ਲੋਕਲ ਹੀਰੋ... ਅਸਲ ਜ਼ਿੰਦਗੀ ਦੇ... ਸਿੱਖ ਬਣੀ ਬੀਬੀ ਜਸਨੂਰ ਕੌਰ ਖ਼ਾਲਸਾ ਨੂੰ ਗਿਸਬੋਰਨ ‘ਲੋਕਲ ਹੀਰੋ ਐਵਾਰਡ’

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

8 ਸਾਲ ਸਿੱਖ ਧਰਮ ਬਾਰੇ ਜਾਣਨ ਬਾਅਦ 2020 ਵਿਚ ਛਕਿਆ ਸੀ ਅੰਮ੍ਰਿਤ

Gisborne 'Local Hero Award' to Bibi Jasnoor Kaur Khalsa who became a Sikh Auckland News

ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਇਥੋਂ ਲਗਭਗ 475 ਕਿਲੋਮੀਟਰ ਦੂਰ ਵਸੇ ਸ਼ਹਿਰ ਗਿਸਬੋਰਨ ਵਿਖੇ ਸਾਲ 2020 ਵਿਚ ਅੰਮ੍ਰਿਤ ਛਕ ਕੇ ਪੂਰਨ ਤੌਰ ’ਤੇ ਕਿ੍ਰਸਚੀਅਨ ਤੋਂ ਸਿੱਖ ਧਰਮ ਧਾਰਨ ਕਰ ਗਈ ਮਹਿਲਾ ਮੈਰੀਡੀਥ ਸਟੀਵਰਟ ਜੋ ਕਿ ਹੁਣ ਜਸਨੂਰ ਕੌਰ ਖ਼ਾਲਸਾ ਕਰ ਕੇ ਜਾਣੀ ਜਾਂਦੀ ਹੈ, ਨੂੰ ਇਸ ਸਾਲ ਕੀਵੀ ਬੈਂਕ ਵਲੋਂ ਐਲਾਨੇ ਗਏ ‘ਕੀਵੀਬੈਂਕ ਲੋਕਲ ਹੀਰੋ’ ਦੇ ਐਵਾਰਡ ਨਾਲ ਸਨਮਾਨਿਆ ਗਿਆ ਹੈ।

ਜਸਨੂਰ ਕੌਰ ਖ਼ਾਲਸਾ ਨੇ ਕੋਵਿਡ ਮਹਾਂਮਾਰੀ ਦੌਰਾਨ, ਗੈਬਰੀਅਲ ਨਾਂਅ ਦੇ ਆਏ ਚੱਕਰਵਾਤ ਦੌਰਾਨ ਅਤੇ ਹੋਰ ਕੁਦਰਤੀ ਦਰਪੇਸ਼ ਮੁਸ਼ਕਲਾਂ ਸਮੇਂ ਆਈਆਂ ਚੁਣੌਤੀਆਂ ਵਿਚ ਲੋਕਾਂ ਦੀ ਵੱਡੀ ਸਹਾਇਤਾ ਕੀਤੀ ਸੀ। ਉਹ ਏਥਨਿਕ ਕਮਿਊਟਿਨੀ ਦੀ ਕੜੀ ਵਜੋਂ ਕੰਮ ਕਰਦੀ ਹੈ ਅਤੇ ਸਭਿਆਚਾਰਕ ਵਖਰੇਵਿਆਂ ਵਾਲੇ ਲੋਕਾਂ ਨੂੰ ਇਕ ਵਧੀਆ ਮਾਹੌਲ ਸਿਰਜਣ ਵਿਚ ਯੋਗਦਾਨ ਪਾ ਰਹੀ ਹੈ।

ਉਸ ਨੇ ਵੱਖ-ਵੱਖ ਸੱਭਿਆਚਾਰਕ ਪਿਛੋਕੜ ਵਾਲੇ ਵਿਅਕਤੀਆਂ ਨੂੰ ਵਧਣ-ਫੁੱਲਣ ਅਤੇ ਸਫ਼ਲ ਹੋਣ ਲਈ ਸਮਰਥਨ ਦਿੱਤਾ ਅਤੇ ਸ਼ਕਤੀਕਰਨ ਲਈ ਅਣਗਿਣਤ ਸਮਾਂ ਸਮਰਪਤ ਕੀਤੇ ਹਨ। ਮੈਰੀਡੀਥ ਸੱਭਿਆਚਾਰਕ ਵਿਭਿੰਨਤਾ ’ਤੇ ਸ਼ੁਰੂਆਤੀ ਬਚਪਨ ਦੇ ਸਿਖਿਅਕਾਂ ਨੂੰ ਹੁਨਰਮੰਦ ਕਰਨ, ਪ੍ਰਵਾਸੀ ਬੱਚਿਆਂ ਅਤੇ ਉਨ੍ਹਾਂ ਦੇ ਪਰਵਾਰਾਂ ਲਈ ਸਹਾਇਕ ਵਾਤਾਵਰਣ ਬਣਾਉਣ ਲਈ ਵੀ ਭਾਵੁਕ ਹੈ। ਸੋ ਅਸਲ ਜ਼ਿੰਦਗੀ ਵਿਚ ਕੰਮ ਕਰਨ ਵਾਲੇ ਲੋਕ ਅਸਲ ਵਿਚ ਸਥਾਨਕ (ਲੋਕਲ) ਹੀਰੋ ਹੋ ਨਿਬੜਦੇ ਹਨ ਅਤੇ ਬੀਬਾ ਜਸਨੂਰ ਖ਼ਾਲਸਾ ਉਨ੍ਹਾਂ ਵਿਚੋਂ ਇਕ ਹੈ। ਉਨ੍ਹਾਂ ਨੂੰ ਬਹੁਤ-ਬਹੁਤ ਵਧਾਈਆਂ ਮਿਲ ਰਹੀਆਂ ਹਨ।

ਵਰਣਯੋਗ ਹੈ ਕਿ ਜਸਨੂਰ ਕੌਰ ਖ਼ਾਲਸਾ ਦਾ ਸਿੱਖੀ ਪ੍ਰਤੀ ਲਗਾਅ ਇਕ ਅਸਚਰਜ ਘਟਨਾ ਬਾਅਦ 2012 ਦੇ ਵਿਚ ਸ਼ੁਰੂ ਹੁੰਦਾ ਹੈ ਅਤੇ ਉਹ ਕਈ ਵਾਰ ਇੰਡੀਆ ਜਾ ਕੇ ਗੁਰਦੁਆਰਾ ਸਾਹਿਬਾਨਾਂ ਅਤੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਦੀ ਹੈ। ਨਿਹੰਗ ਸਿੰਘਾਂ ਦਾ ਜੀਵਨ ਵੇਖਦੀ ਹੈ, ਫ਼ਤਹਿਗੜ੍ਹ ਸਾਹਿਬ ਛੋਟੇ ਸਾਹਿਬਜ਼ਾਦਿਆਂ ਦੇ ਅਸਥਾਨ ਨੂੰ ਵੇਖਦੀ ਹੈ ਅਤੇ ਇਕ ਦਿਨ ਮਨ ਐਸਾ ਪਸੀਚਦਾ ਹੈ ਕਿ ਇਹ ਜਨਵਰੀ 2020 ਦੇ ਵਿਚ ਅੰਮ੍ਰਿਤਸਰ ਸਾਹਿਬ ਜਾ ਕੇ ਅੰਮ੍ਰਿਤ ਛਕ ਪੂਰਨ ਸਿੱਖ ਬਣ ਜਾਂਦੀ ਹੈ। ਪੂਰਾ ਆਰਟੀਕਲ ਪੰਜਾਬੀ ਹੈਰਲਡ ਦੇ ਲੇਖ ਪਿਟਾਰੀ ਸੈਕਸ਼ਨ ਵਿਚ ਪੜਿ੍ਹਆ ਜਾ ਸਕਦਾ ਹੈ।
--22--1