9ਵੇਂ ਗੁਰੂ ਸਾਹਮਣੇ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਹੋਈ ਸੀ ਸ਼ਹੀਦੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਆਰੇ ਨਾਲ ਚੀਰ ਦਿੱਤੇ ਗਏ ਸੀ ਭਾਈ ਮਤੀ ਦਾਸ ਜੀ

Bhai Mati Das, Bhai Sati Das and Bhai Dayala Ji were martyred in front of the 9th Guru.

ਮੋਹਾਲੀ/ਮੱਖਣ ਸ਼ਾਹ : ਅੱਜ ਜੇਕਰ ਦੁਨੀਆ ਵਿਚ ਸਨਾਤਨ ਧਰਮ ਵਧ ਫੁੱਲ ਰਿਹਾ ਏ ਤਾਂ ਉਸ ਦੇ ਪਿੱਛੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਸਮੇਤ ਹੋਰ ਅਨੇਕਾਂ ਯੋਧਿਆਂ ਦੀਆਂ ਕੁਰਬਾਨੀਆਂ ਸ਼ਾਮਲ ਨੇ,...ਬਹੁਤੇ ਸਨਾਤਨੀ ਤਾਂ ਉਨ੍ਹਾਂ ਸ਼ਹੀਦਾਂ ਦਾ ਨਾਮ ਤੱਕ ਨਹੀਂ ਜਾਣਦੇ ਹੋਣਗੇ। ਜਿਸ ਸਮੇਂ ਮੁਗ਼ਲ ਸਰਕਾਰ ਵੱਲੋਂ ਹਿੰਦੂਆਂ ’ਤੇ ਜ਼ੁਲਮ ਢਾਹੇ ਜਾ ਰਹੇ ਸੀ ਤਾਂ ਉਸ ਸਮੇਂ ਇਸ ਜ਼ੁਲਮ ਨੂੰ ਰੋਕਣ ਲਈ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਿੱਲੀ ਗਏ ਤਾਂ ਉਨ੍ਹਾਂ ਦੇ ਨਾਲ ਭਾਈ ਦਿਆਲਾ ਜੀ, ਭਾਈ ਸਤੀ ਦਾਸ ਅਤੇ ਭਾਈ ਮਤੀ ਦਾਸ ਵੀ ਮੌਜੂਦ ਸਨ, ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸਾਹਮਣੇ ਆਪਣੀ ਸ਼ਹਾਦਤ ਦਿੱਤੀ ਸੀ,..ਸ਼ਹਾਦਤ ਵੀ ਅਜਿਹੀ...ਕਿ ਜਿਸ ਨੂੰ ਸੁਣ ਕੇ ਅੱਜ ਵੀ ਹਰ ਕਿਸੇ ਦੀ ਰੂਹ ਕੰਬ ਉਠਦੀ ਐ।

ਇਹ ਉਸ ਸਮੇਂ ਦੀ ਗੱਲ ਐ ਜਦੋਂ ਹਿੰਦੁਸਤਾਨ ’ਤੇ ਔਰੰਗਜ਼ੇਬ ਦਾ ਸ਼ਾਸਨ ਚਲਦਾ ਸੀ...ਉਸ ਨੂੰ ਕਿਸੇ ਦੂਜੇ ਧਰਮ ਦੀ ਪ੍ਰਸ਼ੰਸਾ ਬਰਦਾਸ਼ਤ ਨਹੀਂ ਸੀ ਹੁੰਦੀ, ਜਿਸ ਕਰਕੇ ਉਸ ਨੇ ਮੰਦਰ ਅਤੇ ਗੁਰੂ ਘਰਾਂ ਨੂੰ ਤੋੜਨ ਅਤੇ ਮੂਰਤੀ ਪੂਜਾ ਬੰਦ ਕਰਨ ਦੇ ਫ਼ਰਮਾਨ ਜਾਰੀ ਕਰ ਦਿੱਤੇ ਸੀ। ਔਰੰਗਜ਼ੇਬ ਨੇ ਸਾਰਿਆਂ ਨੂੰ ਇਸਲਾਮ ਅਪਣਾਉਣ ਦਾ ਆਦੇਸ਼ ਜਾਰੀ ਕਰ ਦਿੱਤਾ, ਜਿਸ ਦੇ ਲਈ ਕੁੱਝ ਅਧਿਕਾਰੀ ਤਾਇਨਾਤ ਕਰ ਦਿੱਤੇ ਗਏ। ਹਿੰਦੂਆਂ ’ਤੇ ਜਜੀਆ ਲਗਾ ਦਿੱਤਾ ਗਿਆ। ਔਰੰਗਜ਼ੇਬ ਦੇ ਜ਼ੁਲਮਾਂ ਤੋਂ ਡਰਦੇ ਬਹੁਤ ਸਾਰੇ ਹਿੰਦੂ ਮੁਸਲਿਮ ਧਰਮ ਅਪਣਾਉਣ ਲੱਗੇ। ਇਹ ਵੀ ਕਿਹਾ ਜਾਂਦੈ ਕਿ ਔਰੰਗਜ਼ੇਬ ਰੋਜ਼ਾਨਾ ਸਵਾ ਮਣ ਜਨੇਊ ਉਤਰਵਾ ਕੇ ਰੋਟੀ ਖਾਂਦਾ ਸੀ। ਉਸ ਦੇ ਜ਼ੁਲਮਾਂ ਦੀ ਹੱਦ ਇੰਨੀ ਜ਼ਿਆਦਾ ਵਧ ਗਈ ਕਿ ਲੋਕਾਂ ਦਾ ਜਿਉਣਾ ਮੁਸ਼ਕਲ ਹੋ ਗਿਆ। ਇਸੇ ਦੌਰਾਨ ਕੁੱਝ ਹਿੰਦੂਆਂ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਕੋਲ ਮਦਦ ਦੀ ਅਪੀਲ ਕੀਤੀ, ਜਿਸ ਤੋਂ ਬਾਅਦ ਗੁਰੂ ਸਾਹਿਬ ਦਿੱਲੀ ਜਾਣ ਲਈ ਤਿਆਰ ਹੋ ਗਏ।

ਔਰੰਗਜ਼ੇਬ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਵੀ ਇਸਲਾਮ ਧਰਮ ਸਵੀਕਾਰ ਕਰਨ ਲਈ ਕਿਹਾ ਗਿਆ ਪਰ ਜਦੋਂ ਗੁਰੂ ਸਾਹਿਬ ਨੇ ਇਸ ਤੋਂ ਮਨ੍ਹਾਂ ਕਰ ਦਿੱਤਾ ਤਾਂ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਸਮੇਂ ਗੁਰੂ ਸਾਹਿਬ ਦੇ ਨਾਲ ਤਿੰਨ ਸਿੱਖ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਵੀ ਨਾਲ ਸਨ,,ਔਰੰਗਜ਼ੇਬ ਦੀ ਫ਼ੌਜ ਨੇ ਉਨ੍ਹਾਂ ਨੂੰ ਵੀ ਕੈਦ ਕਰ ਦਿੱਤਾ। ਔਰੰਗਜ਼ੇਬ ਚਾਹੁੰਦਾ ਸੀ ਕਿ ਗੁਰੂ ਤੇਗ ਬਹਾਦਰ ਜੀ ਮੁਸਲਮਾਨ ਬਣ ਜਾਣ, ਜਿਸ ਕਰਕੇ ਉਨ੍ਹਾਂ ਨੂੰ ਡਰਾਉਣ ਲਈ ਉਨ੍ਹਾਂ ਦੇ ਤਿੰਨੇ ਸ਼ਰਧਾਲੂਆਂ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਨੂੰ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ।

ਔਰੰਗਜ਼ੇਬ ਨੇ ਸਭ ਤੋਂ ਪਹਿਲਾਂ ਨਵੰਬਰ 1675 ਨੂੰ ਭਾਈ ਮਤੀ ਦਾਸ ਨੂੰ ਆਰੇ ਨਾਲ ਦੋ ਹਿੱਸਿਆਂ ਵਿਚ ਚੀਰਨ ਦਾ ਹੁਕਮ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲੱਕੜ ਦੇ ਇਕ ਬਕਸੇ ਵਿਚ ਜਕੜ ਕੇ ਉਨ੍ਹਾਂ ਦੇ ਸੀਸ ’ਤੇ ਆਰਾ ਚਲਾ ਦਿੱਤਾ ਗਿਆ। ਇਸ ਤੋਂ ਪਹਿਲਾਂ ਕਾਜੀ ਵੱਲੋਂ ਵਾਰ-ਵਾਰ ਭਾਈ ਮਤੀ ਦਾਸ ਜੀ ਨੂੰ ਇਸਲਾਮ ਸਵੀਕਾਰ ਕਰਨ ਲਈ ਕਿਹਾ ਗਿਆ ਅਤੇ ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੱਤੇ ਗਏ ਪਰ ਉਹ ਰੱਤੀ ਭਰ ਵੀ ਨਹੀਂ ਡੋਲੇ,, ਬਲਕਿ ਉਨ੍ਹਾਂ ਨੇ ਕਾਜੀ ਨੂੰ ਪੁੱਛਿਆ ਕਿ ਜੇਕਰ ਮੈਂ ਇਸਲਾਮ ਕਬੂਲ ਕਰ ਲਵਾਂ,, ਕੀ ਮੇਰੀ ਕਦੇ ਵੀ ਮੌਤ ਨਹੀਂ ਹੋਵੇਗੀ? ਤਾਂ ਕਾਜੀ ਨੇ ਕਿਹਾ ਇਹ ਕਿਵੇਂ ਸੰਭਵ ਹੋ ਸਕਦੈ? ਜੋ ਧਰਤੀ ’ਤੇ ਆਇਆ ਹੈ, ਉਸ ਨੇ ਮਰਨਾ ਤਾਂ ਹੈ ਹੀ,,, ਇਸ ’ਤੇ ਭਾਈ ਮਤੀ ਦਾਸ ਨੇ ਹੱਸ ਕੇ ਆਖਿਆ, ਜੇਕਰ ਤੇਰਾ ਮਜ਼੍ਹਬ ਮੈਨੂੰ ਮੌਤ ਤੋਂ ਨਹੀਂ ਬਚਾ ਸਕਦਾ ਤਾਂ ਫਿਰ ਆਪਣੇ ਪਵਿੱਤਰ ਧਰਮ ਵਿਚ ਰਹਿ ਕੇ ਹੀ ਮੌਤ ਨੂੰ ਕਿਉਂ ਨਾ ਸਵੀਕਾਰ ਕਰਾਂ? ਇਸ ਮਗਰੋਂ ਭੜਕੇ ਕਾਜੀ ਨੇ ਜੱਲਾਦਾਂ ਨੂੰ ਜਲਦੀ ਆਰਾ ਚਲਾਉਣ ਦੇ ਹੁਕਮ ਦਿੱਤੇ, ਜਿਸ ਤੋਂ ਬਾਅਦ ਉਨ੍ਹਾਂ ਦੇ ਸਰੀਰ ਨੂੰ ਦੋ ਹਿੱਸਿਆਂ ਵਿਚ ਚੀਰ ਦਿੱਤਾ ਗਿਆ।

ਇਸ ਤੋਂ ਅਗਲੇ ਦਿਨ ਭਾਈ ਮਤੀ ਦਾਸ ਜੀ ਦੇ ਛੋਟੇ ਸਕੇ ਭਰਾ ਭਾਈ ਸਤੀ ਦਾਸ ਜੀ ਨੂੰ ਰੂਈ ਵਿਚ ਲਪੇਟ ਕੇ ਅੱਗ ਲਗਾ ਦਿੱਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਦੀ ਸ਼ਹਾਦਤ ਹੋਈ। ਇਸੇ ਤਰ੍ਹਾਂ ਫਿਰ ਭਾਈ ਦਿਆਲਾ ਜੀ ਨੂੰ ਪਾਣੀ ਵਿਚ ਉਬਾਲ ਕੇ ਸ਼ਹੀਦ ਕੀਤਾ ਗਿਆ। ਔਰੰਗਜ਼ੇਬ ਨੇ ਭਾਵੇਂ ਗੁਰੂ ਸਾਹਿਬ ਦੇ ਇਨ੍ਹਾਂ ਤਿੰਨੇ ਸੱਚੇ ਸ਼ਰਧਾਲੂਆਂ ’ਤੇ ਆਪਣੇ ਜ਼ੁਲਮਾਂ ਦੀ ਪੂਰੀ ਅੱਤ ਕਰ ਦਿੱਤੀ ਸੀ.., ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਹੌਂਸਲੇ ਰੱਤੀ ਭਰ ਵੀ ਨਹੀਂ ਡੋਲੇ।  ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਦੋਵੇਂ ਸਕੇ ਭਰਾ ਸਨ। ਇਨ੍ਹਾਂ ਦੇ ਪਿਤਾ ਭਾਈ ਹੀਰਾਨੰਦ ਜੀ, ਦਾਦਾ ਭਾਈ ਲੱਖੀਦਾਸ ਜੀ ਅਤੇ ਪੜਦਾਦਾ ਭਾਈ ਪ੍ਰਯਾਗਾ ਜੀ ਵੀ ਸਿੱਖ ਪ੍ਰੰਪਰਾ ਨਾਲ ਜੁੜੇ ਹੋਏ ਸੀ। ਭਾਈ ਮਤੀ ਦਾਸ ਜੀ ਦਾ ਜਨਮ ਜਨਵਰੀ 1641 ਈਸਵੀ ਨੂੰ ਪੰਜਾਬ ਦੇ ਜੇਹਲਮ ਜ਼ਿਲ੍ਹੇ ਵਿਚ ਪੈਂਦੇ ਪਿੰਡ ਕਰਿਆਲਾ ਵਿਖੇ ਹੋਇਆ ਸੀ, ਜੋ ਹੁਣ ਪਾਕਿਸਤਾਨ ਵਿਚ ਸਥਿਤ ਐ। ਭਾਈ ਸਤੀ ਦਾਸ ਜੀ ਦੇ ਜਨਮ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲਦੀ ਪਰ ਉਹ ਭਾਈ ਮਤੀ ਦਾਸ ਜੀ ਤੋਂ ਡੇਢ ਸਾਲ ਛੋਟੇ ਸਨ। ਇਸੇ ਤਰ੍ਹਾਂ ਭਾਈ ਦਿਆਲਾ ਜੀ ਦੇ ਜਨਮ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਪਰ ਉਹ ਗੁਰੂ ਤੇਗ ਬਹਾਦਰ ਜੀ ਦੇ ਸਭ ਤੋਂ ਕਰੀਬੀਆਂ ਵਿਚੋਂ ਇਕ ਸਨ। ਭਾਈ ਦਿਆਲਾ ਜੀ ਪਟਨਾ ਸਾਹਿਬ ਵਿਚ ਸੰਗਤ ਦੇ ਮੁਖੀ ਸਨ ਅਤੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਤਾਂ ਉਨ੍ਹਾਂ ਨੇ ਹੀ ਗੁਰੂ ਤੇਗ ਬਹਾਦਰ ਜੀ ਨੂੰ ਪੱਤਰ ਭੇਜ ਕੇ ਇਹ ਜਾਣਕਾਰੀ ਦਿੱਤੀ ਸੀ ਜੋ ਉਸ ਸਮੇਂ ਢਾਕਾ ਵਿਚ ਸਨ।

ਸੋ ਸਿੱਖ ਧਰਮ ਵਿਚ ਇਨ੍ਹਾਂ ਮਹਾਨ ਸਿੱਖ ਯੋਧਿਆਂ ਦਾ ਨਾਮ ਬਹੁਤ ਹੀ ਸਤਿਕਾਰ ਨਾਲ ਲਿਆ ਜਾਂਦੈ ਅਤੇ ਇਨ੍ਹਾਂ ਦੀ ਕੁਰਬਾਨੀ ਬਾਰੇ ਜਾਣ ਕੇ ਅੱਜ ਵੀ ਹਰ ਕਿਸੇ ਦੀ ਰੂਹ ਕੰਬ ਉਠਦੀ ਐ।