ਅਰਦਾਸੀਏ ਸਿੰਘ ਵਲੋਂ ਭੇਂਟ ਸਿਰਪਾਉ ਤੋਂ ਵੱਡਾ ਨਹੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਸਿਰਪਾਉ : ਫੂਲਕਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ.ਐਸ ਫੂਲਕਾ ਨੇ ਦਿੱਲੀ ਤੋਂ ਸਪੋਕਸਮੈਨ ਦੇ ਇਸ ਪ੍ਰਤੀਨਿਧ ਨੂੰ ਜਾਣਕਾਰੀ ਦਿੰਦਿਆਂ ਕਿਹਾ........

H S Phoolka

ਬਰਨਾਲਾ : ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ.ਐਸ ਫੂਲਕਾ ਨੇ ਦਿੱਲੀ ਤੋਂ ਸਪੋਕਸਮੈਨ ਦੇ ਇਸ ਪ੍ਰਤੀਨਿਧ ਨੂੰ ਜਾਣਕਾਰੀ ਦਿੰਦਿਆਂ ਕਿਹਾ,''ਮੈਨੂੰ ਬੀਤੀ 18 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਤੋਂ ਅਰਦਾਸੀਏ ਸਿੰਘ ਵਲੋਂ ਸਿਰਪਾਉ ਭੇਂਟ ਕੀਤਾ ਗਿਆ ਸੀ, ਪਰ ਹੁਣ 26 ਜਨਵਰੀ ਨੂੰ ਸਾਨੂੰ ਦਿਤਾ ਜਾਣ ਵਾਲਾ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਸਿਰਪਾਉ ਉਸ ਤੋਂ ਜ਼ਿਆਦਾ ਅਹਿਮੀਅਤ ਨਹੀਂ ਰਖਦਾ।'' ਉਨ੍ਹਾਂ ਕਿਹਾ ਕਿ ਮੇਰੇ ਲਈ ਉਸ ਸਮੇਂ ਸਿਰਪਾਉ ਲੈਣਾ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਪ੍ਰੰਤੂ 84 ਕਤਲੇਆਮ ਦੇ ਲੜੇ ਗਏ ਕੇਸਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵਲੋਂ ਮੈਨੂੰ ਸਨਮਾਨਤ ਕਰਨ ਲਈ ਕਈ ਫ਼ੋਨ ਕਮੇਟੀ ਦੇ ਪ੍ਰਬੰਧਕਾਂ ਵਲੋਂ ਕੀਤੇ ਜਾ ਰਹੇ ਹਨ

ਪ੍ਰੰਤੂ ਅਜੇ ਤਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੈਨੂੰ ਕੋਈ ਫ਼ੋਨ ਨਹੀਂ ਕੀਤਾ ਨਾ ਹੀ ਇਸ ਸਬੰਧੀ ਕੋਈ ਚਿੱਠੀ ਪੱਤਰ ਭੇਜਿਆ ਗਿਆ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਨਮਾਨ ਕਰਨਾ ਚਾਹੁੰਦੀ ਹੈ ਤਾਂ ਉਹ 1984 ਸਿੱਖ ਕਤਲੇਆਮ ਨੂੰ ਲੈ ਕੇ ਸਿੱਖਾਂ ਦੇ ਕੇਸ ਲੜਨ ਵਾਲੇ ਉਨ੍ਹਾਂ ਵਕੀਲਾਂ ਸੋਲੀ ਸਰਾਵਜੀ,

ਸਾਬਕਾ ਅਟਾਰਨੀ ਜਨਰਲ ਅਤੇ ਦੁਸ਼ਿਅੰਤ ਦਵੇ ਸਾਬਕਾ ਪ੍ਰਧਾਨ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਆਦਿ ਦਾ ਸਨਮਾਨ ਕਰਨ ਲਈ ਇਨ੍ਹਾਂ ਅਹਿਮ ਸ਼ਖ਼ਸੀਅਤਾਂ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸਮਾਂ ਲੈ ਕੇ ਇਨ੍ਹਾਂ ਨਾਲ ਸਨਮਾਨਤ ਕਰਨਾ ਚਾਹੀਦਾ ਹੈ, ਨਾ ਕਿ ਇਨ੍ਹਾਂ ਨੂੰ ਮੀਡੀਆ ਜਾਂ ਫਿਰ ਫ਼ੋਨਾਂ ਰਾਹੀਂ ਸਨੇਹਾ ਭੇਜਿਆ ਜਾਵੇ ਕਿ ਇਥੇ ਹਾਜ਼ਰ ਹੋਵੇ ਤੁਹਾਨੂੰ ਸਨਮਾਨ ਕਰਨਾ ਹੈ।