ਹੋਰਨਾਂ ਤਰ੍ਹਾਂ ਦੀ ਪੂਜਾ ਦੀ ਬਜਾਏ ਪ੍ਰ੍ਰਮੇਸ਼ਰ ਦਾ ਨਾਮ ਲੈਣਾ ਹੀ ਅਸਲੀ ਪੂਜਾ : ਭਾਈ ਪੰਥਪ੍ਰੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੂਜਾ, ਵਰਤ, ਤਿਲਕ, ਇਸ਼ਨਾਨ, ਪੂਰਨਮਾਸ਼ੀ, ਮੱਸਿਆ, ਦਸਮੀਂ ਅਤੇ ਸੰਗਰਾਂਦ ਦਾ ਗੁਰਬਾਣੀ ਨਾਲ ਕੋਈ ਸਬੰਧ ਨਹੀਂ ਪਰ ਗਿਆਨਹੀਣ ਲੋਕਾਂ ਦੀ ਪੁਜਾਰੀਵਾਦ ਵਲੋਂ ਲੁੱਟ.........

Bhai Panthpreet Singh

ਕੋਟਕਪੂਰਾ : ਪੂਜਾ, ਵਰਤ, ਤਿਲਕ, ਇਸ਼ਨਾਨ, ਪੂਰਨਮਾਸ਼ੀ, ਮੱਸਿਆ, ਦਸਮੀਂ ਅਤੇ ਸੰਗਰਾਂਦ ਦਾ ਗੁਰਬਾਣੀ ਨਾਲ ਕੋਈ ਸਬੰਧ ਨਹੀਂ ਪਰ ਗਿਆਨਹੀਣ ਲੋਕਾਂ ਦੀ ਪੁਜਾਰੀਵਾਦ ਵਲੋਂ ਲੁੱਟ ਪਿਛਲੇ ਲੰਮੇ ਸਮੇਂ ਤੋਂ ਜਾਰੀ ਹੈ। ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਗੁਰਮਤਿ ਸਮਾਗਮ ਦੇ ਦੂਜੇ ਦਿਨ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਉੱਘੇ ਪ੍ਰਚਾਰਕ ਤੇ ਚਿੰਤਕ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਪੂਜਾ, ਵਰਤ, ਤਿਲਕ, ਇਸ਼ਨਾਨ, ਪੂਰਨਮਾਸ਼ੀ, ਮੱਸਿਆ, ਦਸਮੀਂ ਅਤੇ ਸੰਗਰਾਂਦ ਬਾਰੇ ਗੁਰਬਾਣੀ 'ਚੋਂ ਫ਼ੁਰਮਾਨ ਦਿੰਦਿਆਂ ਦਸਿਆ

ਕਿ ਗਿਆਨਹੀਣ ਅਰਥਾਤ ਅਨਜਾਣ ਲੋਕਾਂ ਨੂੰ ਫ਼ਜ਼ੂਲ ਰਸਮਾਂ ਦੇ ਨਾਂਅ 'ਤੇ ਪੁਜਾਰੀਵਾਦ ਵਲੋਂ ਪਿਛਲੇ ਲੰਮੇ ਸਮੇਂ ਤੋਂ ਜਾਰੀ ਲੁੱਟ ਅੱਜ ਵੀ ਬਰਕਰਾਰ ਹੈ ਤੇ ਇਹ ਸਿਲਸਿਲਾ ਭਵਿੱਖ 'ਚ ਵੀ ਉਨਾ ਸਮਾਂ ਜਾਰੀ ਰਹੇਗਾ, ਜਦੋਂ ਤਕ ਅਸੀਂ ਗਿਆਨਵਾਨ ਅਰਥਾਤ ਜਾਗ੍ਰਿਤ ਨਹੀਂ ਹੁੰਦੇ। ਉਨ੍ਹਾਂ ਦਸਿਆ ਕਿ ਪ੍ਰਮੇਸ਼ਰ ਦਾ ਨਾਮ ਲੈਣਾ ਹੀ ਅਸਲੀ ਪੂਜਾ ਹੈ ਅਤੇ ਪ੍ਰਮਾਤਮਾ ਨੂੰ ਯਾਦ ਕਰਨ ਲਈ ਅਰਥਾਤ ਪੂਜਾ ਕਰਨ ਵਾਸਤੇ ਕਿਸੇ ਸਮੱਗਰੀ ਜਾਂ ਫ਼ਜ਼ੂਲ ਰਸਮ ਦੀ ਜਰੂਰਤ ਹੀ ਨਹੀਂ ਪੈਂਦੀ ਪਰ ਪੂਜਾ ਦੇ ਨਾਂਅ 'ਤੇ ਦੇਸੀ ਘਿਉ, ਤੇਲ ਅਤੇ ਹੋਰ ਖਾਦ ਸਮੱਗਰੀ ਬੜੀ ਬੇਰਹਿਮੀ ਨਾਲ ਨਸ਼ਟ ਕੀਤੀ ਜਾ ਰਹੀ ਹੈ।

ਉਨ੍ਹਾਂ ਪੂਜਾ ਦੇ ਨਾਂਅ 'ਤੇ ਸਮਾਂ, ਸ਼ਕਤੀ ਤੇ ਵਿਅਰਥ ਜਾ ਰਹੇ ਸਰਮਾਏ ਦੀਆਂ ਅਨੇਕਾਂ ਉਦਾਹਰਣਾਂ ਦਿਤੀਆਂ ਅਤੇ ਵਰਤ ਦੀ ਪਰਿਭਾਸ਼ਾ ਬਿਆਨ ਕਰਦਿਆਂ ਉਨ੍ਹਾਂ ਦਸਿਆ ਕਿ ਇਕ ਜਾਂ ਜ਼ਿਆਦਾ ਦਿਨ ਅੰਨ ਨੂੰ ਤਿਆਗ ਦੇਣਾ ਹੀ ਵਰਤ ਨਹੀਂ ਬਲਕਿ ਅੱਖਾਂ ਮਾੜਾ ਨਾ ਦੇਖਣ, ਕੰਨ ਮਾੜਾ ਨਾ ਸੁਣਨ, ਮਨ ਮਾੜਾ ਨਾ ਸੋਚੇ, ਜੀਭ ਨਿੰਦਿਆ-ਚੁਗਲੀ ਆਦਿਕ ਤੋਂ ਪ੍ਰਹੇਜ ਕਰੇ, ਇਹ ਹੀ ਅਸਲ ਵਰਤ ਹੈ।

ਉਨ੍ਹਾਂ ਤੋਂ ਪਹਿਲਾਂ ਭਾਈ ਰਣਜੀਤ ਸਿੰਘ ਵਾੜਾਦਰਾਕਾ ਨੇ ਵੀ ਗੁਰਬਾਣੀ ਦੀ ਕਸਵੱਟੀ 'ਤੇ ਪੂਰੀਆਂ ਉਤਰਣ ਵਾਲੀਆਂ ਰਸਮਾਂ ਤੇ ਮਨੌਤਾਂ ਨੂੰ ਸਵੀਕਾਰ ਕਰਨ ਦਾ ਸੱਦਾ ਦਿੰਦਿਆਂ ਆਖਿਆ ਕਿ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਨੂੰ ਕੱਟਣ ਅਰਥਾਤ ਵਿਰੋਧੀ ਮਨੌਤਾਂ ਦਾ ਰੱਜ ਕੇ ਵਿਰੋਧ ਹੋਣਾ ਚਾਹੀਦਾ ਹੈ।