Sikh community ਦੀ ਮਹਾਨ ਸਖ਼ਸ਼ੀਅਤ ਮਾਸਟਰ ਤਾਰਾ ਸਿੰਘ
ਦੇਖੋ, ਹਿੰਦੂ ਪਰਿਵਾਰ ’ਚ ਜਨਮ ਲੈ ਕਿਵੇਂ ਛੋਹਿਆ ਸਿੱਖ ਸਿਆਸਤ ਦਾ ਸ਼ਿਖ਼ਰ?
ਚੰਡੀਗੜ੍ਹ/ਸ਼ਾਹ : ਕਰੋੜਾਂ ਲੋਕ ਇਸ ਦੁਨੀਆ ’ਤੇ ਆ ਚੁੱਕੇ ਨੇ ਪਰ ਕੁੱਝ ਲੋਕ ਅਜਿਹੇ ਹੁੰਦੇ ਨੇ, ਜਿਨ੍ਹਾਂ ਦੇ ਨਾਮ ਆਪਣੇ ਮਹਾਨ ਕਾਰਜਾਂ ਸਦਕਾ ਦੁਨੀਆ ਵਿਚ ਸਦੀਆਂ ਤੱਕ ਗੂੰਜਦੇ ਰਹਿੰਦੇ ਨੇ,,,ਮਾਸਟਰ ਤਾਰਾ ਸਿੰਘ ਵੀ ਅਜਿਹੀ ਹੀ ਸਖ਼ਸ਼ੀਅਤ ਸਨ, ਜਿਨ੍ਹਾਂ ਦਾ ਨਾਮ ਅੱਜ ਵੀ ਸਿੱਖ ਇਤਿਹਾਸ ਵਿਚ ਇਕ ਸੂਰਜ ਦੀ ਤਰ੍ਹਾਂ ਚਮਕਦਾ ਏ। ਉਨ੍ਹਾਂ ਨੇ ਲਗਭਗ 50 ਸਾਲਾਂ ਤੱਕ ਸਿੱਖ ਰਾਜਨੀਤੀ ਅਤੇ ਸਿੱਖ ਦੇ ਧਾਰਮਿਕ ਮਾਮਲਿਆਂ ਵਿਚ ਅਹਿਮ ਭੂਮਿਕਾ ਨਿਭਾਈ,,ਉਹ ਇਕੋ ਇਕ ਅਜਿਹੇ ਪੰਥਕ ਆਗੂ ਹੋਏ ਜੋ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਸੈਂਟਰਲ ਸਿੱਖ ਲੀਗ ਦੇ ਪ੍ਰਧਾਨ ਰਹੇ ਸੀ। ਸੋ ਆਓ ਤੁਹਾਨੂੰ ਦੱਸਦੇ ਆਂ, ਹਿੰਦੂ ਪਰਿਵਾਰ ਵਿਚ ਜਨਮੇ ਮਾਸਟਰ ਤਾਰਾ ਸਿੰਘ ਕਿਵੇਂ ਛੋਹਿਆ ਸੀ ਸਿੱਖ ਸਿਆਸਤ ਦਾ ਸ਼ਿਖ਼ਰ?
ਮਾਸਟਰ ਤਾਰਾ ਸਿੰਘ ਦਾ ਜਨਮ 24 ਜੂਨ 1885 ਵਿਚ ਮਾਤਾ ਮੂਲਾਂ ਦੇਵੀ ਦੀ ਕੁੱਖੋਂ ਪਿਤਾ ਬਖਸ਼ੀ ਗੋਪੀ ਚੰਦ ਦੇ ਘਰ ਪਿੰਡ ਹਰਿਆਲ ਜ਼ਿਲ੍ਹਾ ਰਾਵਲਪਿੰਡੀ ਵਿਖੇ ਹੋਇਆ,, ਜੋ ਮੌਜੂਦਾ ਸਮੇਂ ਪਾਕਿਸਤਾਨ ਵਿਚ ਸਥਿਤ ਐ। ਉਹ ਇਕ ਹਿੰਦੂ ਪਰਿਵਾਰ ਵਿਚ ਜਨਮੇ,,ਜਿਸ ਕਰਕੇ ਉਨ੍ਹਾਂ ਦੇ ਬਚਪਨ ਦਾ ਨਾਮ ਨਾਨਕ ਚੰਦ ਰੱਖਿਆ ਗਿਆ ਸੀ। ਉਨ੍ਹਾਂ ਆਪਣੀ ਮੁੱਢਲੀ ਪੜ੍ਹਾਈ ਨੇੜਲੇ ਪਿੰਡ ਹਰਨਾਲ ਦੇ ਸਕੂਲ ਤੋਂ ਹਾਸਲ ਕੀਤੀ ਅਤੇ ਬਾਅਦ ਵਿਚ ਰਾਵਲਪਿੰਡੀ ਮਿਸ਼ਨ ਸਕੂਲ ਵਿਚ ਦਾਖ਼ਲਾ ਲੈ ਲਿਆ। ਸੰਨ 1900 ਦੀ ਗੱਲ ਐ ਜਦੋਂ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਰਾਵਲਪਿੰਡੀ ਵਿਖੇ ਧਰਮ ਪ੍ਰਚਾਰ ਅਤੇ ਅੰਮ੍ਰਿਤ ਸੰਚਾਰ ਕਰਵਾਉਣ ਲਈ ਪੁੱਜੇ ਹੋਏ ਸੀ। ਨਾਨਕ ਚੰਦ ਦੇ ਪਿੰਡੋਂ ਵੀ ਕੁੱਝ ਨੌਜਵਾਨ ਉਨ੍ਹਾਂ ਦੇ ਦਰਸ਼ਨਾਂ ਲਈ ਰਾਵਲਪਿੰਡੀ ਜਾ ਰਹੇ ਸੀ,,ਨਾਨਕ ਚੰਦ ਵੀ ਉਨ੍ਹਾਂ ਦੇ ਨਾਲ ਤੁਰ ਪਏ। ਉਹ ਸੰਤ ਬਾਬਾ ਅਤਰ ਸਿੰਘ ਜੀ ਦੇ ਵਿਚਾਰਾਂ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਅੰਮ੍ਰਿਤ ਛਕਣ ਲਈ ਤਿਆਰ ਹੋ ਗਏ। ਅੰਮ੍ਰਿਤ ਛਕਣ ਮਗਰੋਂ ਸੰਤ ਜੀ ਨੇ ਉਨ੍ਹਾਂ ਦਾ ਨਾਮ ਤਾਰਾ ਸਿੰਘ ਰੱਖਿਆ। ਅੰਮ੍ਰਿਤ ਛਕਣ ਮਗਰੋਂ ਉਹ ਜਦੋਂ ਸਿਰ ’ਤੇ ਦਸਤਾਰ ਸਜਾ ਕੇ ਘਰ ਪੁੱਜੇ ਤਾਂ ਉਨ੍ਹਾਂ ਦੇ ਪਿਤਾ ਅਤੇ ਵੱਡੇ ਭਰਾ ਨੇ ਨਾਰਾਜ਼ਗੀ ਜਤਾਈ,,ਗੁੱਸੇ ਵਿਚ ਆ ਕੇ ਉਨ੍ਹਾਂ ਨੇ ਘਰ ਛੱਡ ਦਿੱਤਾ ਪਰ ਬਾਅਦ ਵਿਚ ਮਾਪਿਆਂ ਨੇ ਉਨ੍ਹਾਂ ਨੂੰ ਵਾਪਸ ਘਰ ਲਿਆਂਦਾ।
ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਪੜ੍ਹਾਈ ਦੌਰਾਨ ਹੀ ਮਾਸਟਰ ਤਾਰਾ ਸਿੰਘ ਦਾ ਵਿਆਹ ਸੰਨ 1940 ਵਿਚ ਰਾਵਲਪਿੰਡੀ ਦੇ ਪਿੰਡ ਧਮਿਆਲ ਦੀ ਰਹਿਣ ਵਾਲੀ ਤੇਜ਼ ਕੌਰ ਦੇ ਨਾਲ ਹੋਇਆ। ਸਾਰੇ ਬਰਾਤੀ ਮੋਨੇ ਸੀ ਜਦਕਿ ਮਾਸਟਰ ਤਾਰਾ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਵੱਡੇ ਭਰਾ ਬਖਸ਼ੀ ਗੰਗਾ ਸਿੰਘ ਨੇ ਕੁੱਝ ਸਮਾਂ ਪਹਿਲਾਂ ਹੀ ਕੇਸ ਰੱਖੇ ਸੀ। ਉਸ ਸਮੇਂ ਤੇਜ਼ ਕੌਰ ਨੇ ਅੰਮ੍ਰਿਤ ਨਹੀਂ ਸੀ ਛਕਿਆ ਹੋਇਆ ਜਦੋਂ ਇਸ ਗੱਲ ਦਾ ਪਤਾ ਮਾਸਟਰ ਤਾਰਾ ਸਿੰਘ ਨੂੰ ਚੱਲਿਆ ਤਾਂ ਉਨ੍ਹਾਂ ਆਖਿਆ ਕਿ ਜਦੋਂ ਤੱਕ ਲੜਕੀ ਅੰਮ੍ਰਿਤ ਨਹੀਂ ਛਕੇਗੀ,, ਅਨੰਦ ਕਾਰਜ ਨਹੀਂ ਹੋਣਗੇ। ਲੋਕਾਂ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਬਾਅਦ ਵਿਚ ਛਕਾ ਦਿਆਂਗੇ,,ਪਰ ਉਹ ਆਪਣੀ ਗੱਲ ’ਤੇ ਡਟੇ ਰਹੇ। ਆਖ਼ਰਕਾਰ ਕੁੜੀ ਵਾਲਿਆਂ ਨੇ ਗੁਰੂ ਘਰ ਵਿਚੋਂ ਪੰਜ ਪਿਆਰੇ ਬੁਲਾਏ, ਜਿਨ੍ਹਾਂ ਨੇ ਲੜਕੀ ਨੂੰ ਅੰਮ੍ਰਿਤ ਛਕਾਇਆ, ਫਿਰ ਜਾ ਕੇ ਅਨੰਦ ਕਾਰਜ ਸੰਪੰਨ ਹੋਏ। ਇਸ ਮਗਰੋਂ ਉਹ 15 ਰੁਪਏ ਮਹੀਨੇ ਦੀ ਤਨਖ਼ਾਹ ’ਤੇ ਇਕ ਸਕੂਲ ਵਿਚ ਪੜ੍ਹਾਉਣ ਲੱਗ ਪਏ, ਜਿਸ ਤੋਂ ਬਾਅਦ ਉਨ੍ਹਾਂ ਦੇ ਨਾਮ ਨਾਲ ਮਾਸਟਰ ਸ਼ਬਦ ਜੁੜ ਗਿਆ।
ਉਹ ਪਹਿਲੀ ਵਾਰ ਸੰਨ 1921 ਵਿਚ ਚਾਬੀਆਂ ਦੇ ਮੋਰਚੇ ਵਿਚ ਗ੍ਰਿਫ਼ਤਾਰ ਹੋਏ ਸੀ, ਜਦਕਿ ਉਨ੍ਹਾਂ ਦੀ ਦੂਜੀ ਗ੍ਰਿਫ਼ਤਾਰੀ ਸੰਨ 1922 ਵਿਚ ਗੁਰੂ ਕੇ ਬਾਗ਼ ਦੇ ਮੋਰਚੇ ਵਿਚ ਹੋਈ ਸੀ। ਜੁਲਾਈ 1923 ਵਿਚ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਨੂੰ ਅੰਗਰੇਜ਼ ਸਰਕਾਰ ਵੱਲੋਂ ਗੱਦੀਓਂ ਲਾਹੁਣ ਦਾ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੇ ਜ਼ਬਰਦਸਤ ਵਿਰੋਧ ਕੀਤਾ ਪਰ ਅੰਗਰੇਜ਼ ਸਰਕਾਰ ਨੇ ਸਾਰੇ ਸਿੱਖ ਲੀਡਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸੰਨ 1925 ਵਿਚ ਗੁਰਦੁਆਰਾ ਐਕਟ ਪਾਸ ਹੋਇਆ ਤਾਂ ਸਰ ਮੈਲਕਮ ਹੈਲੀ ਗਵਰਨਰ ਨੇ ਗ੍ਰਿਫ਼ਤਾਰ ਲੀਡਰਾਂ ਦੀ ਰਿਹਾਈ ਲਈ ਸ਼ਰਤਾਂ ਰੱਖ ਦਿੱਤੀਆਂ। ਇਸ ਦੌਰਾਨ ਗਵਰਨਰ ਫੁੱਟ ਪਾਉਣ ਵਿਚ ਕਾਮਯਾਬ ਰਿਹਾ। 40 ਲੀਡਰਾਂ ਵਿਚੋਂ 23 ਲੀਡਰ 25 ਜਨਵਰੀ 1926 ਨੂੰ ਸ਼ਰਤਾਂ ਪ੍ਰਵਾਨ ਕਰਕੇ ਰਿਹਾਅ ਹੋ ਗਏ, ਜਦਕਿ ਤੇਜ਼ਾ ਸਿੰਘ ਸਮੁੰਦਰੀ, ਮਾਸਟਰ ਤਾਰਾ ਸਿੰਘ, ਸੇਵਾ ਸਿੰਘ ਠੀਕਰੀਵਾਲਾ ਅਤੇ ਜਥੇਦਾਰ ਤੇਜਾ ਸਿੰਘ ਅਕਰਪੁਰੀ ਸਮੇਤ ਹੋਰ ਸਿੱਖ ਆਗੂਆਂ ਨੇ ਸ਼ਰਤਾਂ ਪ੍ਰਵਾਨ ਨਹੀਂ ਕੀਤੀਆਂ,, ਪਰ ਇਸੇ ਦੌਰਾਨ ਜੇਲ੍ਹ ਦੇ ਅੰਦਰ ਹੀ 17 ਜੁਲਾਈ 1926 ਨੂੰ ਤੇਜਾ ਸਿੰਘ ਸਮੁੰਦਰੀ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਬਾਕੀ ਆਗੂਆਂ ਨੇ ਮਾਸਟਰ ਤਾਰਾ ਸਿੰਘ ਨੂੰ ਆਪਣਾ ਆਗੂ ਮੰਨ ਲਿਆ। ਇਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਦਾ ਸਿੱਖ ਰਾਜਨੀਤੀ ਵਿਚ ਪ੍ਰਭਾਵ ਵਧਣਾ ਸ਼ੁਰੂ ਹੋ ਗਿਆ। ਉਹ ਸਮਾਂ ਵੀ ਆਇਆ ਜਦੋਂ ਆਪ ਜੀ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਈਆਂ। ਆਪ ਜੀ ਅਜਿਹੇ ਪਹਿਲੇ ਸਿੱਖ ਆਗੂ ਬਣੇ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਸੈਂਟਰਲ ਸਿੱਖ ਲੀਗ ਦੇ ਪ੍ਰਧਾਨ ਬਣਨ ਦਾ ਮਾਣ ਹਾਸਲ ਹੋਇਆ। ਆਪ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 7 ਵਾਰ ਪ੍ਰਧਾਨ ਬਣੇ।
ਸੰਨ 1930 ਵਿਚ ਆਪ ਜੀ ਨੇ ਮਹਾਤਮਾ ਗਾਂਧੀ ਦੀ ਨਾ ਮਿਲਵਰਤਨ ਲਹਿਰ ਦੌਰਾਨ ਆਪਣੇ ਸਾਥੀਆਂ ਸਮੇਤ ਗ੍ਰਿਫ਼ਤਾਰੀ ਦਿੱਤੀ ਅਤੇ ਫਿਰ 1931 ਵਿਚ ਆਪ ਨੂੰ ਰਿਹਾਅ ਕੀਤਾ ਗਿਆ। ਸੰਨ 1931 ਨੂੰ ਮਾਸਟਰ ਤਾਰਾ ਸਿੰਘ ਨੇ ਸੈਂਟਰਲ ਸਿੱਖ ਲੀਗ ਦੇ 9ਵੇਂ ਇਜਲਾਸ ਦੀ ਪ੍ਰਧਾਨਗੀ ਕੀਤੀ, ਜਿਸ ਵਿਚ ਮਹਾਤਮਾ ਗਾਂਧੀ ਵੀ ਸ਼ਾਮਲ ਹੋਏ। 15 ਅਗਸਤ 1947 ਨੂੰ ਭਾਵੇਂ ਦੇਸ਼ ਆਜ਼ਾਦ ਹੋ ਗਿਆ ਪਰ ਉਨ੍ਹਾਂ ਦਾ ਸੰਘਰਸ਼ ਹਾਲੇ ਵੀ ਖ਼ਤਮ ਨਹੀਂ ਸੀ ਹੋਇਆ। ਦੇਸ਼ ਦੀ ਵੰਡ ਤੋਂ ਬਾਅਦ ਫਰਵਰੀ 1949 ਵਿਚ ਦਿੱਲੀ ਵਿਚ ਆਪ ਜੀ ਨੂੰ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਆਪ ਅਕਾਲੀ ਕਾਨਫਰੰਸ ਵਿਚ ਹਿੱਸਾ ਲੈਣ ਲਈ ਜਾ ਰਹੇ ਸੀ। ਰਿਹਾਈ ਪਿੱਛੋਂ ਆਪ ਨੇ ਭਾਸ਼ਾ ਅਧਾਰਿਤ ਪੰਜਾਬੀ ਸੂਬੇ ਲਈ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ। ਸੰਨ 1960 ਵਿਚ ਹੋਈਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਮਾਸਟਰ ਜੀ ਨੇ 140 ਵਿਚੋਂ 136 ਸੀਟਾਂ ਜਿੱਤੀਆਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਪਰ ਕੁੱਝ ਸਮੇਂ ਬਾਅਦ ਪ੍ਰਧਾਨਗੀ ਛੱਡ ਕੇ ਆਪ ਪੰਜਾਬੀ ਸੂਬੇ ਦੇ ਅੰਦੋਲਨ ਵਿਚ ਕੁੱਦ ਪਏ, ਫਿਰ ਤੋਂ ਆਪ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 4 ਜਨਵਰੀ 1961 ਨੂੰ ਰਿਹਾਅ ਹੋ ਕੇ ਆਪ ਜੀ ਨੇ ਸੰਤ ਫਤਿਹ ਸਿੰਘ ਵੱਲੋਂ ਸ਼ੁਰੂ ਕੀਤਾ ਮਰਨ ਵਰਤ ਖੁੱਲ੍ਹਵਾਇਆ। ਮਾਸਟਰ ਤਾਰਾ ਸਿੰਘ ਪੰਜਾਬੀ ਦੇ ਇਕ ਸਾਹਿਤਕਾਰ ਹੋਣ ਦੇ ਨਾਲ ਨਾਲ ਪੱਤਰਕਾਰ ਵੀ ਸਨ,,ਜਿਨ੍ਹਾਂ ਵੱਲੋਂ ਕਈ ਰਸਾਲੇ ਅਤੇ ਅਖ਼ਬਾਰ ਸ਼ੁਰੂ ਕੀਤੇ ਗਏ। 22 ਨਵੰਬਰ 1967 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਅਤੇ ਇਹ ਮਹਾਨ ਸਖ਼ਸ਼ੀਅਤ ਸਾਥੋਂ ਸਦਾ ਲਈ ਵਿਛੜ ਗਈ।