‘ਚਰਨ ਸੁਹਾਵਾ’ ਯਾਤਰਾ ਦਿੱਲੀ ਦੇ ਮੋਤੀ ਬਾਗ ਤੋਂ ਹੋਈ ਸ਼ੁਰੂ
ਸੰਗਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ 300 ਸਾਲ ਪੁਰਾਣੇ ਜੋੜੇ ਦੇ ਕਰਨਗੀਆਂ ਦਰਸ਼ਨ
ਨਵੀਂ ਦਿੱਲੀ : ਦਿੱਲੀ ਦੇ ਮੋਤੀ ਬਾਗ ਗੁਰਦੁਆਰਾ ਸਾਹਿਬ ਤੋਂ ਅੱਜ ‘ਚਰਨ ਸੁਹਾਵਾ’ ਯਾਤਰਾ ਸ਼ੁਰੂ ਹੋਈ। ਇਹ ਯਾਤਰਾ ਹਰਿਆਣਾ ਅਤੇ ਉਤਰ ਪ੍ਰਦੇਸ਼ ਤੋਂ ਹੁੰਦੀ ਹੋਈ 1 ਨਵੰਬਰ ਨੂੰ ਪਟਨਾ ਸਾਹਿਬ ਵਿਖੇ ਪਹੁੰਚੇਗੀ। ਯਾਤਰਾ ਨੂੰ ਸ਼ੁਰੂ ਕਰਨ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਸਮੇਤ ਬਹੁਤ ਵੱਡੀ ਗਿਣਤੀ ਵਿਚ ਸਿਆਸੀ ਆਗੂ ਅਤੇ ਸੰਗਤਾਂ ਮੌਜੂਦ ਸਨ। ਯਾਤਰਾ ਦੌਰਾਨ ਸਿੱਖ ਸੰਗਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਦੇ ਇਤਿਹਾਸਕ ਤੇ 300 ਸਾਲ ਪੁਰਾਣੇ ਜੋੜਾ ਸਾਹਿਬ ਦੇ ਦਰਸ਼ਨ ਕਰਨਗੀਆਂ। ਇਸ ਮੌਕੇ ਏਅਰ ਚੀਫ਼ ਮਾਰਸ਼ਲ ਏ ਪੀ ਸਿੰਘ ਵੀ ਮੌਜੂਦ ਅਤੇ ਉਨ੍ਹਾਂ ਜੋੜਾ ਸਾਹਿਬ ਦੇ ਦਰਸ਼ਨ ਕੀਤੇ ਅਤੇ ਮੱਥਾ ਟੇਕਿਆ।
ਜ਼ਿਕਰਯੋਗ ਹੈ ਕਿ ਇਹ ਜੋੜਾ ਸਾਹਿਬ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵੱਲੋਂ ਸਿੱਖ ਕੌਮ ਨੂੰ ਸਮਰਪਿਤ ਕੀਤਾ ਗਿਆ। ਇਸ ਜੋੜਾ ਸਾਹਿਬ ਨੂੰ ਉਨ੍ਹਾਂ ਵੱਲੋਂ ਬਹੁਤ ਪਿਆਰ ਅਤੇ ਸਤਿਕਾਰ ਨਾਲ ਸਾਂਭ ਕੇ ਰੱਖਿਆ ਹੋਇਆ ਸੀ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਮ ਵੱਲੋਂ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਸਾਂਭ ਕੇ ਰੱਖਿਆ ਜਾਂਦਾ ਹੈ। ਪਰ ਅਸੀਂ ਅਪੀਲ ਕਰਦੇ ਹਾਂ ਕਿ ਜਿਸ ਕੋਲ ਵੀ ਗੁਰੂ ਸਾਹਿਬ ਨਾਲ ਸਬੰਧਤ ਕੋਈ ਵੀ ਨਿਸ਼ਾਨੀ ਹੈ ਉਹ ਸਿੱਖ ਕੌਮ ਨੂੰ ਸਮਰਪਿਤ ਕੀਤੀ ਜਾਵੇ ਤਾਂ ਜੋ ਉਨ੍ਹਾਂ ਨਿਸ਼ਾਨੀਆਂ ਦੀ ਸ਼੍ਰੋਮਣੀ ਕਮੇਟੀ ਵੱਲੋਂ ਹੋਰ ਵੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾ ਸਕੇ।