ਨਿਜੀ ਨਿਊਜ਼ ਚੈਨਲਾਂ ਵਿਰੁਧ ਹੋਵੇ ਕਾਰਵਾਈ: ਪਰਵਾਨਾ
ਦਿੱਲੀ ਤੋਂ ਚੱਲਣ ਵਾਲੇ ਨੈਸ਼ਨਲ ਨਿਜੀ ਨਿਊਜ਼ ਚੈਨਲਾਂ ਵਲੋਂ ਦਮਦਮੀ ਟਕਸਾਲ ਸਰਕਲ ਰਾਜਪੁਰਾ ਦੇ ਪ੍ਰਧਾਨ ਬਾਬਾ ਬਲਜਿੰਦਰ ਸਿੰਘ ਪਰਵਾਨਾ ਨੂੰ ਅਤਿਵਾਦੀ ਦੱਸਣ...
ਰਾਜਪੁਰਾ, ਦਿੱਲੀ ਤੋਂ ਚੱਲਣ ਵਾਲੇ ਨੈਸ਼ਨਲ ਨਿਜੀ ਨਿਊਜ਼ ਚੈਨਲਾਂ ਵਲੋਂ ਦਮਦਮੀ ਟਕਸਾਲ ਸਰਕਲ ਰਾਜਪੁਰਾ ਦੇ ਪ੍ਰਧਾਨ ਬਾਬਾ ਬਲਜਿੰਦਰ ਸਿੰਘ ਪਰਵਾਨਾ ਨੂੰ ਅਤਿਵਾਦੀ ਦੱਸਣ ਅਤੇ ਆਈਐਸਆਈ ਤੇ ਗੈਂਗਸਟਰਾਂ ਨਾਲ ਸਬੰਧ ਹੋਣ ਦੀਆਂ ਵਿਖਾਈਆਂ ਖ਼ਬਰਾਂ ਦੇ ਵਿਰੋਧ ਵਿਚ ਅੱਜ ਬਾਬਾ ਪਰਵਾਨਾ ਨੇ ਅੱਜ ਡੀਐਸਪੀ ਰਾਜਪੁਰਾ ਕ੍ਰਿਸ਼ਨ ਕੁਮਾਰ ਪਾਂਥੇ ਨੂੰ ਮੰਗ ਪੱਤਰ ਦੇ ਕੇ ਨਿਊਜ਼ ਚੈਨਲਾਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਇਕ ਭਲਾਈ ਸੰਸਥਾ ਬਣਾ ਕੇ ਸਮਾਜ ਸੇਵੀ ਕਾਰਜ ਕਰ ਕੇ ਇਲਾਕੇ ਵਿਚ ਜ਼ਰੂਰਤਮੰਦ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਪਰ ਉਕਤ ਨਿਉੂਜ਼ ਚੈਨਲਾਂ ਨੇ ਉਨ੍ਹਾਂ ਨੂੰ ਅਤਿਵਾਦੀ ਐਲਾਨਿਆ ਹੈ ਜਦਕਿ ਅੱਜ ਤਕ ਉਨ੍ਹਾਂ ਦੋ ਕੋਈ ਅਪਰਾਧਕ ਰੀਕਾਰਡ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਇਕ ਸੇਵਾਮੁਕਤ ਪੁਲਿਸ ਅਫ਼ਸਰ ਦੇ ਬੇਟੇ ਹਨ।
ਉਨ੍ਹਾਂ ਕਿਹਾ ਕਿ ਉਹ ਦਮਦਮੀ ਟਕਸਾਲ ਅੰਮ੍ਰਿਤਸਰ ਦੇ ਵਿਦਆਰਥੀ ਹਨ ਅਤੇ ਪਿਛਲੇ ਲੰਮੇਂ ਸਮੇਂ ਤੋਂ ਸਿੱਖ ਧਰਮ ਪ੍ਰਚਾਰ ਦਾ ਕਾਰਜ ਕਰਦੇ ਆ ਰਹੇ ਹਨ, ਇਸ ਦਾ ਮਤਲਬ ਇਹ ਨਹੀਂ ਹੈ ਕਿ ਦਮਦਮੀ ਟਕਸਾਲ ਨਾਲ ਜੁੜਨ ਕਰ ਕੇ ਉਹ ਅਤਿਵਾਦੀ ਬਣ ਗਏ ਹਨ। ਉਹਨਾਂ ਕਿਹਾ ਕਿ ਨਿਉਜ ਚੈਨਲਾਂ ਵਿਰੁਧ ਅਦਾਲਤ ਵਿਚ ਮਾਨਹਾਨੀ ਦਾ ਮੁਕੱਦਮਾ ਵੀ ਚਲਾਇਆ ਜਾਵੇਗਾ। ਇਸ ਸੰਬੰਧੀ ਡੀਐਸਪੀ ਰਾਜਪੁਰਾ ਕ੍ਰਿਸ਼ਨ ਕੁਮਾਰ ਪਾਂਥੇ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਸਬੂਤ ਵਜੋਂ ਇਕ ਸੀਡੀ ਵੀ ਦਿਤੀ ਗਈ ਹੈ ਜਿਸ ਦੀ ਜਾਂਚ ਹੋਵੇਗੀ।