ਕੁੱਝ ਅਜੋਕੇ ਭਖਦੇ ਮਸਲੇ ਤੇ ਬਾਬੇ ਨਾਨਕ ਦੀ ਸਿੱਖਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਲਈ ਅਕਾਲ ਪੁਰਖ ਨੂੰ ਸਮਝ ਕੇ ਉਸ ਦੇ ਗੁਣਾਂ ਨੂੰ ਅਪਣੀ ਜ਼ਿੰਦਗੀ ਵਿਚ ਵਸਾਉਣਾ ਹੀ ਸਿੱਖੀ ਹੈ ਜਿਸ ਲਈ ਗੁਰੂ ਸਾਹਿਬਾਨ ਅਗਵਾਈ ਬਖ਼ਸ਼ਦੇ ਹਨ।              

Baba Nanak ji

ਅੱਜਕਲ੍ਹ ਕੁੱਝ ਸਿੱਖ ਵਿਦਵਾਨ ਤੇ ਪ੍ਰਚਾਰਕ ਪਹਿਲੀ ਪਾਤਸ਼ਾਹੀ ਦੀ ਮੁਢਲੀ ਸਿਖਿਆ ਤੇ ਕਾਇਮ ਨਾ ਰਹਿ ਕੇ ‘ਰੱਬ’, ਉਸ ਦੀ ‘ਕੁਦਰਤ’ ਅਤੇ ‘ਗੁਰੂ’ ਆਦਿ ਲਫ਼ਜ਼ਾਂ ਦੇ ਅਰਥਾਂ ਵਿਚ ਗੁਆਚ ਜਾਂਦੇ ਹਨ ਤੇ ਅਪਣੇ ਜੋਸ਼ ਜਾਂ ਹੰਕਾਰ ਵਿਚ ਇਕ ਦੂਜੇ ਨੂੰ ਹੀ ਲਾਹਨਤਾਂ ਪਾਈ ਜਾ ਰਹੇ ਹਨ। ਗੱਲ ਸ਼ਬਦੀ ਹਮਲਿਆਂ ਤੋਂ ਚੱਲ ਕੇ ਸ੍ਰੀਰਕ ਹਮਲਿਆਂ ਤਕ ਵੀ ਪਹੁੰਚ ਚੁੱਕੀ ਹੈ। ਇਹ ਪ੍ਰਖਣ ਲਈ ਕਿ ਇਹ ਹਮਲੇ ਕਿਥੋਂ ਤਕ ਜਾਇਜ਼ ਹਨ, ਇਨ੍ਹਾਂ ਸ਼ਬਦਾਂ ਨੂੰ ਗੁਰਬਾਣੀ ਤੇ ਵਿਗਿਆਨ ਦੀਆਂ ਖੋਜਾਂ ਦੇ ਪਿਛੋਕੜ ਵਿਚ ਸਮਝਣ ਦੀ ਜ਼ਰੂਰਤ ਹੈ।ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਰੇ ਗੁਰੂ ਸਾਹਿਬਾਨ ਸਾਡੇ ਲਈ ਸਤਿਕਾਰਯੋਗ ਹਨ ਪਰ ਇਹ ਵੀ ਸੱਚ ਹੈ ਕਿ ਬਾਅਦ ਵਿਚ ਆਉਣ ਵਾਲੇ ਗੁਰੂ ਸਾਹਿਬਾਨ ਪਹਿਲੇ ਗੁਰੂ ਦੀ ਸਿਖਿਆ ਤੋਂ ਕਦੇ ਵੀ ਬਾਹਰ ਨਹੀਂ ਗਏ ਤੇ ਹਰ ਸਿੱਖ ਦਾ ਫ਼ਰਜ਼ ਹੈ ਕਿ ਉਸ ਸਿਖਿਆ ਦੇ ਅਧੀਨ ਚੱਲ ਕੇ ਸਚਿਆਰੀ (truthful) ਜ਼ਿੰਦਗੀ ਜੀਵੇ।

Sikhs

ਸੋ ਇਹ ਮੁੱਦੇ ਬਾਬਾ ਨਾਨਕ ਸਾਹਿਬ ਦੀ ਮੁਢਲੀ ਸਿਖਿਆ ਦੇ ਅਧੀਨ ਵਿਚਾਰੇ ਜਾ ਸਕਦੇ ਹਨ। ਗੁਰੂ ਗ੍ਰੰਥ ਸਾਹਿਬ ਦੇ 1430 ਅੰਗਾਂ ਵਿਚੋਂ ਪਹਿਲੇ ਹੀ ਅੰਗ ਵਿਚ ਪਹਿਲੇ ਗੁਰੂ ਦੀ ਪਹਿਲੀ ਪਉੜੀ ਨੂੰ ਹੀ ਠੀਕ ਤਰ੍ਹਾਂ ਪੜ੍ਹ ਸਮਝ ਲਈਏ ਤਾਂ ਸਚਿਆਰੀ ਜ਼ਿੰਦਗੀ ਜਿਊਣ ਦਾ ਰਾਹ ਦਿਸਣ ਲੱਗ ਪੈਂਦਾ ਹੈ। ਪਹਿਲੀ ਪਉੜੀ ਤਕ ਸੰਖੇਪ ਜਹੀ ਵਿਆਖਿਆ ਤੋਂ ਬਾਅਦ ਅੱਗੇ ਗੱਲ ਤੋਰ ਸਕਦੇ ਹਾਂ। ਮੂਲ ਮੰਤਰ (ਜਾਂ ਮੂਲ ਸ਼ਬਦ?) ਵਿਚ ਇਕ ਅਕਾਲ ਪੁਰਖ ਦੇ ਪ੍ਰਭਾਸ਼ਕ ਗੁਣ ਬਿਆਨੇ ਗਏ ਹਨ। ਇਨ੍ਹਾਂ ਵਿਚ ਵੀ ਸੱਭ ਤੋਂ ਪਹਿਲਾ ਗੁਣ ਇਹ ਦਸਿਆ ਗਿਆ ਹੈ ਕਿ ਉਹ ਇਕ ਹੀ ਹੈ ਤੇ ਸਰਬਵਿਆਪਕ ਹੈ। ਸਿਰਫ਼ ਉਹੀ ਸੱਚਾ (ਭਾਵ, ਹੋਂਦ ਵਾਲਾ) ਹੈ ਤੇ ਸਿਰਜਣਹਾਰ ਹੈ। ਉਹ ਡਰ ਤੇ ਵੈਰ ਤੋਂ ਰਹਿਤ ਹੈ। ਉਹ ਕਾਲ-ਰਹਿਤ ਹੈ, ਜੂਨਾਂ ਵਿਚ ਨਹੀਂ ਆਉਂਦਾ ਤੇ ਅਪਣੇ ਆਪ ਤੋਂ ਹੀ ਹੈ ਤੇ ਗੁਰੂ ਦੀ ਕ੍ਰਿਪਾ ਨਾਲ ਉਸ ਨੂੰ ਸਮਝਿਆ ਜਾ ਸਕਦਾ ਹੈ।

sri guru granth sahib

ਪਰ ਜੇਕਰ ਉਹ ਇਕ ਹੀ ਹੈ ਜਿਸ ਨੇ ਸਾਰਾ ਕੁੱਝ ਪੈਦਾ ਕੀਤਾ ਹੈ, ਤਾਂ ਅਸੀ ਸਾਰੇ ਉਸ ਦੀ ਹੀ ਪੈਦਾਇਸ਼ ਹੋਏ। ਫਿਰ ਸਾਡੇ ਵਿਚੋਂ ਕੋਈ ਵੀ ਜਨਮ ਕਰ ਕੇ ਵੱਡਾ ਛੋਟਾ ਕਿਵੇਂ ਹੋ ਸਕਦਾ ਹੈ? ਇਸ ਵਿਚੋਂ ਮਨੁੱਖੀ ਨਸਲ ਦੇ ਸਾਰੇ ਜੀਵਾਂ ਦੀ ਬਰਾਬਰੀ ਦਾ ਅਸੂਲ ਦਿਸਦਾ ਹੈ। ਇਸ ਤਰ੍ਹਾਂ ਮਨੁੱਖੀ ਬਰਾਬਰੀ ਦਾ ਅਸੂਲ ਪੂਰੀ ਤਰ੍ਹਾਂ ਕੁਦਰਤੀ ਹੈ ਤੇ ਇਸ ਤੋਂ ਵਖਰਾ ਕੋਈ ਵੀ ਅਸੂਲ ਇਕ ਮਨੁੱਖ ਦੁਆਰਾ ਦੂਜੇ ਮਨੁੱਖਾਂ ਤੇ ਥੋਪਿਆ ਹੋਇਆ ਅਸੂਲ ਹੈ ਜਿਵੇਂ ਜਾਤ, ਨਸਲ, ਰੰਗ, ਧਰਮ, ਸ੍ਰੀਰਕ ਬਣਤਰ, ਕੱਦ-ਕਾਠ ਆਦਿ ਤੇ ਆਧਾਰਤ ਅਸੂਲ। ਜੇਕਰ ਰੱਬ ਸਰਬਵਿਆਪਕ ਹੈ ਤਾਂ ਹਰ ਜੀਵ ਵਿਚ ਉਹੀ ਮੌਜੂਦ ਹੈ ਤਾਂ ਕੁਦਰਤੀ ਹੈ ਕਿ ਮਨੁੱਖੀ ਨਸਲ ਇਕ ਭਾਈਚਾਰਾ ਹੈ। ਇਸ ਅਸੂਲ ਲਈ ਕਿਸੇ ਵੀ ਬਨਾਵਟੀ ਮਨੁੱਖੀ ਸਿਧਾਂਤ (ਜਿਵੇਂ ਪੂੰਜੀਵਾਦ ਜਾਂ ਕਮਿਊਨਿਜ਼ਮ) ਦੀ ਜ਼ਰੂਰਤ ਨਹੀਂ। ਦੱਸੇ ਗਏ ਗੁਣ ਦਰਸਾਉਂਦੇ ਹਨ ਕਿ ਮਨੁੱਖੀ ਵਿਕਾਰਾਂ ਦੇ ਘਾਟੇ ਵਾਧੇ ਨਾਲ ਸਬੰਧਤ ਤਪੱਸਿਆਵਾਂ, ਜੋਗ, ਅਭਿਆਸ, ਸਮਾਧੀ ਵਗ਼ੈਰਾ ਨਾਲ ਉਸ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ।

ਇਸ ਦਾ ਮਤਲਬ ਮਨੁੱਖੀ ਵਿਕਾਰਾਂ ਨੂੰ ਖ਼ਤਮ ਕਰਨਾ ਵੀ ਨਹੀਂ ਹੋ ਸਕਦਾ ਕਿਉਂਕਿ ਮਨੁੱਖ ਦੀਆਂ ਕੁਦਰਤੀ ਹੱਦਾਂ ਹੋਣ ਕਰ ਕੇ ਇਹ ਅਸੰਭਵ ਹੈ। ਆਮ ਲੋਕਾਂ ਨੂੰ ਮੂਰਖ ਬਨਾਉਣ ਤੇ ਲੁੱਟਣ ਲਈ ਵਿਕਾਰਾਂ ਨੂੰ ਖ਼ਤਮ ਕਰਨ ਦਾ ਪਾਖੰਡ ਜੋਗੀਆਂ, ਸਾਧਾਂ ਤੇ ਪੁਜਾਰੀਆਂ ਨੂੰ ਰਾਸ ਆਉਂਦਾ ਹੈ। ਇਸੇ ਲਈ ਗੁਰੂਆਂ ਨੇ ਇਹੋ ਜਹੇ ਘਰਬਾਰ ਛੱਡਣ ਤੇ ਪਾਖੰਡ ਕਰਨ ਵਾਲਿਆਂ ਨੂੰ ਗੁਰਬਾਣੀ ਵਿਚ ਬਾਰ-ਬਾਰ ਸੱਚ ਸੁਣਾਇਆ ਹੈ। ਅਸਲ ਉਪਦੇਸ਼ ਵਿਕਾਰਾਂ ਨੂੰ ਕਾਬੂ ਵਿਚ ਰੱਖਣ ਦਾ ਹੈ ਜਿਵੇਂ ‘ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ॥’ (466) ਕਿਉਂਕਿ ਉਸ ਦਾ ਵਰਤਾਰਾ ਸੱਭ ਲਈ ਬਰਾਬਰ ਹੈ, ਇਸ ਕਰ ਕੇ ਸੱਭ ਵਿਚੋਲੇ ਬੇਕਾਰ ਹਨ। ਇਸੇ ਕਰ ਕੇ ਸਿੱਖਾਂ ਵਿਚ ਪੁਜਾਰੀ ਪੇਸ਼ੇ (ਪਾਠੀ, ਗ੍ਰੰਥੀ, ਅਖੰਡ ਪਾਠੀ, ਭਾਈ ਜੀ ਆਦਿ) ਦਾ ਪੈਦਾ ਹੋਣਾ ਬਾਬਾ ਨਾਨਕ ਸਾਹਿਬ ਦੀ ਸਿਖਿਆ ਤੋਂ ਦੂਰ ਜਾਣ ਦੀ ਸੱਭ ਤੋਂ ਘਟੀਆ ਅਲਾਮਤ ਹੈ। ਗੁਰੂ ਦਾ ਸ਼ਰਧਾ ਨਾਲ ਸਤਿਕਾਰ ਕਰਨਾ ਤੇ ਗੁਰੂ ਦੀ ਕਰਮਕਾਂਡੀ ਪੂਜਾ ਕਰਨਾ ਦੋ ਬਿਲਕੁਲ ਵੱਖ-ਵੱਖ ਗੱਲਾਂ ਹਨ। ਗੁਰੂ ਦਾ ਸਤਿਕਾਰ ਕਰਨ ਨਾਲ ਅਪਣੇ ਆਪ ਵਿਚ ਗੁਰੂ ਵਰਗੇ ਗੁਣ ਪੈਦਾ ਕਰਨ ਦੀ ਇੱਛਾ ਪੈਦਾ ਹੁੰਦੀ ਹੈ ਪਰ ਉਸ ਦੀ ਪੂਜਾ ਕਰਨ ਨਾਲ ਗੁਰੂ ਤੋਂ ਦੂਰੀ ਵਧਦੀ ਹੈ ਪਰ ਪਾਠੀ ਪੇਸ਼ੇ ਵਾਲਿਆਂ ਨੇ ਅਪਣੇ ਰੋਜ਼ਗਾਰ ਵਿਚ ਵਾਧਾ ਕਰਨ ਲਈ ਸਿੱਖਾਂ ਨੂੰ ਸਤਿਕਾਰ ਕਰਨ ਦੇ ਬਹਾਨੇ ਪੂਜਾ ਕਰਨ ਵਾਲੇ ਪਾਸੇ ਮੋੜ ਲਿਆ ਹੈ ਜਿਸ ਨਾਲ ਸਿੱਖਾਂ ਦੀ ਗੁਰੂ ਤੋਂ ਦੂਰੀ ਵਧੀ ਹੈ ਤੇ ਉਨ੍ਹਾਂ ਦੇ ਬ੍ਰਾਹਮਣਵਾਦ ਵਿਚ ਗ਼ਰਕ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ ਜੋ ਸਿਰਫ਼ ਪੂਜਾ ਦੇ ਕਰਮਕਾਂਡ ਤੇ ਪਲਦਾ ਹੈ।

ਰੱਬ ਦਾ ਕਾਲ-ਰਹਿਤ ਹੋਣਾ, ਜੂਨਾਂ ਵਿਚ ਨਾ ਆਉਣਾ ਤੇ ਅਪਣੇ ਆਪ ਤੋਂ ਹੋਣਾ ਇਹ ਦਰਸਾਉਂਦਾ ਹੈ ਕਿ ਸਿੱਖੀ ਵਿਚ ਅਵਤਾਰਵਾਦ ਦੀ ਕੋਈ ਥਾਂ ਨਹੀਂ। ਸਿੱਖ ਨਾ ਤਾਂ ਕਿਸੇ ਨੂੰ ਰੱਬ ਦਾ ਪੁੱਤਰ ਮੰਨਦੇ ਹਨ, ਨਾ ਰੱਬ ਦਾ ਪੈਗੰਬਰ ਤੇ ਨਾ ਹੀ ਰੱਬ ਦਾ ਅਵਤਾਰ। ਇਹ ਪੁਛਿਆ ਜਾ ਸਕਦਾ ਹੈ ਕਿ ਸਿੱਖ ਫਿਰ ਗੁਰੂਆਂ ਨੂੰ ਕਿਹੜਾ ਸਥਾਨ ਦੇਂਦੇ ਹਨ? ਪਰ ਸੋਚਣ ਵਾਲੀ ਗੱਲ ਇਹ ਹੈ ਕਿ, ਕੀ ਪਹਿਲਾਂ ਤੋਂ ਮੌਜੂਦ ਧਰਮਾਂ ਦੀ ਸ਼ਬਦਾਵਲੀ ਵਿਚ ’ਗੁਰੂ’ ਨੂੰ ਪ੍ਰਭਾਸ਼ਤ ਕਰਨਾ ਸਾਡੇ ਲਈ ਜ਼ਰੂਰੀ ਹੈ? ਜੇ ਇਹ ਜ਼ਰੂਰੀ ਹੈ ਤਾਂ ਸਿੱਖ ਵੀ ਇਹ ਪੁੱਛਣ ਦਾ ਹੱਕ ਰਖਦੇ ਹਨ ਕਿ ਜਿਨ੍ਹਾਂ ਨੂੰ ਦੂਜੇ ਲੋਕ ਰੱਬ ਦਾ ਪੁੱਤਰ, ਪੈਗ਼ੰਬਰ ਜਾਂ ਅਵਤਾਰ ਕਹਿੰਦੇ ਹਨ ਕੀ ਉਹ ਗੁਰੂ ਸਨ? ਗੁਰੂ ਦਾ ਸਥਾਨ ਗੁਰੂ ਵਲੋਂ ਰੱਬ ਦੇ ਦਰਸਾਏ ਗੁਣਾਂ ਵਿਚੋਂ ਹੀ ਲੱਭਣਾ ਚਾਹੀਦਾ ਹੈ। ਸਪੱਸ਼ਟ ਹੈ ਕਿ ਜਿਸ ਤਰ੍ਹਾਂ ਦਾ ‘ਰੱਬ’ ਮੂਲਮੰਤਰ ਵਿਚ ਪਹਿਲੇ ਗੁਰੂ ਨੇ ਖ਼ੁਦ ਚਿਤਵਿਆ ਹੈ, ਗੁਰੂ ਨੂੰ ਉਸ ਤਰ੍ਹਾਂ ਦਾ ਰੱਬ ਨਹੀਂ ਕਿਹਾ ਜਾ ਸਕਦਾ। ਪਰ ਜੇਕਰ ਰੱਬ ਸਰਬਵਿਆਪਕ ਹੈ ਤਾਂ ਉਹ ਗੁਰੂ ਵਿਚ ਵੀ ਤਾਂ ਮੌਜੂਦ ਹੀ ਹੈ। ਆਮ ਤੌਰ ਤੇ ‘ਉਸਤਾਦ’ ਜਾਂ ‘ਗੁਰੂ’ ਸ਼ਬਦ ਅਜਿਹੇ ਮਨੁੱਖ ਲਈ ਵਰਤਿਆ ਜਾਂਦਾ ਹੈ, ਜੋ ਦੂਜਿਆਂ ਨੂੰ ਕਿਸੇ ਹੁਨਰ ਵਿਚ ਅਗਵਾਈ ਦੇ ਸਕਦਾ ਹੋਵੇ।

ਅਸੀ ਅਪਣੇ ਗੁਰੂਆਂ ਨੂੰ ਉਸ ਰੂਪ ਵਿਚ ਚਿਤਵ ਸਕਦੇ ਹਾਂ ਜਿਸ ਵਿਚ ਉਹ ਸਾਨੂੰ ਇਕ ਸਚਿਆਰੀ ਜ਼ਿੰਦਗੀ ਜਿਊਣ ਦੇ ਹੁਨਰ ਲਈ ਸਰਬਕਾਲੀ ਅਗਵਾਈ ਦੇਣ ਦੇ ਸਮਰੱਥ ਹਨ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਥਾਪਣ ਪਿਛੇ ਇਕ ਕਾਰਨ ਸਿੱਖਾਂ ਨੂੰ ਸਰਬਕਾਲੀ ਅਗਵਾਈ ਦੇਣਾ ਵੀ ਹੈ। ਇਨ੍ਹਾਂ ਅਰਥਾਂ ਵਿਚ ਸਿੱਖਾਂ ਦਾ ਗੁਰੂ ਆਮ ਮਨੁੱਖ ਨਹੀਂ ਹੈ। ਬਲਕਿ, ਵਿਗਿਆਨਕ ਸ਼ਬਦਾਵਲੀ ਵਿਚ, ਸਿਰਜਣਹਾਰ ਦੀ ਹੀ ਕੁਦਰਤ ਨੇ ਅਪਣੇ ਵਿਕਾਸ ਦੌਰਾਨ ਸਾਨੂੰ ਮਨੁੱਖੀ ਰੂਪ ਵਿਚ ਅਜਿਹਾ ਆਗੂ ਦਿਤਾ ਜੋ ਗੁਰੂ ਹੋਣ ਦੀ ਹੈਸੀਅਤ ਨੂੰ ਪਹੁੰਚ ਗਿਆ ਹੈ। ਇਸ ਲਈ ਇਹ ਬਹਿਸ ਬੇਕਾਰ ਹੈ ਕਿ ਉਹ ਮਨੁੱਖ ਹੈ ਜਾਂ ਰੱਬ। ਗੁਰੂ ਦੀ ਹੈਸੀਅਤ ਨੂੰ ਰੂਹਾਨੀਅਤ, ਅਧਿਆਤਮ, ਆਤਮਕ, ਸਪਿਰਚੂਅਲ, ਚਮਤਕਾਰੀ ਆਦਿ ਦੂਜੇ ਧਰਮਾਂ ਦੇ ਪੁਜਾਰੀਵਾਦੀ ਸ਼ਬਦਾਂ ਨਾਲ ਉਲਝਾਉਣਾ ਨਹੀਂ ਚਾਹੀਦਾ। ਸਾਡੇ ਲਈ ਉਹ ਗੁਰੂ ਹੈ। ਬੱਸ, ਉਹ ਹਰ ਸਥਾਨ ਵਿਚ, ਹਰ ਕਾਲ ਵਿਚ ਸਿੱਖਾਂ ਦੀ ਅਗਵਾਈ ਕਰਨ ਦੇ ਸਮਰੱਥ ਹੈ। ਸਿੱਖਾਂ ਲਈ ਲੋੜ ਹੈ ਤਾਂ ਕੇਵਲ ਗੁਰੂ ਦੀ ਬਾਣੀ ਵਿਚੋਂ, ਚੱਲ ਰਹੇ ਸਮੇਂ ਤੇ ਸਥਾਨ ਲਈ, ਲੋੜੀਂਦਾ ਗਿਆਨ ਪੜ੍ਹ ਸਮਝ ਕੇ ਅਗਵਾਈ ਹਾਸਲ ਕਰ ਲੈਣ ਦੀ।

SIKH

ਆਮ ਕਰ ਕੇ ਮੂਲਮੰਤਰ ਦੇ ਆਖ਼ਰੀ ਲਫ਼ਜ਼ ‘ਗੁਰਪ੍ਰਸਾਦਿ’ ਦੇ ਅਰਥ ਇਸ ਤਰ੍ਹਾਂ ਕੀਤੇ ਜਾਂਦੇ ਹਨ ਕਿ ਗੁਰੂ ਦੀ ਕ੍ਰਿਪਾ ਨਾਲ ਰੱਬ ਨੂੰ ਮਿਲਿਆ ਜਾ ਸਕਦਾ ਹੈ। ਇਹ ਠੀਕ ਨਹੀਂ ਲਗਦਾ। ਗੁਰੂ ਨੇ ਰੱਬ ਦੇ ਜਿਸ ਤਰ੍ਹਾਂ ਦੇ ਗੁਣ ਮੂਲਮੰਤਰ ਵਿਚ ਦੱਸੇ ਹਨ, ਉਨ੍ਹਾਂ ਗੁਣਾਂ ਵਾਲੇ ਰੱਬ ਨੂੰ ਕੋਈ ਮਨੁੱਖ ਕਿਸ ਤਰ੍ਹਾਂ ‘ਮਿਲ’ ਸਕਦਾ ਹੈ? ਉਹ ਤਾਂ ਕਣ-ਕਣ ਵਿਚ ਅਰਥਾਤ, ਮਨੁੱਖ ਦੇ ਅੰਦਰ ਹੀ ਮੌਜੂਦ ਦਸਿਆ ਗਿਆ ਹੈ। ਇਸ ਲਈ ਮਨੁੱਖ ਵਾਸਤੇ ਰੱਬ ਨੂੰ ਸਮਝ ਸਕਣਾ ਹੀ ਸੱਭ ਤੋਂ ਵੱਡਾ ਕੰਮ ਹੈ। ਪ੍ਰਭੂ-ਮਿਲਣ ਬਾਰੇ ਗੁਰਬਾਣੀ ਵਿਚ ਆਉਂਦੇ ਸ਼ਬਦਾਂ ਨੂੰ ਇਨ੍ਹਾਂ ਅਰਥਾਂ ਵਿਚ ਹੀ ਲੈਣਾ ਚਾਹੀਦਾ ਹੈ। ਸਿੱਖ ਲਈ ਅਕਾਲ ਪੁਰਖ ਨੂੰ ਸਮਝ ਕੇ ਉਸ ਦੇ ਗੁਣਾਂ ਨੂੰ ਅਪਣੀ ਜ਼ਿੰਦਗੀ ਵਿਚ ਵਸਾਉਣਾ ਹੀ ਸਿੱਖੀ ਹੈ ਜਿਸ ਲਈ ਗੁਰੂ ਸਾਹਿਬਾਨ ਅਗਵਾਈ ਬਖ਼ਸ਼ਦੇ ਹਨ।                 

ਪਹਿਲੇ ਸਲੋਕ ਵਿਚ ਵੀ ਗੁਰੂ ਸਾਹਿਬ ਨੇ ਅਕਾਲ ਪੁਰਖ ਦਾ ਮੁੱਢ ਤੋਂ ਹੀ ਹੋਣਾ ਪੱਕਾ ਕੀਤਾ ਹੈ। ਸ਼ਬਦ ‘ਆਦਿ ਜੁਗਾਦਿ’ ਵਰਤਣ ਦਾ ਅਰਥ ਵੀ ਇਹੀ ਜਾਪਦਾ ਹੈ ਕਿ ਮਨੁੱਖ ਨੂੰ ਜਿਸ ਵੀ ਜੁੱਗ ਦਾ ਪਤਾ ਹੈ ਉਸ ਤੋਂ ਪਹਿਲਾਂ ਵੀ ਉਹੀ ਸੀ ਤੇ ਆਉਣ ਵਾਲੇ ਜੁੱਗਾਂ ਦੇ ਬੀਤਣ ਤੋਂ ਬਾਅਦ ਵੀ ਉਹੀ ਹੋਵੇਗਾ। ਵਿਗਿਆਨਕ ਸ਼ਬਦਾਵਲੀ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਕਿਸੇ ਵੱਡੇ ਧਮਾਕੇ (2ig 2ang) ਤੋਂ ਪਹਿਲਾਂ ਵੀ ਉਹੀ ਸੀ ਤੇ ਜਦੋਂ ਫਿਰ ਕਦੀ ਪਿਚਕਾਅ ਜਾਂ ਹੋਰ ਧਮਾਕਾ ਹੋਇਆ ਤਾਂ ਉਸ ਵੇਲੇ ਤੇ ਉਸ ਤੋਂ ਬਾਅਦ ਵੀ ਉਹੀ ਹੋਵੇਗਾ। ਮੂਲਮੰਤਰ ਤੇ ਪਹਿਲੇ ਸਲੋਕ ਵਿਚ ਅਕਾਲ ਪੁਰਖ ਦੇ ਗੁਣ ਦੱਸਣ ਤੋਂ ਬਾਅਦ ਗੁਰੂ ਸਾਹਿਬ ਨੇ ਮਨੁੱਖਤਾ ਲਈ ਤੇ ਖ਼ਾਸ ਕਰ ਕੇ ਸਿੱਖਾਂ ਲਈ ਮੁਢਲੀ ਜਾਂ ਪਹਿਲੀ ਸਿਖਿਆ ਪਹਿਲੀ ਪਉੜੀ ਵਿਚ ਹੀ ਦੇ ਦਿਤੀ ਹੈ।

ਪਹਿਲੀ ਪਉੜੀ ਵਿਚ ਗੁਰੂ ਸਾਹਿਬ ਨੇ ਉਸ ਵੇਲੇ ਚਲਦੀਆਂ ਵਿਧੀਆਂ ਤੇ ਵਹਿਮਾਂ ਭਰਮਾਂ (ਜਿਨ੍ਹਾਂ ਨਾਲ ਪੁਜਾਰੀ ਤਬਕਾ ਆਮ ਲੋਕਾਂ ਨੂੰ ਬੁੱਧੂ ਬਣਾਉਂਦਾ ਸੀ ਤੇ ਰੱਬ ਨੂੰ ‘ਮਿਲਣ’ ਦਾ ਰਾਹ ਦਸਦਾ ਸੀ) ਦਾ ਜ਼ਿਕਰ ਕੀਤਾ ਹੈ ਤੇ ਦਸਿਆ ਹੈ ਕਿ ਵਾਰ-ਵਾਰ ਤੀਰਥ ਇਸ਼ਨਾਨ, ਲੰਮੀਆਂ-ਲੰਮੀਆਂ ਸਮਾਧੀਆਂ ਤੇ ਮੌਨ ਵਰਤ, ਤਰ੍ਹਾਂ-ਤਰ੍ਹਾਂ ਦੇ ਵਰਤ ਤੇ ਸੁਆਦਲੇ ਖਾਣੇ ਤੇ ਵੱਧ ਤੋਂ ਵੱਧ ਚਤੁਰਾਈਆਂ, ਸਿਆਣਪਾਂ ਤੋੜ ਤਕ ਨਹੀਂ ਨਿਭਦੀਆਂ ਭਾਵ ਰੱਬ ਵਲ ਨਹੀਂ ਲਿਜਾਂਦੀਆਂ। ਰੱਬ ਇਸ ਕੂੜ ਦੀ ਕੰਧ ਤੋਂ ਅੱਗੇ ਹੈ ਤੇ ਉਸ ਬਾਰੇ ਜਾਣਨ ਲਈ ਉਸ ਦੀ ਸਾਜੀ ਕੁਦਰਤ ਨੂੰ ਸਮਝਣਾ ਤੇ ਉਸ ਦੇ ਅਸੂਲਾਂ ਨਾਲ ਮਿਲ ਕੇ ਚਲਣਾ ਜ਼ਰੂਰੀ ਹੈ। ਜਦੋਂ ਗੁਰੂ ਸਾਹਿਬ ਕਹਿੰਦੇ ਹਨ ਕਿ ਇਹ ਤਰੀਕਾ ਮੁੱਢੋਂ ਹੀ ਨਾਲ ਲਿਖਿਆ ਚਲਿਆ ਆ ਰਿਹਾ ਹੈ (‘ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥’) ਤਾਂ ਇਸ ਦਾ ਅਰਥ ਹੈ ਕਿ ਮਨੁੱਖ ਜਿਹੜੀਆਂ ਕੁਦਰਤੀ ਹੱਦਾਂ ਲੈ ਕੇ ਇਸ ਧਰਤੀ ਤੇ ਆਇਆ ਹੈ ਤੇ ਚੱਲ ਰਿਹਾ ਹੈ, ਉਨ੍ਹਾਂ ਹਾਲਾਤ ਵਿਚ ਉਹ ਕੁਦਰਤ ਦੇ ਨੇਮਾਂ ਦੀ ਉਲੰਘਣਾ ਨਹੀਂ ਕਰ ਸਕਦਾ। ਦੂਜੇ ਸ਼ਬਦਾਂ ਵਿਚ ਉਸ ਦੀ ਹੋਣੀ ਉਸ ਦੇ ਮੁੱਢ, ਅਰਥਾਤ ਪੈਦਾਇਸ਼, ਨਾਲ ਜੁੜੀ ਹੋਈ ਹੈ, ਜੋ ਮਨੁੱਖ ਨੂੰ ਸੀਮਤ ਜਹੀ ਸ਼ਕਤੀ ਹੀ ਦਿੰਦੀ ਹੈ। ਇਹ ਸਿਖਿਆ ਗੁਰਬਾਣੀ ਦੇ ਅਨੁਕੂਲ ਤਾਂ ਹੈ ਹੀ, ਅੱਜ ਦੀ ਗਿਆਨਵਾਦੀ ਜਾਂ ਵਿਗਿਆਨਕ ਸੋਚ ਦੇ ਵੀ ਪੂਰੀ ਤਰ੍ਹਾਂ ਅਨੁਕੂਲ ਹੈ।

ਹੁਣ ਵੇਖਦੇ ਹਾਂ ਅੱਜ ਦਾ ਵਿਗਿਆਨ ਕੀ ਕਹਿੰਦਾ ਹੈ? ਹੁਣ ਤਕ ਮੋਟੇ ਤੌਰ ਉਤੇ ਇਹ ਸਮਝ ਬਣਦੀ ਹੈ ਕਿ ਪੌਣੇ 14 ਕੁ ਅਰਬ ਸਾਲ ਪਹਿਲਾਂ ਹੋਏ ਵੱਡੇ ਧਮਾਕੇ (2ig 2ang) ਤੋਂ ਪਹਿਲਾਂ ਧੁੰਦੂਕਾਰਾ ਸੀ ਅਤੇ ਇਸ ਧਮਾਕੇ ਤੋਂ ਬਾਅਦ ਇਸ ਸੰਸਾਰ ਦੀ ਸਿਰਜਣਾ ਹੋਈ ਹੈ ਤੇ ਅਣਗਿਣਤ ਜੀਵਨ-ਪ੍ਰਵਾਹ (ਦਰੀਆਉ) ਚੱਲੇ ਹਨ ਜਿਸ ਨੂੰ ਅਸੀ ‘ਕੁਦਰਤ’ ਦਾ ਨਾਂ ਵੀ ਦੇਂਦੇ ਹਾਂ। ਥੋੜੇ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਵੱਡੇ ਧਮਾਕੇ ਤੋਂ ਬਾਅਦ ਅਨੇਕਾਂ ਕਣ-ਬੱਦਲਾਂ (Particle 3louds) ਦਾ ਖ਼ਲਾਅ ਵਿਚ ਜ਼ਬਰਦਸਤ ਫੈਲਾਅ ਹੋਇਆ ਤੇ ਉਸ ਤੋਂ ਹੌਲੀ-ਹੌਲੀ ਗਲੈਕਸੀਆਂ, ਤਾਰੇ, ਗ੍ਰਹਿ, ਉਪਗ੍ਰਹਿ ਤੇ ਹੋਰ ਤਰ੍ਹਾਂ-ਤਰ੍ਹਾਂ ਦੇ ਕਣ ਤੇ ਕਿਰਨਾਂ (Radiation) ਪੈਦਾ ਹੋਈਆਂ। ਹੌਲੀ ਹੌਲੀ ‘ਸੂਰਜ’ ਨਾਮ ਦੇ ਤਾਰੇ ਦੁਆਲੇ ਘੁੰਮਣ ਵਾਲੇ ਇਕ ‘ਧਰਤੀ’ ਨਾਮ ਦੇ ਗ੍ਰਹਿ ਦੇ ਆਸ-ਪਾਸ ਹਵਾਈ ਵਾਤਾਵਰਣ ਆ ਜਾਣ ਨਾਲ ਤੇ ਧਰਤੀ ਉਤੇ ਪਾਣੀ ਦੀ ਹੋਂਦ ਹੋ ਜਾਣ ਨਾਲ ਪਹਿਲਾਂ ਇਕ-ਸੈੱਲੇ ਅਦਿੱਖ ਜੀਵ ਹੋਂਦ ਵਿਚ ਆਏ ਤੇ ਫਿਰ ਹੌਲੀ-ਹੌਲੀ ਕਰੋੜਾਂ ਸਾਲਾਂ ਵਿਚ ਵਿਕਾਸ ਕਰਦੇ ਕਰਦੇ ਅਣਗਿਣਤ ਸੈੱਲਾਂ ਵਾਲੇ ਮਨੁੱਖ ਦੀ ਹੋਂਦ ਤਕ ਪਹੁੰਚ ਗਏ (ਡਾਰਵਿਨ ਦਾ ਸਿਧਾਂਤ)। ਵੱਡੇ ਧਮਾਕੇ ਤੋਂ ਬਾਅਦ ਕੁਦਰਤ ਅਪਣੇ ਨੇਮਾਂ (ਨਿਯਮਾਂ) ਦੇ ਅਧੀਨ ਲਗਾਤਾਰ ਚੱਲ ਰਹੀ ਹੈ ਤੇ ਫੈਲ ਰਹੀ ਹੈ।

ਮਿਸਾਲ ਦੇ ਤੌਰ ਤੇ ਇਹ ਕੁਦਰਤ ਦੇ ਹੀ ਨਿਯਮ ਹਨ ਜਿਨ੍ਹਾਂ ਦੇ ਅਧੀਨ ਛੋਟੇ-ਛੋਟੇ ਪ੍ਰਮਾਣੂਆਂ (ਐਟਮਾਂ) ਜਾਂ ਸੈੱਲਾਂ ਤੋਂ ਲੈ ਕੇ ਵੱਡੀਆਂ-ਵੱਡੀਆਂ ਗਲੈਕਸੀਆਂ ਤਕ ਦੀ ਹਰਕਤ ਇਕ ਜ਼ਬਤ ਵਿਚ ਚਲਦੀ ਹੈ। ਇਹ ਸੱਭ ਮੁਢਲੇ ਤੌਰ ਤੇ ਗੁਰੂਤਾ (7ravity) ਦੀ ਖਿੱਚ ਤੇ ਬਿਜਲਈ ਖਿੱਚ ਦੀਆਂ ਕੁੱਝ ਸ਼ਕਤੀਆਂ ਦੇ ਸੰਤੁਲਨ ਦੀ ਵਜ੍ਹਾ ਨਾਲ ਜ਼ਬਤ ਵਿਚ ਚਲਦਾ ਰਹਿੰਦਾ ਹੈ। ਇਨ੍ਹਾਂ ਸ਼ਕਤੀਆਂ ਬਾਰੇ ਜਾਣਨ ਲਈ ਵਿਗਿਆਨੀ ਲਗਾਤਾਰ ਖੋਜ ਵਿਚ ਲੱਗੇ ਰਹਿੰਦੇ ਹਨ। ਅਮਰੀਕੀ ਵਿਗਿਆਨਕ ਪੁਲਾੜ ਏਜੈਂਸੀ ਨਾਸਾ (N1S1) ਦੇ ਮੁਤਾਬਕ ਦਿਸਦਾ ਮਾਦਾ (4ark Matter) ਕੇਵਲ 4.6% ਹੀ ਹੈ। 24% ਅਦਿੱਖ ਮਾਦਾ (4ark 5nergy) ਹੈ ਜਿਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਤੋਂ ਇਲਾਵਾ 71.4% ਉਹ ਅਦਿੱਖ ਊਰਜਾ (4ark 5nergy) ਹੈ ਜਿਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ।

ਇਸ ਅਦਿੱਖ ਮਾਦੇ ਤੇ ਅਦਿੱਖ ਊਰਜਾ (ਕੁਲ 95.6%) ਨੂੰ ਸਿੱਧੇ ਤੌਰ ਤੇ ਕਿਸੇ ਨੇ ਨਹੀਂ ਜਾਣਿਆ। ਇਹ ਕੇਵਲ ਸ਼ਕਤੀਆਂ ਦੇ ਉੱਪਰ ਦੱਸੇ ਸੰਤੁਲਨ ਦੀ ਜਮ੍ਹਾਂ ਘਟਾਉ ਕਰਦਿਆਂ ਜੋ ਨਤੀਜੇ ਸਾਹਮਣੇ ਆਉਂਦੇ ਹਨ, ਉਨ੍ਹਾਂ ਵਿਚੋਂ ਨਿਕਲੀਆਂ ਧਾਰਨਾਵਾਂ ਹਨ। ਅਜੇ ਤਾਂ ਇਸ ਦਿੱਸਣਯੋਗ 4.6% ਸੰਸਾਰ ਦੇ ਕਰੋੜ-ਕਰੋੜ ਦੇ ਹਿੱਸੇ ਦੀ ਵੀ ਪੂਰੀ ਜਾਣਕਾਰੀ ਮਨੁੱਖਤਾ ਨੂੰ ਨਹੀਂ ਹੈ। ਅੱਗੇ ਤੋਂ ਅੱਗੇ ਕੀ ਹੈ? ਮਨੁੱਖ ਅਪਣੀਆਂ ਕੁਦਰਤੀ ਹੱਦਾਂ ਕਰ ਕੇ ਇਸ ਬਾਰੇ ਕਦੇ ਵੀ ਪੂਰਨ ਰੂਪ ਵਿਚ ਨਹੀਂ ਜਾਣ ਸਕੇਗਾ। ਗੁਰਬਾਣੀ ਇਹ ਗੱਲ ਕਈ ਵਾਰ ਕਹਿੰਦੀ ਹੈ। ਹੁਣ ਤਾਂ ਵਿਗਿਆਨ ਵੀ ਇਹੋ ਸਾਬਤ ਕਰਦਾ ਹੈ ਕਿ ਜਦੋਂ ਵੀ ਮਨੁੱਖ ਕੁਦਰਤ ਨਾਲ ਹੱਦੋਂ ਵੱਧ ਛੇੜਖਾਨੀ ਕਰਦਾ ਹੈ ਤਾਂ ਕੁਦਰਤ ਉਸ ਦਾ ਪ੍ਰਬੰਧ ਕਰਨ ਲੱਗ ਪੈਂਦੀ ਹੈ। ਮਿਸਾਲ ਵਜੋਂ ਅਜਕਲ੍ਹ ਦਾ ਵਾਤਾਵਰਣ ਦਾ ਵੱਡਾ ਮਸਲਾ ਇਸੇ ਛੇੜਖਾਨੀ ਦੀ ਹੀ ਪੈਦਾਇਸ਼ ਹੈ। ਇਸ ਦਾ ਇਕ ਅਰਥ ਇਹ ਹੈ ਕਿ ਮਨੁੱਖ ਨੂੰ ਕੁਦਰਤ ਦੇ ਸਾਹਮਣੇ ਅਪਣੀ ਸ਼ਕਤੀ ਤੇ ਜਾਣਕਾਰੀ ਉੱਪਰ ਹੰਕਾਰ ਕਰਨ ਦੀ ਕੋਈ ਗੁੰਜਾਇਸ਼ ਨਹੀਂ।      (ਬਾਕੀ ਅਗਲੇ ਹਫ਼ਤੇ)
 

(ਸ਼ਰਨਜੀਤ ਸਿੰਘ
ਸੰਪਰਕ : 95922-24411)