ਬੀਰ ਖ਼ਾਲਸਾ ਗਤਕਾ ਗਰੁਪ ਨੇ ਅਮਰੀਕਾ ਗਾਟਸ ਟੈਲੇਂਟ ਦਾ ਜਿਤਿਆ ਪਹਿਲਾ ਰਾਊਂਡ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦੇਸ਼ ਵਾਪਸ ਵਰਤਣ 'ਤੇ ਵੱਖ-ਵੱਖ ਜਥੇਬੰਦੀਆਂ ਨੇ ਕੀਤਾ ਭਰਵਾਂ ਸਵਾਗਤ

Pic-3

ਜੰਡਿਆਲਾ ਗੁਰੂ : ਦੇਸ਼-ਵਿਦੇਸ਼ ਦੀ ਸੰਗਤ ਅਤੇ ਵਸਦੇ ਸਮੂਹ ਪੰਜਾਬੀਆਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਮਾਰਸ਼ਲ ਆਰਟਸ ਗਤਕਾ ਰਾਹੀਂ ਦੇਸ਼ ਅਤੇ ਵਿਦੇਸ਼ੀ ਧਰਤੀ 'ਤੇ ਵੱਡਾ ਨਮਾਣਾ ਖੱਟਣ ਵਾਲੀ ਬੀਰ ਖ਼ਾਲਸਾ ਗਤਕਾ ਗਰੁਪ ਦੀ ਟੀਮ ਨੇ ਇਕ ਬਹੁਤ ਵੱਡਾ ਮਾਰਕਾ ਮਾਰਿਆ। ਦੁਨੀਆਂ ਦੇ ਸੱਭ ਤੋਂ ਵੱਡੇ ਟੈਲੇਂਟ ਸ਼ੋਅ ਮੰਨੇ ਜਾਂਦੇ ਅਮਰੀਕਾ ਦੀ ਧਰਤੀ 'ਤੇ ਹੋ ਰਹੇ ਯੂ.ਐਸ.ਏ ਗਾਟਸ ਟੈਲੇਂਟ ਮੁਕਾਬਲੇ ਵਿਚ ਹਿੱਸਾ ਲੈਣ ਪਹੁੰਚੇ ਬੀਰ ਖ਼ਾਲਸਾ ਗਤਕਾ ਗਰੁਪ ਦੇ ਤਿੰਨ ਮੈਂਬਰਾਂ ਨੇ ਅਪਣੇ ਵਧੀਆ ਪ੍ਰਦਰਸ਼ਨ ਰਾਹੀਂ ਪਹਿਲਾ ਰਾਊਂਡ ਪਾਸ ਕਰ ਲਿਆ ਹੈ।

ਇਥੋਂ ਤਕ ਕਿ ਬੀਰ ਖ਼ਾਲਸਾ ਗਤਕਾ ਗਰੁਪ ਦੇ ਮੈਂਬਰਾਂ ਵਲੋਂ ਜਦੋਂ ਸਿੰਘ ਸੱਜ ਕੇ ਮਾਰਸ਼ਲ ਆਰਟਸ ਪੇਸ਼ ਕੀਤਾ ਜਾ ਰਿਹਾ ਸੀ ਤਾਂ ਉਨ੍ਹਾਂ ਦੇ ਬਹਾਦਰੀ ਭਰੇ ਜੌਹਰ ਦੇਖ ਕੇ ਟੈਲੇਂਟ ਸ਼ੋਅ ਦੇ ਚਾਰੇ ਜੱਜ ਸਾਹਿਬਾਨ ਅਤੇ ਉਥੇ ਹਾਜ਼ਰ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਖੜੇ ਹੋ ਕੇ ਉਨ੍ਹਾਂ ਦੇ ਇਸ ਬਹਾਦਰੀ ਭਰੇ ਅਤੇ ਜੋਸ਼ੀਲੇ ਟੈਲੇਂਟ ਦੇਖ ਕੇ ਤਾੜੀਆਂ ਵਜਾਉਣ ਲਈ ਮਜਬੂਰ ਹੋ ਗਏ। ਅੰਮ੍ਰਿਤਸਰ ਵਿਖੇ ਬੀਰ ਖ਼ਾਲਸਾ ਗਤਕਾ ਗਰੁਪ ਦੇ ਮੁਖੀ ਕੰਵਲਜੀਤ ਸਿੰਘ ਪ੍ਰਿੰਸ, ਦੇਸ਼ ਦੇ ਸੱਭ ਤੋਂ ਉਚੇ ਕੱਦ ਦੇ ਨੌਜਵਾਨ ਜਗਦੀਪ ਸਿੰਘ ਅਤੇ ਤੀਸਰੇ ਮੈਂਬਰ ਕਰਨਜੀਤ ਸਿੰਘ ਦੇ ਸਨਮਾਨ ਲਈ ਸਿੱਖ ਗਤਕਾ ਫ਼ੈਡਰੇਸ਼ਨ ਦੇ ਪ੍ਰਧਾਨ ਮਨਮੋਹਨ ਸਿੰਘ ਭਾਗੋਵਾਲੀਆ ਅਤੇ ਉਨ੍ਹਾਂ ਦੀ ਟੀਮ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਦੀ ਅਗਵਾਈ ਵਿਚ ਹੋਰਨਾਂ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਇਹ ਸਨਮਾਨ ਕੀਤਾ ਗਿਆ।

ਇਸ ਮੌਕੇ ਬੋਲਦਿਆਂ ਮਨਮੋਹਨ ਸਿੰਘ ਭਾਗੋਵਾਲੀਆ ਪ੍ਰਧਾਨ ਸਿੱਖ ਗਤਕਾ ਫ਼ੈਡਰੇਸ਼ਨ ਅਤੇ ਗੁਰਪ੍ਰਤਾਪ ਸਿੰਘ ਟਿੱਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਨੇ ਕਿਹਾ ਕਿ ਸਾਡੇ ਲਈ ਬਹੁਤ ਮਾਣ ਅਤੇ ਸਤਿਕਾਰ ਵਾਲੀ ਗੱਲ ਹੈ ਕਿ ਬੀਰ ਖ਼ਾਲਸਾ ਗਤਕਾ ਗਰੁਪ ਦੇਸ਼ ਹੀ ਨਹੀਂ ਵਿਦੇਸ਼ਾਂ ਦੀ ਧਰਤੀ ਤੇ ਸਿੱਖ ਕੌਮ ਦਾ ਨਾਮ ਹੋਰ ਉੱਚਾ ਕਰ ਰਿਹਾ ਹੈ। ਇਸ ਮੌਕੇ ਬੀਰ ਖ਼ਾਲਸਾ ਗਰੁਪ ਦੇ ਮੁਖੀ ਕੰਵਲਜੀਤ ਸਿੰਘ ਪਿੰ੍ਰਸ ਨੇ ਦਸਿਆ ਕਿ ਉਨ੍ਹਾਂ ਦੀ ਟੀਮ ਪਹਿਲਾਂ ਇੰਡੀਆ ਗਾਟਸ ਟੈਲੇਂਟ, ਏਸ਼ੀਆ ਗਾਟਸ ਟੈਲੇਂਟ, ਚੈਕੋਸਲਵਾਸੀਆ ਗਾਟਸ ਟੈਲੇਂਟ, ਮਲੇਸ਼ੀਆ ਗਾਟਸ ਟੈਲੇਂਟ ਵਰਗੇ ਮੁਕਾਬਲਿਆਂ ਵਿਚ ਹਿੱਸਾ ਲੈਣ ਤੋਂ ਇਲਾਵਾ ਸਿੰਘਾਪੁਰ, ਜਪਾਨ, ਇਟਲੀ, ਮਸ਼ੇਲੀਆ ਅਤੇ ਹੋਰ ਕਈ ਦੇਸ਼ਾਂ ਵਿਚ ਵੀ ਅਪਣੇ ਜੌਹਰ ਦਿਖਾ ਚੁਕੀ ਹੈ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਸਪੇਨ, ਇਟਲੀ ਵਿਚ ਤਿੰਨ ਗਿੰਨੀਜ ਰੀਕਾਰਡ ਅਪਣੇ ਨਾਮ 'ਤੇ ਦਰਜ ਕਰਵਾ ਚੁਕੀ ਹੈ।