ਗੁਰੂ ਤੇਗ ਬਹਾਦਰ ਸਾਹਿਬ ਤੇ ਬ੍ਰਾਹਮਣਵਾਦ
ਬ੍ਰਾਹਮਣੀ ਸੁਭਾਅ ਦੇ ਸਸਕਾਰਾਂ ਵਿਚ ਆਦਿ ਕਾਲ ਤੋਂ ਹੀ ਈਰਖਾ, ਦਵੈਤ, ਊਚ ਨੀਚ, ਛੂਆ ਛਾਤ, ਜਾਤ ਪਾਤ, ਕਰਮ ਕਾਂਡ, ਏਕਾਅਧਿਕਾਰ ਤੇ ਮਨੁੱਖਤਾ ਵਿਚ ਵੰਡੀਆਂ ਹੀ ਪ੍ਰਚੱਲਤ ਰਿਹਾ ਹੈ।
ਫ਼ਿਰਕਾਪ੍ਰਸਤੀ ਦੀ ਮਾਨਸਿਕਤਾ ਵਿੱਚੋਂ ਅਕਸਰ ਇਹ ਪ੍ਰਚਾਰਿਆ ਜਾਂਦਾ ਹੈ ਕਿ ਵੇਖੋ ਹਿੰਦੂ ਧਰਮ ਕਿੰਨਾ ਮਹਾਨ ਧਰਮ ਹੈ ਜਿਸ ਦੀ ਖ਼ਾਤਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਵੀ ਅਪਣੀ ਸ਼ਹਾਦਤ ਦਿੱਤੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਸਥਾ ਵੀ ਹਿੰਦੂ ਧਰਮ ਵਿਚ ਸੀ ਪਰ ਕੀ ਇਹ ਸੱਚ ਹੈ? ਆਉ ਗੁਰਮਤਿ ਦੇ ਨਜ਼ਰੀਏ ਤੋਂ ਵਿਚਾਰਨ ਦੀ ਕੋਸ਼ਿਸ਼ ਕਰੀਏ। ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਪਣੇ ਇਕ ਸ਼ਬਦ ਵਿਚ ਹਿੰਦੂ ਮਜ਼ਹਬ ਦੇ ‘ਅਵਤਾਰਵਾਦ’ ਦੀ ਸੱਚਾਈ ਬਿਆਨ ਕਰਦੇ ਹੋਏ ਫ਼ਰਮਾਉਂਦੇ ਹਨ:-
ਰਾਮੁ ਗਇਓ ਰਾਵਨੁ ਗਇਓ, ਜਾ ਕਉ ਬਹੁ ਪ੍ਰਵਾਰ॥ ਕਹੁ ਨਾਨਕ ਥਿਰੁ ਕਛੁ ਨਹੀ, ਸੁਪਨੇ ਜਿਉ ਸੰਸਾਰ॥ ਇਥੇ ‘ਰਾਮ ਚੰਦਰ’ ਵਰਗੇ, ਰਾਵਣ ਵਰਗੇ ਵੀ ਆਏ ਜਿਨ੍ਹਾਂ ਦੇ ਬਹੁਤ ਵੱਡੇ ਪ੍ਰਵਾਰ ਵੀ ਪ੍ਰਚਾਰੇ ਜਾਂਦੇ ਰਹੇ। ਪਰ ਉਹ ਵੀ ਕਾਲ ਦੇ ਵੱਸ ਪੈ ਗਏ। ਇਸ ਲਈ ਗੁਰਮਤਿ ਦਾ ਇਹ ਸਪੱਸ਼ਟ ਨਿਰਣਾ ਹੈ ਕਿ ਬ੍ਰਾਹਮਣ ਨੇ ਬੜੇ ਚਲਾਕੀ ਨਾਲ ਵਕਤ ਦੇ ਰਾਜੇ ਮਹਾਂਰਾਜਿਆਂ ਨੂੰ ਹੀ ਅਵਤਾਰੀ ਪੁਰਸ਼ ਬਣਾ ਕੇ ਜਨਤਾ ਵਿਚ ਪ੍ਰਚਾਰਿਆ ਜਿਸ ਕਾਰਣ ਜਨਤਾ ਅਵਤਾਰਵਾਦ ਦੀ ਘੁਮਣ ਘੇਰੀ ਵਿਚ ਪੈ ਕੇ ਜੀਵਨ ਵਿਆਰਥ ਗੁਆ ਬੈਠੀ। ਗੁਰਬਾਣੀ ਦੇ ਬਚਨ ਹਨ:- ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥ ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ॥
ਬ੍ਰਾਹਮਣਵਾਦ ਨੇ ਜਿਨ੍ਹਾਂ ਰਾਜਿਆਂ ਨੂੰ ਅਵਤਾਰੀ ਪੁਰਸ਼ ਬਣਾ ਕੇ ਪ੍ਰਚਾਰਿਆ। ਉਨ੍ਹਾਂ ਦੀਆਂ ਕਹਾਣੀਆਂ ਨੂੰ ਪੜ੍ਹ ਕੇ ਵੇਖੋ, ਰਾਜ ਭਾਗ ਦਾ ਸੁੱਖ ਮਿਲਦਾ ਹੈ ਤਾਂ ਮਹਲਾਂ ਵਿਚ ਨਾਚ ਗਾਣੇ, ਸ਼ਰਾਬ ਕਬਾਬ ਦਾ ਰਸ ਮਾਣਿਆ ਜਾਂਦਾ ਹੈ ਪਰ ਜ਼ਰਾ ਕੁ ਦੁਖ ਮਿਲਦਾ ਹੈ ਤਾਂ ਇਹੀ ਰਾਜੇ (ਅਵਤਾਰੀ ਪੁਰਸ਼) ਧਾਹਾਂ ਮਾਰ ਕੇ ਰੌਂਦੇ ਹਨ। ਸ੍ਰੀ ਰਾਮ ਚੰਦਰ ਜੀ ਨੂੰ ਹੀ ਵੇਖਦੇ ਹਾਂ। ਰਾਜ ਭਾਗ ਦੇ ਸੁੱਖ ਤੋਂ ਵਾਂਝੇ ਹੋ ਕੇ ਬਨਵਾਸ ਜਾਣਾ ਪਿਆ ਤਾਂ ਬਹੁਤ ਦੁਖੀ ਹੋਏ। ਰਾਵਣ ਰਾਮ ਜੀ ਦੀ ਪਤਨੀ ਸੀਤਾ ਜੀ ਨੂੰ ਲੈ ਗਿਆ ਤਾਂ ਰਾਮ ਜੀ ਧਾਹਾਂ ਮਾਰ ਕੇ ਰੋਣ ਲੱਗ ਪਏ। ਲਛਮਣ ਸਰਾਪ ਨਾਲ ਮਰਿਆ ਤਾਂ ਵੀ ਬਹੁਤ ਦੁਖੀ ਹੁੰਦੇ ਹੋਏ ਰੋਣ ਲੱਗ ਪਏ। ਐਸਾ ਜੀਵਨ ਤਾਂ ਮਾਇਆ ਤੋਂ ਨਿਰਲੇਪ ਹੀ ਨਹੀਂ ਹੋ ਪਾਇਆ ਪਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾਉਂਦੇ ਕਿ ਅਸਲ ਵਿਚ ਉਸ ਮਨੁੱਖ ਦਾ ਜੀਵਨ ਹੀ ਮਾਇਆ ਦੇ ਮੋਹ ਤੋਂ ਖ਼ਲਾਸੀ ਪਾ ਚੁੱਕਾ ਹੈ ਜਿਸ ਮਨੁੱਖ ਦੇ ਹਿਰਦੇ ਵਿਚ ਸੁੱਖ ਤੇ ਦੁੱਖ ਅਪਣਾ ਪ੍ਰਭਾਵ ਨਹੀਂ ਪਾ ਸਕਦੇ। ਸਤਿਗੁਰੂ ਜੀ ਫੁਰਮਾਉਂਦੇ ਹਨ :-
ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ॥
ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ॥
ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਵਕਤ ਦੇ ਰਾਜਿਆਂ ਦੇ ਅਵਤਾਰੀ ਪੁਰਸ਼ਵਾਦ ਦੀ ਭਗਤੀ ਤੋਂ ਵਰਜਦੇ ਤੇ ਤਾੜਨਾ ਕਰਦੇ ਹੋਏ ਸਮਝਾਉਂਦੇ ਹਨ ਕਿ ਜਿਸ ਮਨੁੱਖੀ ਹਿਰਦੇ ਵਿਚ ਇਕ ਪ੍ਰਮਾਤਮਾ ਦੀ ਭਗਤੀ ਰੂਪੀ ਪ੍ਰੀਤ ਨਹੀਂ ਉਹ ਮਨੱੁਖ ਸੂਰ ਤੇ ਕੁੱਤੇ ਤੋਂ ਵੱਧ ਕੇ ਕੁੱਝ ਵੀ ਨਹੀਂ। ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਚਨ ਕਰਦੇ ਹਨ:-
ਏਕ ਭਗਤਿ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨਿ॥
ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹਿ ਤਨੁ॥
ਕਿਉਂਕਿ ਜਿਸ ਹਿਰਦੇ ਵਿਚ ਅਕਾਲ ਪੁਰਖ ਜੀ ਦੀ ਭਗਤੀ ਰੂਪੀ ਪ੍ਰੀਤ ਪੈਦਾ ਹੋ ਜਾਂਦੀ ਹੈ, ਉਹ ਦੁੱਖ ਸੁੱਖ ਦੀ ਅਵਸਥਾ ਤੋਂ ਉਪਰ ਉਠ ਕੇ ਅਨੰਦ ਦੀ ਅਵਸਥਾ ਵਿਚ ਜੀਵਨ ਜਿਊਣ ਲੱਗ ਪੈਂਦਾ ਹੈ। ਕੋਈ ਵੀ ਖ਼ੁਸ਼ੀ ਜਾਂ ਗਮੀ ਉਸ ਦੇ ਮਨ ਨੂੰ ਡੋਲਣ ਨਹੀਂ ਦੇਂਦੀ।ਇਸ ਲਈ ਸਤਿਗੁਰੂ ਜੀ ਫ਼ੁਰਮਾਉਂਦੇ ਹਨ:-
ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ॥
ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ॥
ਪਰ ਬ੍ਰਾਹਮਣਵਾਦ ਦਾ ਸਾਰਾ ਹੀ ਅਵਤਾਰਵਾਦ ਦਾ ਤਾਣਾਂ ਬਾਣਾਂ ਸੁੱਖ ਦੁੱਖ ਦੀ ਕਹਾਣੀ ਵਿਚ ਹੀ ਉਲਝਿਆ ਪਿਆ ਹੈ। ਸੋ ਇਹ ਕਹਿ ਦੇਣਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਸਥਾ ਹਿੰਦੂ ਧਰਮ ਵਿਚ ਸੀ, ਇਸ ਤੋਂ ਵੱਡਾ ਝੂਠ ਹੋਰ ਕੀ ਹੋ ਸਕਦਾ ਹੈ। ਇਸੇ ਪ੍ਰਕਾਰ “ਤੀਰਥ ਯਾਤਰਾਵਾਂ, ਤੀਰਥ ਇਸ਼ਨਾਨ, ਵਰਤ, ਆਦਿ ਕਰਮਕਾਂਡਾਂ ਦਾ ਵਿਰੋਧ ਕਰਦੇ ਹੋਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਇਕ ਪ੍ਰਮਾਤਮਾ ਦੇ ਨਾਮ ਸਿਮਰਨ ਦੀ ਹੀ ਗੱਲ ਕਰਦੇ ਹਨ। ਗੁਰੂ ਪਾਤਸ਼ਾਹ ਸਮਝਾਉਂਦੇ ਹਨ:-
ਤੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੂਆ ਬਸਿ ਜਾ ਕੋ॥
ਨਿਹਫਲ ਧਰਮੁ ਤਾਹਿ ਤੁਮ ਮਾਨਹੁ ਸਾਚੁ ਕਹਤ ਮੈ ਯਾ ਕਉ॥
ਆਉ ਹੁਣ ਇਹ ਵਿਚਾਰਣ ਦੀ ਕੋਸ਼ਿਸ਼ ਕਰੀਏ ਕਿ ‘ਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ‘ਹਿੰਦੂ’ ਮਜ਼ਹਬ ਖ਼ਾਤਰ ਹੋਈ ਸੀ?’
ਦਰਅਸਲ ਗੁਰਮਤਿ ਫ਼ਲਸਫ਼ੇ ਵਿਚੋਂ ਪ੍ਰਗਟ ਹੋਈ ਵਿਚਾਰਧਾਰਾ ਸੰਸਾਰ ਦੇ ਹੋਰ ਮੱਤਾਂ ਨਾਲੋਂ ਇਸ ਲਈ ਵੀ ਨਿਆਰੀ ਹੈ ਕਿਉਂਕਿ ਇਸ ਵਿਚ ਨਸਲਵਾਦ, ਜਾਤ ਪਾਤ, ਫ਼ਿਰਕਾ ਪ੍ਰਸਤੀ, ਰੰਗ ਭੇਦ, ਊਚ-ਨੀਚ ਆਦਿ ਵਿਤਕਰਿਆਂ ਲਈ ਕੋਈ ਥਾਂ ਨਹੀਂ। ਗੁਰਮਤਿ ਵਿਚਾਰਧਾਰਾ ਹਰ ਇਕ ਨੂੰ ਅਪਣੇ ਮੋਲਿਕ ਅਧਿਕਾਰਾਂ ਤੇ ਵਿਚਾਰਾਂ ਵਿਚ ਜਿਊਣ ਦੀ ਆਜ਼ਾਦੀ ਦੇਂਦਾ ਹੈ। ਧੰਨ ਬਾਬਾ ਨਾਨਕ ਸਾਹਿਬ ਜੀ ਦਾ ਘਰ ਹਰ ਪ੍ਰਕਾਰ ਦੇ ਅਤਿਆਚਾਰ ਅਤੇ ਜ਼ੁਲਮ ਵਿਰੁਧ ਜੂਝਣ ਦੀ ਪ੍ਰੇਰਨਾ ਦੇਂਦਾ ਹੈ। ਇਸੇ ਲਈ ਗੁਰਬਾਣੀ ਵਿਚ ਇਹ ਬਚਨ ਆਏ:-
ਜੇ ਜੀਵੈ ਪਤਿ ਲਥੀ ਜਾਇ ਸਭ ਹਰਾਮ ਜੇਤਾ ਕਿਛ ਖਾਇ॥
ਉਸ ਵਕਤ ਦੀ ਹਿੰਦੁਸਤਾਨੀ ਸਰਕਾਰ ਕਸ਼ਮੀਰੀ ਬ੍ਰਾਹਮਣਾ ਉਪਰ ਤਲਵਾਰ ਦੇ ਜ਼ੋਰ ਨਾਲ ਜ਼ੁਲਮ ਦੇ ਸਾਏ ਹੇਠ ਧਰਮ ਪ੍ਰੀਵਰਤਨ ਕਰਵਾ ਰਹੀ ਸੀ। ਵਕਤ ਦੀ ਸਰਕਾਰ ਬ੍ਰਾਹਮਣਾਂ ਤੇ ਅਤਿਆਚਾਰ ਰਾਹੀਂ ਇਸਲਾਮੀ ਵਿਚਾਰਧਾਰਾ ਦੇ ਅਧੀਨ ਲਿਆਉਣਾ ਚਾਹੰੁਦੀ ਸੀ। ਬ੍ਰਾਹਮਣਾਂ ਨੇ ਬਾਬਾ ਨਾਨਕ ਸਾਹਿਬ ਜੀ ਦੇ ਘਰ ਦੀ ਸ਼ਰਣ ਲਈ। ਬਾਬਾ ਨਾਨਕ ਸਾਹਿਬ ਜੀ ਦੇ ਘਰ ਦਾ ਤਾਂ ਸੁਭਾਅ ਹੈ :-
ਜੋ ਸਰਣ ਆਵੈ ਤਿਸ ਕੰਠ ਲਾਵੈ ਇਹ ਬ੍ਰਿਧ ਸੁਆਮੀ ਸੰਧਾ॥
ਸ਼ਰਣ ਆਇਆਂ ਦੀ ਲਾਜ ਰਖਣਾ ਬਾਬਾ ਨਾਨਕ ਸਾਹਿਬ ਜੀ ਦੇ ਘਰ ਦਾ ਸਿਧਾਂਤ ਹੈ। ਕਿਸੇ ਨਾਲ ਧੱਕਾ ਕਰ ਕੇ ਜਾਂ ਜ਼ੁਲਮ ਕਰ ਕੇ ਕਿਸੇ ਨੂੰ ਅਪਣੇ ਵਿਚਾਰਾਂ ਅਧੀਨ ਲਿਆਉਣਾ ਤੇ ਤਲਵਾਰ ਦੇ ਜ਼ੋਰ ਨਾਲ ਕਿਸੇ ਦਾ ਮਜ਼ਹਬ ਬਦਲਣਾ ਜਾਂ ਕਿਸੇ ਦੇ ਮਨੱੁਖੀ ਅਧਿਕਾਰਾਂ ਨੂੰ ਕੁਚਲਣਾ ਬਾਬਾ ਨਾਨਕ ਸਾਹਿਬ ਜੀ ਦੇ ਘਰ ਨੂੰ ਪ੍ਰਵਾਨ ਨਹੀਂ। ਇਥੇ ਤਾਂ ‘‘ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ॥” ਦੇ ਬੋਲ ਗੂਜਦੇ ਨੇ। ਹਰ ਪ੍ਰਕਾਰ ਦੇ ਜ਼ੁਲਮ ਵਿਰੁਧ ਆਵਾਜ਼ ਉਠਾਉਣੀ ਸਿੱਖੀ ਦੇ ਬੁਨਿਆਦੀ ਅਸੂਲਾਂ ਵਿਚੋਂ ਇਕ ਪ੍ਰਮੁੱਖ ਅਸੂਲ ਰਿਹਾ ਹੈ। ਅੱਜ ਬ੍ਰਾਹਮਣ ਮਜ਼ਲੂਮ ਬਣ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿਚ ਆਏ ਤਾਂ ਗੁਰੂ ਸਾਹਿਬ ਜੀ ਨੇ ਧੀਰਜ ਦੇ ਕੇ ਉਨ੍ਹਾਂ ਰਾਹੀਂ ਸੰਸਾਰ ਦੀ ਲੋਕਾਈ ਦੇ ਮਨੱੁਖੀ ਅਧਿਕਾਰਾਂ ਨੂੰ ਜ਼ਿੰਦਾ ਰੱਖਣ ਲਈ ਅਪਣੀ ਸ਼ਹਾਦਤ ਦਿਤੀ। ਜੇਕਰ ਉਸ ਸਮੇਂ ਮੁਸਲਮ ਭਾਈਚਾਰਾ ਅਤਿਆਚਾਰ ਦਾ ਸ਼ਿਕਾਰ ਹੁੰਦਾ ਤੇ ਉਹ ਬਾਬਾ ਨਾਨਕ ਸਾਹਿਬ ਜੀ ਦੇ ਘਰ ਦਾ ਓਟ ਆਸਰਾ ਤਕਦੇ ਤਾਂ ਵੀ ਗੁਰੂ ਸਾਹਿਬ ਜੀ ਨੇ ਉਨ੍ਹਾਂ ਦੀ ਬਾਂਹ ਫੜਨੀ ਸੀ ਤੇ ਸ਼ਹਾਦਤ ਦੇਣੀ ਸੀ ਕਿਉਂਕਿ ਗੁਰਮਤਿ ਦੀ ਦੁਨੀਆਂ ਵਿਚ ਵੱਖੋ ਵਖਰੇ ਫ਼ਿਰਕਿਆਂ, ਕਬੀਲਿਆਂ, ਮਜ਼ਹਬਾਂ ਤੇ ਜਾਤਾਂ ਪਾਤਾਂ ਦੇ ਆਧਾਰਤ ਮਨੁਖਤਾ ਨੂੰ ਵੰਡਿਆ ਨਹੀਂ ਜਾਂਦਾ। ਇਥੇ ਤਾਂ ‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥’ ਦਾ ਸਬਕ ਪੜ੍ਹਾਇਆ ਜਾਂਦਾ ਹੈ।
ਇਹੀ ਕਾਰਨ ਹੈ ਕਿ ਅੱਜ ਜਦੋਂ ਬ੍ਰਾਹਮਣੀ ਵਿਚਾਰਧਾਰਾ ਵਿਚੋਂ ਪੈਦਾ ਹੋਈ ਫ਼ਿਰਕਾਪ੍ਰਸਤੀ ਨੇ ਮੁਸਲਿਮ ਭਾਈਚਾਰੇ ਉਪਰ ਖ਼ਾਸ ਕਰ ਕੇ ਕਸ਼ਮੀਰੀ ਵਿਦਿਆਰਥੀਆਂ ਉਪਰ ਜ਼ੁਲਮ ਦੀ ਹਨੇਰੀ ਲਿਆ ਦਿਤੀ ਤਾਂ ਕਸ਼ਮੀਰੀ ਵਿਦਿਆਰਥੀਆਂ ਨੇ ਵੀ ਬਾਬਾ ਨਾਨਕ ਸਾਹਿਬ ਜੀ ਦੇ ਘਰ ਦਾ ਹੀ ਓਟ ਆਸਰਾ ਲਿਆ। ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਏ ਹੋਏ ਪੂਰਨਿਆਂ ਤੇ ਚਲਦੇ, ਸਿੱਖ ਮਰਜੀਵੜਿਆਂ ਨੇ ਵੀ ਨਫ਼ਰਤ ਦੀ ਇਸ ਜ਼ੁਲਮੀ ਹਨੇਰੀ ਵਿਚੋਂ ਮੁਸਲਿਮ ਭਾਈਚਾਰੇ ਦੇ ਨੌਜੁਆਨ ਬੱਚੇ ਬੱਚੀਆਂ ਲਈ ਗੁਰੂ ਘਰ ਦੇ ਦਰਵਾਜ਼ੇ ਖੋਲ੍ਹ ਦਿਤੇ। ਉਨ੍ਹਾਂ ਨੂੰ ਹਰ ਪ੍ਰਕਾਰ ਦੀ ਮਦਦ ਦੇ ਕੇ ਹਿਫ਼ਾਜ਼ਤ ਨਾਲ ਆਪੋ ਅਪਣੇ ਘਰਾਂ ਤਕ ਪਹੁੰਚਾਇਆ। ਇਹੀ ਤਾਂ ਬਾਬੇ ਨਾਨਕ ਸਾਹਿਬ ਜੀ ਦੇ ਘਰ ਦਾ ਸਿਧਾਂਤ ਹੈ। ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਨੂੰ ਕਿਸੇ ਫ਼ਿਰਕੇ, ਮਜ਼ਹਬ ਜਾਂ ਕਿਸੇ ਮੁਲਕ ਦੀ ਚਾਰ ਦੀਵਾਰੀ ਵਿਚ ਕੈਦ ਨਹੀਂ ਕੀਤਾ ਜਾ ਸਕਦਾ। ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ‘ਹਿੰਦ ਦੀ ਚਾਦਰ’ ਨਹੀਂ ਬਲਕਿ ਇਤਿਹਾਸ ਨੇ ‘ਸਗਲ ਸ੍ਰਿਸਟ ਪੈ ਢਾਕੀ ਚਾਦਰ’ ਕਹਿ ਕੇ ਵਡਿਆਇਆ ਹੈ। ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਸਮੁੱਚੀ ਮਾਨਵਤਾ ਦੇ ਮਨੁੱਖੀ ਅਧਿਕਾਰਾਂ ਲਈ ਇਕ ਮਹਾਨ ਤੇ ਲਾਮਿਸਾਲ ਸ਼ਹਾਦਤ ਹੈ।
ਦੂਜੇ ਪਾਸੇ ‘ਬ੍ਰਾਹਮਣੀ ਸੁਭਾਅ’ ਨੂੰ ਵੇਖਦੇ ਹਾਂ। ਧੰਨ ਸਾਹਿਬ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਜਿਨ੍ਹਾਂ 52 ਪਹਾੜੀ ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਆਜ਼ਾਦ ਕਰਵਾਇਆ। ਉਨ੍ਹਾਂ ਰਾਜਿਆਂ ਦੀਆਂ ਵੰਸ਼ਜਾਂ ਨੇ ਮੁਗ਼ਲੀਆ ਹਕੂਮਤ ਨਾਲ ਮਿਲ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵਿਰੁਧ ਜੰਗ ਛੇੜ ਦਿਤੀ, ਇਸ ਤੋਂ ਪਹਿਲਾਂ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਗੁਰਮਤਿ ਵਿਚਾਰਧਾਰਾ ਦੇ ਵਿਰੁਧ ਬਾਦਸ਼ਾਹ ਅਕਬਰ ਦੇ ਦਰਬਾਰ ਵਿਚ ‘ਬ੍ਰਾਹਮਣੀ ਸੁਭਾਅ’ ਵਾਲਿਆਂ ਨੇ ਹੀ ਸ਼ਿਕਾਇਤਾਂ ਕੀਤੀਆਂ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਵਿਚ ਵੀ ‘ਚੰਦੂ’ ਰੂਪੀ ਬ੍ਰਾਹਮਣ ਦਾ ਰੋਲ ਉਜਾਗਰ ਹੋ ਜਾਂਦਾ ਹੈ। “ਗੰਗੂ ਬ੍ਰਾਹਮਣ ਤੇ ਸੁੱਚਾ ਨੰਦ” ਨੂੰ ਕੌਣ ਭੁੱਲ ਸਕਦਾ ਹੈ। ਜਿਨ੍ਹਾਂ ਨੇ ਕੁੱਝ ਕੁ ਮੋਹਰਾਂ ਦੇ ਲਾਲਚ ਵਿਚ ਆ ਕੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਸਰਹੰਦ ਦੇ ਠੰਢੇ ਬੁਰਜ ਵਿਚ ਤਸੀਹੇ ਦੁਆ ਕੇ ਸ਼ਹੀਦ ਕਰਵਾ ਦਿਤਾ।
ਬ੍ਰਾਹਮਣੀ ਸੁਭਾਅ ਦੇ ਸਸਕਾਰਾਂ ਵਿਚ ਆਦਿ ਕਾਲ ਤੋਂ ਹੀ ਈਰਖਾ, ਦਵੈਤ, ਊਚ ਨੀਚ, ਛੂਆ ਛਾਤ, ਜਾਤ ਪਾਤ, ਕਰਮ ਕਾਂਡ, ਏਕਾਅਧਿਕਾਰ ਤੇ ਮਨੁੱਖਤਾ ਵਿਚ ਵੰਡੀਆਂ ਹੀ ਪ੍ਰਚੱਲਤ ਰਿਹਾ ਹੈ। ਇਸ ਲਈ ਇਹ ਕਿਸੇ ਦੂਜੇ ਨੂੰ ਬਰਦਾਸ਼ਤ ਨਹੀਂ ਕਰਦਾ। ਇਹੀ ਕਾਰਨ ਹੈ ਕਿ ਇਸ ਨੇ ਪਹਿਲਾਂ ਬੁਧ ਧਰਮ ਤੇ ਜੈਨ ਧਰਮ ਨੂੰ ਜਿਵੇਂ ਅਪਣੇ ਅੰਦਰ ਨਿਗ਼ਲ ਕੇ ਇਨ੍ਹਾਂ ਦੀ ਸਿਧਾਂਤਕ ਹੌਂਦ ਹੀ ਖ਼ਤਮ ਕਰ ਦਿਤੀ। ਇਸੇ ਪ੍ਰਕਾਰ ਇਹ ਸਿੱਖ ਧਰਮ ਨੂੰ ਵੀ ਅਪਣੇ ਅੰਦਰ ਨਿਗ਼ਲ ਕੇ ਇਸ ਦੀ ਵੀ ਸਿਧਾਂਤਕ ਹੌਂਦ ਖ਼ਤਮ ਕਰਣਾ ਚਾਹੁੰਦਾ ਹੈ। ਇਸ ਲਈ ਸਮੁਚੇ ਸਿੱਖ ਜਗਤ ਨੂੰ ਸੁਚੇਤ ਹੋ ਕੇ ਗੁਰਮਤਿ ਵਿਚਾਰਧਾਰਾ ਤੇ ਪਹਿਰਾ ਦੇਣ ਦੀ ਲੋੜ ਹੈ।
ਸੰਪਰਕ : 93118-87100