ਇਕ ਬੰਦੇ ਦੀ ਕਰਤੂਤ ਕਾਰਨ ਸਾਰਾ ਪਿੰਡ ਪਹੁੰਚਿਆ ਸ੍ਰੀ ਅਕਾਲ ਤਖ਼ਤ ਸਾਹਿਬ, ਪਿੰਡ ਵਾਸੀਆਂ ਨੇ ਮੰਗੀ ਮੁਆਫ਼ੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੰਜ ਦਿਨ ਝਾੜੂ, ਜੂਠੇ ਬਰਤਨ ਤੇ ਜੋੜੇ ਸਾਫ਼ ਕਰਨ ਦੀ ਪੂਰੇ ਪਿੰਡ ਨੂੰ ਮਿਲੀ ਸਜ਼ਾ

image

ਪਟਿਆਲਾ, 22 ਅਕਤੂਬਰ (ਕਰਮਜੀਤ ਰਾਜਲਾ) : ਬੀਤੇ ਦਿਨੀਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਮੋਹਲਗੜ੍ਹ ਦੇ ਇਕ ਵਿਅਕਤੀ ਵਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗ ਪਾੜ ਕੇ ਪਾਲਕੀ ਸਾਹਿਬ ਵਿਚ ਅੱਗ ਲਗਾ ਕੇ ਵੱਡੀ ਬੇਅਦਬੀ ਕੀਤੀ ਸੀ। ਜਿਸ ਤੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਸੀ। ਇਸ ਘਟਨਾ ਦੀ ਤੁਰਤ ਪੈੜ ਨੱਪਦਿਆਂ ਪਟਿਆਲਾ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੌਕੇ ’ਤੇ ਹੀ ਘਟਨਾ ਨੂੰ ਅੰਜਾਮ ਦੇਣ ਵਾਲੇ ਪਿੰਡ ਦੇ ਹੀ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਸੀ ਅਤੇ ਤੁਰਤ ਉਸ ਵਿਅਕਤੀ ਵਿਰੁਧ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵਿਰੁਧ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ । 
ਦੂਜੇ ਪਾਸੇ ਸਿੱਖ ਮਰਿਆਦਾ ਤਹਿਤ ਧਾਰਮਕ ਆਗੂਆਂ ਨੇ ਪੂਰੇ ਪਿੰਡ ਨੂੰ ਸ੍ਰੀ ਆਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਇਸ ਬੱਜਰ ਗੁਨਾਹ ਦੀ ਮੁਆਫ਼ੀ ਮੰਗਣ ਲਈ ਕਿਹਾ ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਸਰੂਪਾਂ ਨੂੰ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਪੂਰੀ ਰਹਿਤ ਮਰਿਆਦਾ ਤਹਿਤ ਪਹੁੰਚਾਇਆ ਗਿਆ। ਅੱਜ ਪੂਰਾ ਪਿੰਡ ਅਪਣੀ ਗ਼ਲਤੀ ਦੀ ਮੁਆਫ਼ੀ ਮੰਗਣ ਲਈ ਸ੍ਰੀ ਆਕਾਲ ਤਖ਼ਤ ਸਾਹਿਬ ਵਿਖੇ ਪਾਹੁੰਚਿਆ ਜਿਥੇ ਪੰਜ ਪਿਆਰਿਆਂ ਵਲੋਂ ਪੂਰੇ ਪਿੰਡ ਨੂੰ ਇਸ ਬੱਜਰ ਗ਼ਲਤੀ ਦੀ ਧਾਰਮਕ ਸਜ਼ਾ ਸੁਣਾਈ ਗਈ। 
ਪਿੰਡ ਦੇ ਸਾਬਕਾ ਸਰਪੰਚ ਨਿਸ਼ਾਨ ਸਿੰਘ ਨੇ ਦਸਿਆ ਕਿ ਸਾਡੇ ਪਿੰਡ ਦੇ ਇਕ ਵਿਅਕਤੀ ਦੀ ਗ਼ਲਤੀ ਕਰ ਕੇ ਅਸੀਂ ਸਮੁੱਚਾ ਪਿੰਡ ਦੋਸ਼ੀ ਬਣ ਗਏ ਅਤੇ ਅੱਜ ਸ੍ਰੀ ਆਕਾਲ ਤਖ਼ਤ ਸਾਹਿਬ ਵਿਖੇ ਅਪਣੇ ਗੁਰੂ ਕੋਲੋ ਇਸ ਕੀਤੀ  ਗ਼ਲਤੀ ਦੀ ਮੁਆਫ਼ੀ ਮੰਗਣ ਲਈ ਆਏ ਹਾਂ। ਸਾਬਕਾ ਸਰਪੰਚ ਨੇ ਕਿਹਾ ਕਿ ਅਸੀਂ ਗੁਰੂ ਸਾਹਿਬ ਦੇ ਦੋਸ਼ੀ ਹਾਂ ਅਤੇ ਬਹੁਤ ਸ਼ਰਮਿੰਦਾ ਹਾਂ ਕਿ ਸਾਡੇ ਪਿੰਡ ਦੇ ਇਕ ਵਿਅਕਤੀ ਕਾਰਨ ਪੂਰੇ ਪਿੰਡ ਦੇ ਮੱਥੇ ’ਤੇ ਕਲੰਕ ਲੱਗ ਗਿਆ ਹੈ ਪਰੰਤੂ ਗੁਰੂ ਸਾਹਿਬਾਨ ਬਖ਼ਸਣਹਾਰ ਹਨ। ਉਨ੍ਹਾਂ ਕਿਹਾ ਕਿ ਸ੍ਰੀ ਆਕਾਲ ਤਖ਼ਤ ਸਾਹਿਬਾਨ ਦੇ ਹੁਕਮ ਅਨੁਸਾਰ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸਾਡੇ ਸਮੁੱਚੇ ਪਿੰਡ ਨੂੰ ਲਗਾਤਾਰ ਪੰਜ ਦਿਨ ਸੰਗਤਾਂ ਦੇ ਜੂਠੇ ਬਰਤਨ ਸਾਫ਼ ਕਰਨ, ਝਾੜੂ ਲਾਉਣ ਤੇ ਜੋੜੇ ਸਾਫ਼ ਕਰਨ ਦੀ ਧਾਰਮਕ ਸਜ਼ਾ ਸੁਣਾਈ ਗਈ ਹੈ। ਜਿਸ ਉਪਰੰਤ ਸ੍ਰੀ ਅਖੰਡ ਪਾਠ ਆਰੰਭ ਕਰਵਾਇਆ ਜਾਵੇਗਾ ਅਤੇ ਪਿੰਡ ਵਿਚ ਅੰਮ੍ਰਤਿਧਾਰੀ ਸਿੱਖਾਂ ਦੀ ਕਮੇਟੀ ਬਣਾਈ ਜਾਵੇਗੀ। ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਦੇ ਬੱਚੇ,ਔਰਤਾਂ ਬਜ਼ੁਰਗ ਅਤੇ ਨੌਜਵਾਨ ਪਹੁੰਚੇ ਹੋਏ ਸਨ।