ਹੁਣ ਨਵੀਨਤਮ ਤਕਨੀਕ ਨਾਲ ਰੁਕਣਗੀਆਂ ਬੇਅਦਬੀਆਂ, ਜਲੰਧਰ ਦੇ ਗੁਰਦੁਆਰਾ ਸਾਹਿਬ 'ਚ ਹੋਈ ਨਵੀਂ ਪਹਿਲ
ਕਿਸੇ ਵੀ ਸ਼ਰਾਰਤ ਦੀ ਕੋਸ਼ਿਸ਼ 'ਤੇ ਵੱਜਣਗੇ ਸਾਇਰਨ, 2 ਕਿਲੋਮੀਟਰ ਤਕ ਸੁਣਾਈ ਦੇਵੇਗੀ ਆਵਾਜ਼
ਗੁਰੂ ਘਰ ਅੰਦਰ ਲੱਗੇ ਸੈਂਸਰ ਰੱਖਣਗੇ ਪਲ-ਪਲ ਦੀ ਖ਼ਬਰ
ਗੁਰੂ ਸਾਹਿਬ ਦੇ ਸਰੂਪ ਅਗਨਭੇਟ ਹੋਣ ਤੋਂ ਬਚਾਉਣ ਲਈ ਆਧੁਨਿਕ ਤਰੀਕੇ ਨਾਲ ਤਿਆਰ ਕੀਤੀ ਗਈ ਹੈ ਪਾਲਕੀ ਸਾਹਿਬ
ਜਲੰਧਰ (ਕੋਮਲਜੀਤ ਕੌਰ, ਲੰਕੇਸ਼ ਤ੍ਰਿਖਾ) : ਗੁਰੂ ਘਰਾਂ ਅੰਦਰ ਹੋ ਰਹੀਆਂ ਬੇਅਦਬੀਆਂ ਨੂੰ ਰੋਕਣ ਲਈ ਸਿੱਖ ਸੰਗਤ ਵਲੋਂ ਪੁਰਜ਼ੋਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਜਲੰਧਰ ਦੇ ਪਿੰਡ ਪੱਤੜ ਕਲਾਂ ਵਿਖੇ ਗੁਰੂ ਘਰ ਵਿਚ ਆਧੁਨਿਕ ਤਕਨੀਕ ਦੇ ਕੈਮਰੇ ਅਤੇ ਸੈਂਸਰ ਲਗਾਏ ਗਏ ਹਨ ਜੋ ਸੰਗਤ ਰੂਪੀ ਕਿਸੇ ਵੀ ਇਨਸਾਨ ਦੇ ਗੁਰਦੁਆਰਾ ਸਾਹਿਬ ਵਿਚ ਦਾਖ਼ਲ ਹੁੰਦਿਆਂ ਹੀ ਸਾਇਰਨ ਵਜਦਾ ਹੈ ਅਤੇ ਸੇਵਾਦਾਰ ਚੌਕੰਨੇ ਹੋ ਜਾਂਦੇ ਹਨ।
ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਨੇ ਇਸ ਨਵੀਂ ਤਕਨੀਕ ਦੇ ਪ੍ਰਯੋਗ ਦਾ ਕਾਰਨ ਦਸਦਿਆਂ ਸਪੋਕਸਮੈਨ ਦੀ ਟੀਮ ਨੂੰ ਕਿਹਾ ਕਿ ਪੁਰਾਣੇ ਸਮੇਂ ਵਿਚ ਜਿਹੜੀ ਵੀ ਸੰਗਤ ਗੁਰਦੁਆਰਾ ਸਾਹਿਬ ਵਿਖੇ ਆਉਂਦੀ ਸੀ ਉਸ ਦੇ ਮਨ ਵਿਚ ਸਤਿਕਾਰ ਅਤੇ ਡਰ ਵੀ ਹੁੰਦਾ ਸੀ ਪਰ ਸਮੇਂ ਨੇ ਕਰਵਟ ਲਈ ਅਤੇ ਹੁਣ ਚੰਦ ਕੁ ਬੰਦਿਆਂ ਦੇ ਮਨਾਂ ਅੰਦਰ ਗੁਰੂ ਲਈ ਸਤਿਕਾਰ ਨਹੀਂ ਬਚਿਆ ਹੈ। ਸੰਗਤ ਦੇ ਰੂਪ ਵਿਚ ਕੋਈ ਕਿਸ ਮਨਸ਼ਾ ਨਾਲ ਗੁਰੂ ਘਰ ਅੰਦਰ ਦਾਖ਼ਲ ਹੋਇਆ ਹੈ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ ਅਤੇ ਇਸੇ ਲਈ ਹੀ ਸਾਵਧਾਨੀ ਵਰਤਦੇ ਹੋਏ ਅਜਿਹੇ ਸੁਰੱਖਿਆ ਪ੍ਰਬੰਧ ਕਰਨੇ ਸਮੇਂ ਦੀ ਲੋੜ ਹਨ।
ਗੁਰਦੁਆਰਾ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਬੀਤੇ ਸਮੇਂ ਵਿਚ ਹੋਈਆਂ ਬੇਅਦਬੀਆਂ ਦੇ ਮੱਦੇਨਜ਼ਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਕਿ ਗੁਰੂ ਘਰਾਂ ਅੰਦਰ ਕੈਮਰੇ ਲਗਵਾਏ ਜਾਣ ਪਰ ਇਸ ਕਦਮ ਨਾਲ ਵੀ ਨਾ ਤਾਂ ਬੇਅਦਬੀਆਂ ਰੁਕੀਆਂ ਅਤੇ ਨਾ ਹੀ ਗੋਲਕਾਂ ਚੋਰੀ ਹੋਣ ਤੋਂ ਬਚਾਈਆਂ ਜਾ ਸਕੀਆਂ।
ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਤਕਨੀਕ ਬਾਰੇ ਯੂ-ਟਿਊਬ ਤੋਂ ਪਤਾ ਲਗਾ ਸੀ ਜਿਸ ਮਗਰੋਂ ਉਨ੍ਹਾਂ ਨੇ ਅਪਣੇ ਨਗਰ ਵਿਚ ਇਹ ਅਗਾਂਹਵਧੂ ਤਕਨੀਕ ਲਗਾਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਦਸਿਆ ਕਿ ਗੁਰੂ ਘਰ ਵਿਚ ਲੱਗੇ ਹੂਟਰ ਬਹੁਤ ਕਿਰਿਆਸ਼ੀਲ ਹਨ। ਜੇਕਰ ਕਿਸੇ ਦਰਵਾਜ਼ੇ ਜਾਂ ਖਿੜਕੀ ਨੂੰ ਕੋਈ ਜ਼ਬਰਦਸਤੀ ਖੋਲ੍ਹਣ ਦੀ ਕੋਸ਼ਿਸ਼ ਕਰਦਾ ਹੈ ਜਾਂ ਕੋਈ ਪੰਛੀ ਵੀ ਇਸ ਨਾਲ ਟਕਰਾ ਜਾਵੇ ਤਾਂ ਇਹ ਹੂਟਰ ਵੱਜਣੇ ਸ਼ੁਰੂ ਹਨ ਜਿਨ੍ਹਾਂ ਦੀ ਆਵਾਜ਼ 2 ਕਿਲੋਮੀਟਰ ਤਕ ਸੁਣਾਈ ਦਿੰਦੀ ਹੈ। ਜੇਕਰ ਗੁਰੂ ਘਰ ਵਿਚ ਕੋਈ ਮਾੜੀ ਨੀਅਤ ਨਾਲ ਆਉਂਦਾ ਹੈ ਤਾਂ ਹੂਟਰ ਵੱਜਣ ਕਾਰਨ ਸੇਵਾਦਾਰ ਵੀ ਚੌਕਸ ਹੋ ਜਾਂਦੇ ਹਨ ਅਤੇ ਉਸ ਸ਼ਖ਼ਸ ਦਾ ਮਨਸੂਬਾ ਵੀ ਤਬਾਹ ਹੋ ਜਾਂਦਾ ਹੈ।
ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨਭੇਟ ਹੋਣ ਦੀਆਂ ਘਟਨਾਵਾਂ ਵੀ ਵਾਪਰਦੀਆਂ ਹਨ। ਇਸ ਤੋਂ ਬਚਾਅ ਲਈ ਪਾਲਕੀ ਸਾਹਿਬ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਜੇਕਰ ਦਰਬਾਰ ਦੇ ਅੰਦਰ ਧੂੰਆਂ ਆਦਿ ਹੁੰਦਾ ਹੈ ਤਾਂ ਮੰਜੀ ਸਾਹਿਬ ਅਪਣੇ ਆਪ ਉਪਰ ਉੱਠ ਜਾਵੇਗਾ ਅਤੇ ਨਾਲ ਹੀ ਉੱਚੀ ਆਵਾਜ਼ ਵਿਚ ਸਾਇਰਨ ਵਜੇਗਾ ਅਤੇ ਅਜਿਹੀ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕਦਾ ਹੈ।
ਦੱਸ ਦੇਈਏ ਕਿ ਇਹ ਕਾਢ 'ਐਨਟੈਕ ਰੀਸਰਚ ਐਂਡ ਡਿਵੈਲਪਮੈਂਟ' ਵਲੋਂ ਕੀਤੀ ਗਈ ਹੈ। ਇਸ ਮੌਕੇ ਕੰਪਨੀ ਵਲੋਂ ਗਲਬਾਤ ਕਰਦਿਆਂ ਚੰਦ ਸਿੰਘ ਡੋਡ ਨੇ ਦਸਿਆ ਕਿ ਗੁਰੂ ਘਰਾਂ ਅੰਦਰ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਕੰਪਨੀ ਦੇ ਇੰਜੀਨੀਅਰ ਪਵਿੱਤਰ ਸਿੰਘ ਵਲੋਂ ਇਹ ਉਪਰਾਲਾ ਕੀਤਾ ਗਿਆ ਹੈ। ਕੰਪਨੀ ਵਲੋਂ ਬਣਾਏ ਇਸ ਪ੍ਰਾਜੈਕਟ ਦੀ ਵਿਦੇਸ਼ਾਂ ਤਕ ਮੰਗ ਹੈ। ਉਨ੍ਹਾਂ ਦਸਿਆ ਕਿ ਮੌਜੂਦਾ ਪ੍ਰਾਜੈਕਟ ਦੀ ਲਾਗਤ ਕਰੀਬ 50 ਹਜ਼ਾਰ ਰੁਪਏ ਹੈ ਪਰ ਆਉਣ ਵਾਲੇ ਸਮੇਂ ਵਿਚ ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਕਿਫ਼ਾਇਤੀ ਪ੍ਰਾਜੈਕਟ ਤਿਆਰ ਕੀਤਾ ਜਾਵੇਗਾ ਜਿਸ ਦੀ ਲਾਗਤ ਮਹਿਜ਼ 15 ਹਜ਼ਾਰ ਰੁਪਏ ਹੋਵੇਗੀ। ਉਨ੍ਹਾਂ ਦਸਿਆ ਕਿ ਇਸ ਤਕਨੀਕ ਨਾਲ 95 ਫ਼ੀ ਸਦੀ ਸੁਰੱਖਿਆ ਯਕੀਨੀ ਬਣਾਈ ਗਈ ਹੈ।