ਸਿੱਕਾ ਨੇ ਦਿੱਲੀ ਘੱਟ-ਗਿਣਤੀ ਕਮਿਸ਼ਨ ਨੂੰ ਸਪਸ਼ਟੀਕਰਨ ਭੇਜਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਫ਼ਿਲਮ ਬਾਰੇ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਤੋਂ ਲੋੜੀਂਦੀ ਪ੍ਰਵਾਨੀ ਲਈ ਗਈ ਸੀ

Nanak Shah Fakir

ਵਿਵਾਦਤ ਫ਼ਿਲਮ ਨਾਨਕ ਸ਼ਾਹ ਫ਼ਕੀਰ ਰਾਹੀਂ ਸਿੱਖ ਜਜ਼ਬਾਤ ਨੂੰ ਸੱਟ ਮਾਰਨ ਦੇ ਦੋਸ਼ਾਂ ਪਿਛੋਂ ਦਿੱਲੀ ਘੱਟ-ਗਿਣਤੀ ਕਮਿਸ਼ਨ ਵਲੋਂ ਫਿਲਮ ਨਿਰਮਾਤਾ ਸ.ਹਰਿੰਦਰ ਸਿੰਘ ਸਿੱਕਾ ਨੂੰ ਭੇਜੇ ਗਏ ਨੋਟਿਸ ਦੇ ਜਵਾਬ ਵਿਚ ਸ.ਸਿੱਕਾ ਨੇ ਕਮਿਸ਼ਨ ਨੂੰ ਅਪਣਾ ਪੱਖ ਭੇਜ ਕੇ ਸਪਸ਼ਟ ਕੀਤਾ ਹੈ ਕਿ ਫ਼ਿਲਮ ਬਾਰੇ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਤੋਂ ਲੋੜੀਂਦੀ ਪ੍ਰਵਾਨੀ ਲਈ ਗਈ ਸੀ।ਅੱਜ ਸ਼ਾਮ ਨੂੰ ਕਮਿਸ਼ਨ ਦੇ ਮੈਂਬਰ ਸ.ਕਰਤਾਰ ਸਿੰਘ ਕੋਛੜ ਨੇ 'ਸਪੋਕਸਮੈਨ' ਨਾਲ ਗੱਲਬਾਤ ਕਰਦਿਆਂ ਦਸਿਆ ਕਿ 21 ਅਪ੍ਰੈਲ  ਨੂੰ ਸ.ਸਿੱਕਾ ਨੇ ਈ ਮੇਲ ਭੇਜ ਕੇ, ਸਪਸ਼ਟੀਕਰਨ ਦਿਤਾ ਹੈ ਜਿਸ 'ਤੇ ਵਿਚਾਰ ਕੀਤੀ ਜਾ ਰਹੀ ਹੈ।ਕਮਿਸ਼ਨ ਦੇ ਸਿੱਖ ਮੈਂਬਰ ਸ.ਕਰਤਾਰ ਸਿੰਘ ਕੋਛੜ ਨੇ 12 ਅਪ੍ਰੈਲ ਨੂੰ ਕਮਿਸ਼ਨ ਦੀ ਹੀ ਸਿੱਖ ਸਲਾਹਕਾਰ ਕਮੇਟੀ ਦੇ ਮੈਂਬਰ ਸ.ਜਗਮਿੰਦਰ ਸਿੰਘ ਦੀ ਸ਼ਿਕਾਇਤ ਪਿਛੋਂ ਵਿਵਾਦਤ ਫ਼ਿਲਮ ਦੇ ਮੁੱਦੇ 'ਤੇ ਸ.ਸਿੱਕਾ ਨੂੰ ਨੋਟਿਸ ਜਾਰੀ ਕਰ ਕੇ ਸਪਸ਼ਟੀਕਰਨ ਮੰਗਿਆ ਸੀ ਤੇ ਨਾਲ ਹੀ ਚਿਤਾਵਨੀ ਦਿਤੀ ਸੀ ਕਿ ਜੇ ਤੈਅ ਸਮੇਂ 18 ਅਪ੍ਰੈਲ ਤੱਕ ਜਵਾਬ ਦਾਖਲ ਨਹੀਂ ਕੀਤਾ ਗਿਆ ਤਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹੋ।

ਕਮਿਸ਼ਨ ਤੋਂ ਸਪੋਕਸਮੈਨ ਨੂੰ ਪ੍ਰਾਪਤ ਹੋਏ ਸਪਸ਼ਟੀਕਰਨ ਈ ਮੇਲ ਵਿਚ ਜਿਥੇ ਸ.ਸਿੱਕਾ ਨੇ ਕਮਿਸ਼ਨ ਦੀ ਚਿੱਠੀ ਦੀ ਸ਼ਬਦਾਵਲੀ 'ਤੇ ਦੁੱਖ ਤੇ ਹੈਰਾਨੀ ਪ੍ਰਗਟਾਈ ਹੈ ਤੇ ਕਿਹਾ ਹੈ ਕਿ 'ਚਿੱਠੀ ਦੀ ਸ਼ਬਦਾਵਲੀ ਇਸ ਤਰ੍ਹਾਂ ਹੈ ਜਿਵੇਂ ਕਿਸੇ ਦੋਸ਼ੀ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ।' ਉਥੇ ਹੀ ਉਨਾਂ੍ਹ ਸਪਸ਼ਟ ਕਰਦਿਆਂ ਕਿਹਾ ਹੈ 'ਨਾਨਕ ਸ਼ਾਹ ਫ਼ਕੀਰ ਫਿਲਮ ਦਾ ਪ੍ਰਾਜੈਕਟ ਕਿਸੇ ਫਾਇਦੇ ਵਾਸਤੇ ਨਹੀਂ, ਸਗੋਂ ਇਹ ਫਿਲਮ ਤਿੰਨ ਕੌਮੀ ਪੱਧਰ ਦੇ ਐਵਾਰਡ ਜਿੱਤ ਚੁਕੀ ਹੈ। ਸਿੱਖ ਸਲਾਹਕਾਰ ਕਮੇਟੀ ਦੇ ਮੈਂਬਰ ਸ.ਜਗਮਿੰਦਰ ਸਿੰਘ ਵਲੋਂ ਫਿਲਮ ਬਾਰੇ ਕੀਤੀ ਗਈ ਸ਼ਿਕਾਇਤ ਬਿਨਾਂ ਤੱਥਾਂ ਦੀ ਪੜਤਾਲ ਦੇ ਕੀਤੀ ਗਈ ਹੈ ਜੋ ਕਿ ਮੰਦਭਾਵਨਾ ਤੋਂ ਪੈਦਾ ਹੋਈ ਹੈ।