ ਹੈ ਪਰ ਇਹ ਵੀ ਇਕ ਸੱਚ ਹੈ ਕਿ ‘ਅੰਮ੍ਰਿਤ ਦੀ ਬਾਣੀ’ ਤੇ ‘ਸੁਖਮਨਾ ਸਾਹਿਬ’ ਨਾਂਅ ਦਾ ਵੀ ਕੋਈ ਸਿਰਲੇਖ ਨਹੀਂ ਹੈ। ਭਾਵ, ‘ਸੁਖਮਨਾ’ ਸਾਹਿਬ ਨਾਂਅ ਦੀ ਕੋਈ ਬਾਣੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਨਹੀਂ ਹੈ। ਇਸ ਪ੍ਰਕਾਰ ਦੀ ਮਨਮਰਜ਼ੀ ਵਾਲੇ ਸਿਰਲੇਖ ਦੇ ਕੇ ਗੁਟਕੇ ਛਾਪਣੇ ਤੇ ਛਪਾਉਣੇ ਭਾਰੀ ਭੁਲ ਹੀ ਨਹੀਂ ਬਲਕਿ ਅਪਰਾਧ ਹੈ। 

ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਨਿਊਯਾਰਕ ਤੋਂ ਉਪਰੋਕਤ ਜਾਣਕਾਰੀ ਭੇਜਦਿਆਂ ਇਹ ਵੀ ਲਿਖਿਆ ਹੈ ਕਿ ‘ਗੁਰਮਤਿ ਪ੍ਰਚਾਰ ਜਥਾ ਭਿੰਡਰਾਂ’ ਦੇ ਮੁਖੀ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਵੇਲੇ ਤੋਂ ਹੀ ਉਨ੍ਹਾਂ ਦੇ ਵਿਦਿਆਰਥੀਆਂ ਦੁਆਰਾ ‘ਸੁਖਮਨਾ ਸਾਹਿਬ’ ਨਾਂਅ ਦੀ ਬਾਣੀ ਨੂੰ ਪ੍ਰਚਾਰਿਆ ਜਾ ਰਿਹਾ ਹੈ।

ਗਿਆਨੀ ਕਰਤਾਰ ਸਿੰਘ ‘ਖ਼ਾਲਸਾ’ ਨੇ ‘ਗੁਰਮਤਿ ਪ੍ਰਚਾਰ ਜਥਾ ਭਿੰਡਰਾ’ ਨੂੰ ‘ਦਮਦਮੀ ਟਕਸਾਲ (ਜਥਾ ਭਿੰਡਰਾ) ਮਹਿਤਾ’ ਦਾ ਨਾਂਅ ਦਿਤਾ ਤੇ ਇਸ ਜਥੇ ਵਲੋਂ ਛਾਪੇ ‘ਸੁੰਦਰ ਗੁਟਕੇ’ ’ਚ ‘ਸੁਖਮਨਾ ਸਾਹਿਬ’ ਦੇ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਦੇ ਰਾਗ ਬਿਲਾਵਲ, ਨਟ, ਕਾਨੜਾ ਤੇ ਕਲਿਆਣ ਅੰਦਰਲੀਆਂ ਮਹਲਾ 4 ਦੁਆਰਾ ਉਚਾਰਣ ਕੀਤੀਆਂ 24 ਅਸਟਪਦੀਆਂ ਦਾ ਸੰਗ੍ਰਹਿ ਛਾਪਿਆ ਜਾ ਰਿਹਾ ਹੈ। ਕੁੱਝ ਸੰਪਰਦਾਈ ਗੁਟਕਿਆਂ ’ਚ ਇਸ ਨਾਲ ‘ਦੁਖਭੰਜਨੀ ਸਾਹਿਬ’ ਨਾਂਅ ਦਾ ਸੰਗ੍ਰਹਿ ਵੀ ਛਪ ਰਿਹਾ ਹੈ।

ਭਾਈ ਜਰਨੈਲ ਸਿੰਘ ਦਮਦਮੀ ਟਕਸਾਲ ਵਾਲੇ ਨੇ ‘ਸੁਖਮਨਾ ਸਾਹਿਬ ਤੇ ਡਖਣੇ ਕੀ ਵਾਰ’ ਨਾਂਅ ਦੀ ਇਕ ਸੀਡੀ ਰੀਕਾਰਡ ਕਰਵਾਈ ਹੈ ਜਿਸ ਨੂੰ 2008 ਤੋਂ ਗੁਲਸ਼ਨ ਕੁਮਾਰ ਦਿੱਲੀ ਦੀ ‘ਟੀ ਸੀਰੀਜ਼’ ਕੰਪਨੀ ਵਲੋਂ ਵੇਚਿਆ ਜਾ ਰਿਹਾ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਮਹਾਨਕੋਸ਼ ’ਚ ‘ਸੁਖਮਨਾ’ ਨਾਂਅ ਦੇ ਸੰਗ੍ਰਹਿ ਨੂੰ ਗੁਰਬਾਣੀ ਪ੍ਰੇਮੀਆਂ ਦੀ ਮਨੌਤ ਮੰਨਿਆ ਹੈ ਨਾ ਕਿ ਗੁਰੂ ਕ੍ਰਿਤ। ਗਿ. ਕਾਬਲ ਸਿੰਘ ਹਜ਼ੂਰ ਸਾਹਿਬ ਵਾਲੇ ਵਲੋਂ ‘ਸੰਸਾਹਰ ਸੁਖਮਨਾ ਪਾਤਸ਼ਾਹੀ 10’ ਨਾਂ ਦੀ ਸੀਡੀ ਰੀਕਾਰਡ ਕਰਵਾਈ ਹੈ, ਜਿਸ ਪ੍ਰਤੀ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਰਚਨਾ ਬਚਿਤ੍ਰ ਨਾਟਕ (ਦਸਮ ਗ੍ਰੰਥ) ਦੀ ਪਟਨਾ ਸਾਹਿਬ ਦੇ ਗ੍ਰੰਥੀ ਭਾਈ ਸੁੱਖਾ ਸਿੰਘ ਦੁਆਰਾ ਲਿਖੀ ਇਕ ਖ਼ਾਸ ਬੀੜ ਦਾ ਭਾਗ ਹੈ। 

ਮਹਾਨਕੋਸ਼ ਮੁਤਾਬਕ 43 ਪਉੜੀਆਂ ਦੀ ਇਹ ਰਚਨਾ ਵੀ ਕਿਸੇ ਸਿੱਖ ਦੀ ਕ੍ਰਿਤ ਹੈ, ਗੁਰੂ ਕ੍ਰਿਤ ਨਹੀਂ। ‘ਗ੍ਰੰਥੀ ਰਾਗੀ ਪ੍ਰਚਾਰਕ ਸਭਾ ਸੰਗਰੂਰ’ ਵਲੋਂ ਉਪਰੋਕਤ ਮਸਲੇ ਦੇ ਹੱਲ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਜਾ ਚੁੱਕੀ ਹੈ। ਇਸ ਲਈ ਗੁਰਮਤਿ ਪ੍ਰਚਾਰਕ ਹੋਣ ਨਾਤੇ ਮੇਰੀ ਤਾਂ ਹੁਣ ਇਹੀ ਬੇਨਤੀ ਹੈ ਕਿ ਜੇਕਰ ਇਹ ਮਸਲਾ ਪੰਥਕ ਕਚਹਿਰੀ ’ਚ ਉਭਾਰਿਆ ਗਿਆ ਹੈ

ਤਾਂ ਇਨ੍ਹਾਂ ਸੰਪਰਦਾਈ ਗੁਟਕਿਆਂ ਸਹਾਰੇ ਬਜ਼ਾਰ ’ਚ ਛਪ ਰਹੇ ‘ਦੁਖਭੰਜਨੀ ਸਾਹਿਬ’ ‘ਸੰਕਟ ਮੋਚਨ ਸ਼ਬਦ’ ‘ਗੁਰੂ ਸ਼ਬਦ ਸਿੱਧੀ ਭੰਡਾਰ’ ਤੇ ‘ਆਰਤੀ-ਆਰਤਾ’ ਆਦਿਕ ਨਾਵਾਂ ਦੇ ਗੁਟਕਿਆਂ ਨੂੰ ਵੀ ਵਿਚਾਰ ’ਚ ਸ਼ਾਮਲ ਕਰ ਲਿਆ ਜਾਵੇ, ਕਿਉਂਕਿ ਇਹ ਸਾਰੇ ਵਾਇਆ ਹਰਿਦੁਆਰ ਤੇ ਰਿਸ਼ੀਕੇਸ਼ ਰਾਹੀਂ ਹੀ ਪੰਥਕ ਵਿਹੜੇ ਤੱਕ ਪਹੁੰਚੇ ਹਨ। ਗਿਆਨੀ ਜਗਤਾਰ ਸਿੰਘ ਜਾਚਕ ਨੇ ਪੰਥ ਨੂੰ ਦਰਪੇਸ਼ ਮੁਸ਼ਕਲਾਂ ਜਨਤਕ ਕਰਨ ਬਦਲੇ ‘ਰੋਜ਼ਾਨਾ ਸਪੋਕਸਮੈਨ’ ਦੀ ਪ੍ਰਸ਼ੰਸਾ ਕਰਦਿਆਂ ਆਖਿਆ ਕਿ ਬਿਨਾਂ ਸ਼ੱਕ ਵਰਤਮਾਨ ਸਮੇਂ ’ਚ ਰੋਜ਼ਾਨਾ ਸਪੋਕਸਮੈਨ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਮੰਨਿਆ ਜਾ ਸਕਦਾ ਹੈ।