ਪੂਰਨ ਬ੍ਰਹਮਗਿਆਨੀ ਅਤੇ ਕਿਰਤੀ ਗੁਰਸਿੱਖ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ 'ਤੇ ਵਿਸ਼ੇਸ਼

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਉਨ੍ਹਾਂ ਦਾ ਸਸਕਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਕੀਤਾ।

Baba Buddha ji

ਪੂਰਨ ਗੁਰਸਿੱਖ ਬਾਬਾ ਬੁੱਢਾ ਜੀ ਦਾ ਜਨਮ 22 ਅਕਤੂਬਰ, 1506 ਬਿਕ੍ਰਮੀ ਨੂੰ ਕੱਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਭਾਈ ਸੁੱਘਾ ਜੀ ਰੰਧਾਵਾ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਦੇ ਪਿਤਾ 22 ਪਿੰਡਾਂ ਦੇ ਮਾਲਕ ਸਨ। ਆਪ ਜੀ ਦੀ ਮਾਤਾ ਗੌਰਾਂ ਬਹੁਤ ਹੀ ਧਾਰਮਿਕ ਪ੍ਰਵਿਰਤੀ ਵਾਲੀ ਇਸਤਰੀ ਸੀ, ਜਿਸ ਕਰ ਕੇ ਉਨ੍ਹਾਂ ਦੀ ਧਾਰਮਿਕ ਪ੍ਰਵਿਰਤੀ ਦਾ ਪ੍ਰਭਾਵ ਬਾਬਾ ਬੁੱਢਾ ਜੀ ’ਤੇ ਵੀ ਪਿਆ।

ਮਾਪਿਆਂ ਨੇ ਬਾਬਾ ਬੁੱਢਾ ਜੀ ਦਾ ਨਾਂਅ ਅਸਲ ਵਿੱਚ ਬੂੜਾ ਰੱਖਿਆ ਸੀ। ਜਦ ਉਹ ਬਾਰਾਂ ਵਰ੍ਹਿਆਂ ਦੇ ਸਨ, ਤਦ ਗੁਰੂ ਨਾਨਕ ਦੇਵ ਜੀ ਰਮਦਾਸ ਪਿੰਡ ਦੇ ਪਾਸ ਆ ਟਿਕੇ। ਬੂੜਾ ਜੀ ਮੱਝਾਂ ਚਾਰਦੇ ਉੱਥੇ ਆ ਗਏ ਅਤੇ ਉਨ੍ਹਾਂ ਗੁਰੂ ਜੀ ਦਾ ਉਪਦੇਸ਼ ਸੁਣਿਆ ਜਿਸ ਨਾਲ ਉਹਨਾਂ ਨੂੰ ਬਹੁਤ ਸੁਕੂਨ ਮਿਲਿਆ। ਉਹ ਰੋਜ਼ ਗੁਰੂ ਜੀ ਦਾ ਉਪਦੇਸ਼ ਸੁਣਦੇ ਅਤੇ ਉਹਨਾਂ ਨੂੰ ਦੁੱਧ ਭੇਟ ਕਰਦੇ। 

ਇੱਕ ਦਿਨ ਗੁਰੂ ਜੀ ਨੇ ਬੂੜਾ ਜੀ ਨੂੰ ਉਨ੍ਹਾਂ ਬਾਰੇ ਪੁੱਛਿਆ ਅਤੇ ਗੁਰੂ ਜੀ ਨੇ ਬੂੜਾ ਜੀ ਦੇ ਜਬਾਬ ਸੁਣ ਕੇ ਕਿਹਾ ਕਿ 'ਤੂੰ ਹੈਂ ਤਾਂ ਬੱਚਾ, ਪਰ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਹੈਂ। ਤੂੰ ਬੱਚਾ ਨਹੀਂ, ਤੂੰ ਬੁੱਢਾ ਹੈਂ।' ਉਸ ਦਿਨ ਤੋਂ ਬੂੜਾ ਜੀ ਦਾ ਨਾਂ 'ਬੁੱਢਾ ਜੀ' ਪੈ ਗਿਆ ਜੋ ਸਿੱਖ ਕੌਮ ਵਿੱਚ ਸਤਿਕਾਰ ਨਾਲ ਬਾਬਾ ਬੁੱਢਾ ਜੀ ਬਣ ਗਿਆ।
ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਸਿੱਖ ਬਣ ਗਏ।

ਉਹ ਸਾਰਾ ਦਿਨ ਸੰਗਤਾਂ ਦੀ ਸੇਵਾ ਕਰਦੇ, ਖੇਤਾਂ ਵਿੱਚ ਜਾ ਕੇ ਖੇਤੀ-ਬਾੜੀ ਦਾ ਕੰਮ ਨਿਭਾਉਂਦੇ ਅਤੇ ਨਾਮ ਜਪਦੇ ਰਹਿੰਦੇ। ਉਨ੍ਹਾਂ ਨੇ ਆਪਣੇ ਜੀਵਨ ਵਿੱਚ 'ਨਾਮ ਜਪਣ, ਕਿਰਤ ਕਰਨ ਤੇ ਵੰਡ ਕੇ ਛਕਣ' ਦੇ ਉਪਦੇਸ਼ ਨੂੰ ਕਮਾ ਕੇ ਦਿਖਾਇਆ। ਗੁਰੂ ਨਾਨਕ ਦੇਵ ਜੀ ਉਨ੍ਹਾਂ ਉੱਪਰ ਬਹੁਤ ਪ੍ਰਸੰਨ ਸਨ, ਅਤੇ ਜਦੋਂ ਗੁਰੂ ਜੀ ਨੇ ਗੁਰਗੱਦੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ, ਤਾਂ ਗੁ‌ਰਿਆਈ ਦੀ ਰਸਮ ਬਾਬਾ ਬੁੱਢਾ ਜੀ ਪਾਸੋਂ ਅਦਾ ਕਰਵਾਈ। ਬਾਬਾ ਬੁੱਢਾ ਸਾਹਿਬ ਨੂੰ ਛੇਵੀਂ ਪਾਤਸ਼ਾਹੀ ਤੱਕ ਗੁਰਿਆਈ ਦੀ ਰਸਮ ਨਿਭਾਉਣ ਦਾ ਸੁਭਾਗ ਪ੍ਰਾਪਤ ਹੋਇਆ। 

ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਪੁੱਤਨੀ ਬੀਬੀ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਨੇ ਪੁੱਤਰ ਹੋਣ ਦੀ ਦਾਤ ਬਖਸ਼ੀ ਸੀ। ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕੀਤੀ ਤਾਂ ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਨੂੰ ਥਾਪਿਆ। 

ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਤੋਂ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਤੱਕ ਛੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਲੇ ਬਾਬਾ ਬੁੱਢਾ ਜੀ ਨੇ 16 ਨਵੰਬਰ 1631 ਨੂੰ 125 ਸਾਲ ਦੀ ਉਮਰ ਵਿੱਚ ਪਿੰਡ ਰਮਦਾਸ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਰੀਰ ਤਿਆਗ ਦਿੱਤਾ। ਉਨ੍ਹਾਂ ਦਾ ਸਸਕਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਕੀਤਾ।