HSGPC 'ਤੇ ਸੁਪਰੀਮ ਕੋਰਟ ਦਾ ਫ਼ੈਸਲਾ, SGPC ਪ੍ਰਧਾਨ ਧਾਮੀ ਨੇ ਸੱਦੀ ਹੰਗਾਮੀ ਬੈਠਕ 

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਛੇਤੀ ਬੁਲਾਇਆ ਜਾ ਸਕਦਾ ਹੈ ਸ਼੍ਰੋਮਣੀ ਕਮੇਟੀ ਦਾ ਜਨਰਲ ਹਾਊਸ ਇਜਲਾਸ   

SGPC


ਚੰਡੀਗੜ੍ਹ: ਸੁਪਰੀਮ ਕੋਰਟ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਐਕਟ 2014 ਨੂੰ ਪ੍ਰਮਾਣਿਤ ਕਰਨ, ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰਿਆਣਾ ਦੇ ਗੁਰਦੁਆਰਿਆਂ ਅਤੇ ਇਨ੍ਹਾਂ ਨਾਲ ਸੰਬੰਧਿਤ ਹੋਰ ਸੰਸਥਾਵਾਂ ਦੇ ਪ੍ਰਬੰਧਨ ਦਾ ਸੰਵਿਧਾਨਕ ਅਧਿਕਾਰ ਦਿੱਤੇ ਜਾਣ ਦੇ ਮੱਦੇਨਜ਼ਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਅਗਲੀ ਰਣਨੀਤੀ ਤੈਅ ਕਰਨ ਲਈ ਹੰਗਾਮੀ ਮੀਟਿੰਗ ਸੱਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਕਾਰਜਕਾਰਨੀ ਦੀ ਇਹ ਬੈਠਕ ਅੱਜ 23 ਸਤੰਬਰ 2022 ਨੂੰ ਚੰਡੀਗੜ੍ਹ ਦੇ ਕਲਗੀਧਰ ਨਿਵਾਸ ਵਿਖੇ ਸੱਦੀ ਗਈ ਹੈ। 

ਇਸ ਫ਼ੈਸਲੇ 'ਤੇ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਸੁਪਰੀਮ ਕੋਰਟ 'ਚ ਮੁੜ ਨਜ਼ਰਸਾਨੀ ਦੀ ਪਟੀਸ਼ਨ ਦਾਇਰ ਕਰਨ ਦਾ ਐਲਾਨ ਕਰ ਚੁੱਕੀ ਹੈ। ਇਸ ਮਾਮਲੇ 'ਤੇ ਕਾਨੂੰਨੀ ਰਾਏ ਲੈਣ ਲਈ ਪ੍ਰਕਿਰਿਆ ਜਾਰੀ ਹੈ, ਜਿਵੇਂ ਕਿ ਕਾਰਜਕਾਰਨੀ ਦੀ 20 ਸਤੰਬਰ ਨੂੰ ਹੋਈ ਬੈਠਕ ਵਿੱਚ ਫ਼ੈਸਲਾ ਕੀਤਾ ਗਿਆ ਸੀ।

ਧਾਮੀ ਨੇ ਦੋਸ਼ ਲਾਇਆ ਕਿ ਸਿੱਖ ਕੌਮ ਦੀਆਂ ਵਿਰੋਧੀ ਤਾਕਤਾਂ ਕੌਮ ਨੂੰ ਵੰਡਣ ’ਤੇ ਤੁਲੀਆਂ ਹੋਈਆਂ ਹਨ। ਉਨ੍ਹਾਂ ਕਿਹਾ, ''ਅਸੀਂ ਸ਼੍ਰੋਮਣੀ ਕਮੇਟੀ ਨੂੰ ਮਜ਼ਬੂਤ ਅਤੇ ਬਰਕਰਾਰ ਰੱਖਣ ਲਈ ਕਾਨੂੰਨੀ ਉਪਾਵਾਂ ਬਾਰੇ ਵੀ ਚਰਚਾ ਕਰ ਰਹੇ ਹਾਂ।"

ਸੂਤਰਾਂ ਦਾ ਕਹਿਣਾ ਹੈ ਕਿ ਕਾਰਜਕਾਰਨੀ ਮੈਂਬਰਾਂ ਦੀ ਰਾਏ ਲੈਣ ਲਈ ਸ਼੍ਰੋਮਣੀ ਕਮੇਟੀ ਦਾ ਜਨਰਲ ਹਾਊਸ ਇਜਲਾਸ ਬੁਲਾਉਣ ਬਾਰੇ ਵੀ ਕਹਿ ਸਕਦੀ ਹੈ।

ਹਾਲਾਂਕਿ ਐੱਚ.ਐੱਸ.ਜੀ.ਪੀ.ਸੀ. ਦੇ ਕਾਰਜਕਾਰੀ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਸ਼੍ਰੋਮਣੀ ਕਮੇਟੀ ਨੂੰ ਹੋਰ ਕਾਨੂੰਨੀ ਰਾਹ ਅਪਣਾਉਣ ਤੋਂ ਗ਼ੁਰੇਜ਼ ਕਰਨ, ਅਤੇ ਹਰਿਆਣਾ ਦੇ ਗੁਰਦੁਆਰਿਆਂ ਤੇ ਹੋਰ ਸੰਸਥਾਵਾਂ ਦਾ ਕਾਰਜਭਾਰ ਚਾਰਜ ਐੱਚ.ਐੱਸ.ਜੀ.ਪੀ.ਸੀ. ਨੂੰ ਸੌਂਪਣ ਲਈ ਕਹਿ ਚੁੱਕੇ ਹਨ।