ਬਾਦਲ ਦਲ ਦੇ ਅਹੁਦੇਦਾਰਾਂ ਨੇ ਪੱਗ ਦਾ ਮਸਲਾ ਕੋਰਟ ਤੋਂ ਬਾਹਰ ਕਿਉਂ ਨਾ ਹੱਲ ਹੋਣ ਦਿਤਾ: ਸਰਨਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜੀ.ਕੇ. ਵਲੋਂ ਇਸ ਮਾਮਲੇ ਵਿਚ ਕੋਈ ਠੋਸ ਪੈਰਵਾਈ ਨਾ ਕਰਨਾ ਉਨ੍ਹਾਂ ਦੀ ਸਿੱਖ  ਵਿਰੋਧੀ ਸੋਚ ਨੂੰ ਪ੍ਰਗਟਾਉਂਦਾ ਹੇ

Sarna

 ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ  ਪੁਛਿਆ ਹੈ ਕਿ ਆਖ਼ਰ ਕਿਉਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਹੁਦੇਦਾਰਾਂ ਸ.ਮਨਜੀਤ ਸਿੰਘ ਜੀ.ਕੇ. ਤੇ ਸ.ਪਰਮਿੰਦਰ ਸਿੰਘ ਢੀਂਡਸਾ, ਜੋਕਿ ਸਾਇਕਲ ਫ਼ੈਡਰੇਸ਼ਨ ਦੇ ਮੁਖ ਅਹੁਦਦਾਰ  ਵੀ ਹਨ, ਨੇ ਸਿੱਖ ਸਾਇਕਲਿਸਟ ਸ.ਜਗਦੀਪ ਸਿੰਘ ਪੁਰੀ ਦਾ ਮਸਲਾ ਹੱਲ ਕਰਨ ਦੀ ਲੋੜ ਨਹੀਂ ਸਮਝੀ, ਜਿਸ ਕਾਰਨ ਸ.ਪੁਰੀ ਨੂੰ ਸੁਪਰੀਮ ਕੋਰਟ ਜਾਣਾ ਪਿਆ ।ਉਨਾਂ੍ਹ ਕਿਹਾ ਕਿ ਕੀ ਸਾਇਕਲ ਫ਼ੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਸ.ਪਰਮਿੰਦਰ ਸਿੰਘ ਢੀਂਡਸਾ ਤੇ ਫ਼ੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਇਸ ਯੋਗ ਨਹੀਂ ਸਨ ਕਿ ਉਹ ਇਕ ਸਿੱਖ ਦੀ ਇਸ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਪੈਰਵਾਈ ਕਰਦੇ? ਇਸ ਮਸਲੇ ਨੂੰ ਦੋਹਾਂ ਆਗੂਆਂ ਨੇ ਫ਼ੈਡਰੇਸ਼ਨ ਦੇ ਪੱਧਰ 'ਤੇ ਨਜਿੱਠਣ ਦੀ ਕੋਸ਼ਿਸ਼ ਕਿਉਂ ਨਾ ਕੀਤੀ?
ਸ. ਸਰਨਾ ਨੇ ਦੋਸ਼ ਲਾਇਆ, '' ਦਿੱਲੀ ਕਮੇਟੀ ਪ੍ਰਧਾਨ ਸ.ਜੀ.ਕੇ. ਵਲੋਂ ਇਸ ਮਾਮਲੇ ਵਿਚ ਕੋਈ ਠੋਸ ਪੈਰਵਾਈ ਨਾ ਕਰਨਾ ਉਨ੍ਹਾਂ ਦੀ ਸਿੱਖ  ਵਿਰੋਧੀ ਸੋਚ ਨੂੰ ਪ੍ਰਗਟਾਉਂਦਾ ਹੈ। ਜੇ ਬਾਦਲ ਦਲ ਦੇ ਦੋਹਾਂ ਸੀਨੀਅਰ ਅਹੁਦੇਦਾਰਾਂ ਦੇ ਸਾਇਕਲ ਫ਼ੈਡਰੇਸ਼ਨ ਵਿਚ ਹੁੰਦਿਆਂ ਹੋਏ ਇਕ ਸਿੱਖ ਨੂੰ ਪੱਗ ਬੰਨ੍ਹਣ ਦੀ ਇਜਾਜ਼ਤ ਲੈਣ ਲਈ ਸੁਪਰੀਮ ਕੋਰਟ ਵਿਚ ਜਾਣ ਲਈ ਮਜ਼ਬੂਰ ਹੋਣਾ ਪੈਂਦਾ ਹੈ ਤਾਂ ਇਨ੍ਹਾਂ ਦੋਹਾਂ ਨੂੰ ਅਪਣੇ ਅਹੁਦਿਆਂ ਤੋਂ ਤੁਰਤ ਅਸਤੀਫ਼ੇ ਦੇ ਦੇਣੇ ਚਾਹੀਦੇ ਹਨ।'' 

ਉਨਾਂ੍ਹ ਨਾਨਕ ਸ਼ਾਹ ਫ਼ਕੀਰ ਫਿਲਮ ਤੇ ਇਸ ਮਾਮਲੇ ਨੂੰ ਇਕ ਦੂਜੇ ਨਾਲ ਜੁੜਿਆ ਹੋਣ ਦਾ ਇਸ਼ਾਰਾ ਕਰਦਿਆਂ ਕਿਹਾ ਕਿ ਦੋਹਾਂ ਮਾਮਲਿਆਂ ਵਿਚ ਬਾਦਲ ਦਲ ਦਾ ਰੋਲ ਅਫਸੋਸਨਾਕ ਰਿਹਾ ਹੈ।ਇਸ ਵਿਚਕਾਰ 'ਸਪੋਕਸਮੈਨ' ਵਲੋਂ ਜਦੋਂ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਤੇ ਸਾਇਕਲ ਫ਼ੈਡਰੇਸ਼ਨ ਆਫ਼ ਇੰਡੀਆ ਦੇ ਸੀਨੀਅਰ ਮੀਤ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨਾਲ ਗੱਲਬਾਤ ਕੀਤੀ ਤਾਂ ਉਨਾਂ੍ਹ ਕਿਹਾ, ''ਜੋ ਮਾਮਲਾ ਸੁਪਰੀਮ ਕੋਰਟ ਵਿਚ ਹੈ, ਅਸੀਂ ਦਿੱਲੀ ਕਮੇਟੀ ਵਲੋਂ ਇਸਦੀ ਪੈਰਵਾਈ ਲਈ  ਅਦਾਲਤ ਵਿਚ ਜਾ ਰਹੇ ਹਾਂ। ਪਹਿਲਾਂ ਸਾਡੇ ਧਿਆਨ ਵਿਚ ਇਹ ਮਸਲਾ ਨਹੀਂ ਸੀ ਆਇਆ ਤੇ ਇਹ ਵਿਦੇਸ਼ੀ  ਸਾਇਕਲ ਮੁਕਾਬਲੇ ਦਾ ਮਸਲਾ ਹੈ, ਇਸ ਵਿਚ ਕੌਮਾਂਤਰੀ ਕਾਨੂੰਨਾਂ ਦੀ ਵੀ ਪੜਚੋਲ ਕਰ ਰਹੇ ਹਾਂ।'' ਸ.ਜੀ.ਕੇ. ਨੇ ਸ.ਹਰਵਿੰਦਰ ਸਿੰਘ ਸਰਨਾ ਵਲੋਂ ਲਾਏ ਗਏ ਦੋਸ਼ਾਂ ਦਾ ਜਵਾਬ ਦੇਣ ਤੋਂ ਨਾਂਹ ਕਰ ਦਿਤੀ।