ਸੁੱਚਾ ਸਿੰਘ ਲੰਗਾਹ ਤੋਂ ਸੰਗਤਾਂ ਨੂੰ ਪ੍ਰਹੇਜ਼ ਕਰਨਾ ਚਾਹੀਦੈ : ਜਥੇਦਾਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਲੰਗਾਹ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਕਰ ਰਿਹੈ ਉਲੰਘਣਾ

Giani Harpreet Singh

ਅੰਮ੍ਰਿਤਸਰ : ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸੰਗਤਾਂ ਨੂੰ ਸੁੱਚਾ ਸਿੰਘ ਲੰਗਾਹ ਨਾਲ ਮਿਲਵਰਤਣ ਰੱਖਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਤਾਂ ਜੋ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਕਾਇਮ ਰਹਿ ਸਕੇ। ਅੱਜ ਜਾਰੀ ਬਿਆਨ ਵਿਚ 'ਜਥੇਦਾਰ' ਨੇ ਕਿਹਾ ਕਿ ਮਿਲ ਰਹੀਆਂ ਸ਼ਿਕਾਇਤਾਂ ਤੋਂ ਪਤਾ ਲਗਾ ਹੈ ਕਿ ਸੁੱਚਾ ਸਿੰਘ ਲੰਗਾਹ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰ ਰਿਹਾ ਹੈ।

ਉਨ੍ਹਾਂ ਨਿਸ਼ਾਨ ਸਿੰਘ (ਸੂਬਾ ਪ੍ਰਧਾਨ ਜਨ ਨਾਇਕ ਜਨਤਾ ਪਾਰਟੀ ਅਤੇ ਸਾਬਕਾ ਐਮ.ਐਲ.ਏ ਹਰਿਆਣਾ) ਨੇ ਡੇਰਾ ਸਿਰਸਾ ਪ੍ਰੇਮੀਆਂ ਦੇ ਸਮਾਗਮ (ਟੌਹਾਣਾ ਜ਼ਿਲ੍ਹਾ ਫ਼ਤਿਆਬਾਦ ਹਰਿਆਣਾ) ਵਿਖੇ ਬੋਲਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਰਾਬਰੀ ਬਲਾਤਕਾਰੀ ਸਾਧ ਗੁਰਮੀਤ ਰਾਮ ਰਹੀਮ ਨਾਲ ਕਰ ਕੇ ਸਿੱਖ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ।

ਜਿਸ 'ਤੇ ਕਾਰਵਾਈ ਕਰਦਿਆਂ 'ਜਥੇਦਾਰ' ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਨੂੰ ਆਦੇਸ਼ ਕੀਤਾ ਹੈ ਕਿ ਇਸ ਦੋਸ਼ੀ ਵਿਅਕਤੀ 'ਤੇ ਸਿੱਖ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ ਤਹਿਤ ਧਾਰਾ 295-ਏ ਹੇਠ ਪਰਚਾ ਦਰਜ ਕਰਵਾਇਆ ਜਾਵੇ ਤਾਂ ਜੋ ਦੁਬਾਰਾ ਕੋਈ ਵਿਅਕਤੀ ਅਜਿਹੀ ਗ਼ਲਤੀ ਨਾ ਕਰੇ। 'ਜਥੇਦਾਰ' ਨੇ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਚੋਣ ਰੈਲੀਆਂ ਵਿਚ ਧਰਮ ਸਬੰਧੀ ਬੋਲਣ ਲੱਗਿਆ ਸੰਕੋਚ ਕੀਤਾ ਜਾਵੇ ਤਾਕਿ ਗ਼ਲਤ ਬੋਲਣ ਨਾਲ ਕਿਸੇ ਦੀ ਵੀ ਧਾਰਮਕ ਭਾਵਨਾਵਾਂ ਨੂੰ ਠੇਸ ਨਾ ਪੁੱਜੇ।