ਦਿੱਲੀ ਦੇ ਗੁਰਦਵਾਰੇ ਵਿਚ ਆਰ.ਐਸ.ਐਸ. ਦੇ ਸਮਾਗਮ ਨੂੰ ਲੈ ਕੇ ਭਖਿਆ ਵਿਵਾਦ
ਦਿੱਲੀ ਦੇ ਇਕ ਗੁਰਦਵਾਰੇ ਵਿਚ ਆਰ.ਐਸ.ਐਸ. ਦੇ ਅਖੌਤੀ ਸਮਾਗਮ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਵਧਦਾ ਜਾ ਰਿਹਾ ਹੈ। ਇਥੋਂ ਦੇ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ, ਡੀ-ਬਲਾਕ
ਨਵੀਂ ਦਿੱਲੀ, 14 ਅਗੱਸਤ (ਅਮਨਦੀਪ ਸਿੰਘ): ਦਿੱਲੀ ਦੇ ਇਕ ਗੁਰਦਵਾਰੇ ਵਿਚ ਆਰ.ਐਸ.ਐਸ. ਦੇ ਅਖੌਤੀ ਸਮਾਗਮ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਵਧਦਾ ਜਾ ਰਿਹਾ ਹੈ। ਇਥੋਂ ਦੇ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ, ਡੀ-ਬਲਾਕ, ਟੈਗੋਰ ਗਾਰਡਨ ਗੁਰਦਵਾਰੇ ਦੇ ਹਾਲ ਵਿਖੇ ਆਰ.ਐਸ.ਐਸ. ਦੇ ਗੁਰੂ ਦਕਸ਼ਣਾ ਨਾਮੀ ਪ੍ਰੋਗਰਾਮ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਿੱਲੀ ਗੁਰਦਵਾਰਾ ਕਮੇਟੀ ਕੋਲ ਪੁੱਜ ਗਿਆ ਸੀ ਜਿਸ ਤੋਂ ਬਾਅਦ ਪ੍ਰਧਾਨ ਸਣੇ ਹੋਰਨਾਂ ਅਹੁਦੇਦਾਰਾਂ ਨੂੰ ਪੰਜ ਪਿਆਰਿਆਂ ਨੇ ਸਜ਼ਾ ਲਾਈ ਸੀ ਤੇ ਅਹੁਦੇਦਾਰਾਂ ਨੇ ਸਜ਼ਾ ਪੂਰੀ ਕਰ ਲਈ ਸੀ।
ਵਿਵਾਦਤ ਸਮਾਗਮ ਤੋਂ ਬਾਅਦ ਹੁਣ ਯੂਨਾਈਟਡ ਸਿੱਖ ਮਿਸ਼ਨ ਜਥੇਬੰਦੀ ਦੇ ਕਨਵੀਨਰ ਸ. ਹਰਮਿੰਦਰ ਸਿੰਘ ਆਹਲੂਵਾਲੀਆ, ਬੀਬੀ ਪਰਮਜੀਤ ਕੌਰ, ਸੁਰਿੰਦਰ ਸਿੰਘ ਤੇ ਮਹਿੰਦਰ ਸਿੰਘ ਆਦਿ 'ਤੇ ਆਧਾਰਤ ਇਕ ਵਫ਼ਦ ਨੇ ਇਥੇ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਤੇ ਹੋਰਨਾਂ ਅਹੁਦੇਦਾਰਾਂ ਨਾਲ ਮੁਲਾਕਾਤ ਕਰ ਕੇ ਇਸ ਮਾਮਲੇ ਵਿਚ ਦਖ਼ਲਅੰਦਾਜ਼ੀ ਦੀ ਮੰਗ ਕੀਤੀ। ਵਫ਼ਦ ਨੇ ਕਮੇਟੀ ਨੂੰ ਮੌਜੂਦਾ ਪ੍ਰਧਾਨ ਦੀ ਲਾਂਭੇ ਕਰ ਕੇ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦੀ ਮੰਗ ਕੀਤੀ।
ਸ. ਹਰਮਿੰਦਰ ਸਿੰਘ ਨੇ ਦਸਿਆ ਕਿ ਸ. ਮਨਜੀਤ ਸਿੰਘ ਜੀ.ਕੇ. ਨੇ ਸੰਗਤ ਨੂੰ ਭਰੋਸਾ ਦਿਤਾ ਹੈ ਕਿ ਆਰ.ਐਸ.ਐਸ. ਦੀ ਗੁਰਦਵਾਰਿਆਂ ਵਿਚ ਅਖੌਤੀ ਦਖ਼ਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਸ ਮਸਲੇ ਵਿਚ ਕਮੇਟੀ ਛੇਤੀ ਠੋਸ ਕਾਰਵਾਈ ਕਰੇਗੀ। ਸ. ਹਰਮਿੰਦਰ ਸਿੰਘ ਨੇ ਦਸਿਆ ਕਿ ਸੰਗਤ ਨੇ ਜੀ.ਕੇ. ਤੋਂ ਵਿਵਾਦਤ ਕਮੇਟੀ ਨੂੰ ਭੰਗ ਕਰ ਕੇ ਮੁੜ ਚੋਣਾਂ ਕਰਵਾਉਣ ਦੀ ਬੇਨਤੀ ਵੀ ਕੀਤੀ ਹੈ। ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ. ਜਤਿੰਦਰ ਸਿੰਘ ਮੁਖੀ ਨੇ ਕਿਹਾ ਕਿ ਇਸ ਮਸਲੇ ਨੂੰੰ ਵਿਰੋਧੀਆਂ ਵਲੋਂ ਜਾਣਬੁੱਝ ਕੇ ਉਛਾਲਿਆ ਜਾ ਰਿਹਾ ਹੈ। ਸਮਾਗਮ ਲਈ ਹਾਲ ਦੇਣ ਦੀ ਭੁੱਲ ਅਣਜਾਣੇ ਵਿਚ ਹੋਈ ਸੀ ਤੇ ਬਾਅਦ ਵਿਚ ਪਤਾ ਲੱਗਾ ਸੀ ਕਿ ਇਹ ਆਰ.ਐਸ.ਐਸ. ਦਾ ਸਮਾਗਮ ਸੀ। ਕਮੇਟੀ ਨੇ ਖ਼ੁਦ ਹੀ ਪੰਜ ਪਿਆਰਿਆਂ ਕੋਲ ਪੇਸ਼ ਹੋ ਕੇ ਸਜ਼ਾ ਲਵਾ ਲਈ ਸੀ।
ਇਸ ਵਿਚਕਾਰ ਅੱਜ ਜਦ 'ਸਪੋਕਸਮੈਨ' ਵਲੋਂ ਸ. ਮਨਜੀਤ ਸਿੰਘ ਜੀ.ਕੇ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗੁਰਦਵਾਰੇ 'ਚ ਪੈਦਾ ਹੋਏ ਵਿਵਾਦ ਬਾਰੇ ਇਕ ਵਫ਼ਦ ਉਨ੍ਹਾਂ ਨੂੰ ਮਿਲਿਆ ਹੈ ਤੇ ਅਕਾਲ ਤਖ਼ਤ ਦੀ ਮਰਿਆਦਾ ਮੁਤਾਬਕ ਮਸਲਾ ਵਿਚਾਰਿਆ ਜਾਵੇਗਾ।