ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਨੂੰ ਲੈ ਕੇ ਸਪੋਕਸਮੈਨ ਨੇ ਕਰਨੈਲ ਸਿੰਘ ਪੰਜੋਲੀ ਨਾਲ ਕੀਤੀ ਖਾਸ ਗੱਲਬਾਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕੌਮ ਜਥੇਦਾਰ ਨੂੰ ਲੀਡਰ ਨਹੀਂ ਮੰਨਦੀ ਜੇ ਜਥੇਦਾਰ ਨੂੰ ਕੌਮ ਲੀਡਰ ਮੰਨਦੀ ਤਾਂ ਫਿਰ ਅੱਜ ਕੌਮ ਦੀ ਇਹ ਦਸ਼ਾ ਨਾ ਹੁੰਦੀ-ਪੰਜੋਲੀ

Karnail Singh Panjoli

 

ਅੰਮ੍ਰਿਤਸਰ (ਸੁਰਖਾਬ ਚੰਨ, ਗਗਨਦੀਪ ਕੌਰ) : ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਨੂੰ ਲੈ ਕੇ ਕਈ ਤਰ੍ਹਾਂ ਦੇ ਵਿਵਾਦ ਉੱਠਣੇ ਸ਼ੁਰੂ ਹੋ ਗਏ ਹਨ ਕਿ ਗੁਰਬਾਣੀ ਦੇ ਪ੍ਰਸਾਰਨ ਦਾ ਅਧਿਕਾਰ ਇਕ ਚੈਨਲ ਨੂੰ ਕਿਉਂ ਹੈ, ਬਾਕੀ ਚੈਨਲਾਂ ਨੂੰ ਇਸ ਦਾ ਅਧਿਕਾਰ ਕਿਉਂ ਨਹੀਂ ਹੈ ਜਾਂ ਐਸਜੀਪੀਸੀ ਗੁਰਬਾਣੀ ਦੇ ਪ੍ਰਸਾਰਨ ਲਈ ਅਪਣਾ ਨਿੱਜੀ ਚੈਨਲ ਬਣਾਵੇ। ਇਸ ਸਬੰਧੀ ਰੋਜ਼ਾਨਾ ਸਪੋਕਸਮੈਨ ਨੇ ਐਸਜੀਪੀਸੀ ਮੈਂਬਰ ਕਰਨੈਲ ਸਿੰਘ ਪੰਜੋਲੀ ਨਾਲ ਗੱਲਬਾਤ ਕੀਤੀ। ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਦੀ ਮੰਗ ਅੱਜ ਤੋਂ ਨਹੀਂ ਉੱਠੀ, ਬਲਕਿ 1980 ਤੋਂ ਪਹਿਲਾਂ ਦੀ ਹੈ। ਸਿੱਖ ਰੋਜ਼ੀ ਰੋਟੀ ਲਈ ਵਿਦੇਸ਼ਾਂ ਵਿਚ ਜਾ ਕੇ ਵੱਸ ਗਏ ਪਰ ਆਤਮਿਕ ਰੂਪ 'ਚ ਉਹ ਦਰਬਾਰ ਸਾਹਿਬ, ਗੁਰਬਾਣੀ ਨਾਲ ਹੀ ਜੁੜੇ ਹੋਏ ਸਨ। ਉਦੋਂ ਵਿਦੇਸ਼ਾਂ 'ਚ ਗੁਰਦੁਆਰੇ ਨਹੀਂ ਹੁੰਦੇ ਸਨ। ਸਿੱਖਾਂ ਦੀ ਇੱਛਾ ਸੀ ਕਿ ਸਾਨੂੰ ਹਰ ਰੋਜ਼ ਦਰਬਾਰ ਸਾਹਿਬ ਤੋਂ ਗੁਰਬਾਣੀ ਸੁਣਨ ਨੂੰ ਮਿਲ ਜਾਇਆ ਕਰੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਨੇ ਭਾਰਤ ਸਰਕਾਰ ਨੂੰ ਚਿੱਠੀ ਲਿਖੀ ਸੀ ਕਿ ਇਕ ਵੱਡਾ ਟਰਾਂਸਮਿਸ਼ਨ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸਥਾਪਿਤ ਕੀਤਾ ਜਾਵੇ। ਜਿਸ ਨਾਲ ਦੇਸ਼ਾਂ ਵਿਦੇਸ਼ਾਂ 'ਚ ਵਸਦੀ ਸੰਗਤ ਗੁਰਬਾਣੀ ਦਾ ਸਰਵਣ ਕਰ ਸਕੇ ਪਰ ਉਸ ਸਮੇਂ ਇੰਦਰਾ ਗਾਂਧੀ ਬੜੀ ਜ਼ਿੱਦੀ ਸੀ, ਉਦੋਂ ਉਹਨਾਂ ਨੇ ਇਹ ਮੰਗ ਨਹੀਂ ਮੰਨੀ। ਫਿਰ ਧਰਮ ਮੋਰਚੇ ਦੀ ਮੰਗ ਦਰਮਿਆਨ ਰਾਜਸੀ ਮੰਗਾਂ ਦਰਮਿਆਨ ਇਹ ਧਾਰਮਿਕ ਮੰਗਾਂ ਸ਼ਾਮਲ ਕੀਤੀਆਂ ਗਈਆਂ। ਦਰਬਾਰ ਸਾਹਿਬ 'ਤੇ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਜਲੰਧਰ ਦੂਰਦਰਸ਼ਨ ਰੇਡੀਓ ਰਾਹੀਂ ਕੀਰਤਨ ਦਾ ਪ੍ਰਸਾਰਨ ਕਰਨਾ ਸ਼ੁਰੂ ਕਰ ਦਿਤਾ ਕਿਉਂਕਿ ਉਸ ਸਮੇਂ ਟੈਲੀਵਿਜ਼ਨ ਨਹੀਂ ਸਨ। ਜਦੋਂ ਟੈਲੀਵਿਜ਼ਨ ਆਏ, ਉਦੋਂ ਟੈਲੀਵਿਜ਼ਨ 'ਤੇ ਪ੍ਰਸਾਰਨ ਕਰਨਾ ਸ਼ੁਰੂ ਕਰ ਦਿਤਾ।

ਜਿੰਨਾ ਸਮਾਂ ਗੁਰਚਰਨ ਸਿੰਘ ਟੌਹੜਾ ਜ਼ਿੰਦਾ ਰਹੇ ਜਲੰਧਰ ਦੂਰਦਰਸ਼ਨ ਤੋਂ ਗੁਰਬਾਣੀ ਦਾ ਪ੍ਰਸਾਰਨ ਹੁੰਦਾ ਰਿਹਾ। ਹੌਲੀ-ਹੌਲੀ ਨਿੱਜੀ ਚੈਨਲ ਆ ਗਿਆ ਫਿਰ ਉਸ 'ਤੇ ਗੁਰਬਾਣੀ ਦਾ ਪ੍ਰਸਾਰਨ ਹੋਣਾ ਸ਼ੁਰੂ ਹੋ ਗਿਆ। ਸੁਖਬੀਰ ਸਿੰਘ ਬਾਦਲ ਜਦੋਂ ਰਾਜਨੀਤੀ 'ਚ ਆਏ ਤਾਂ ਉਸ ਨੇ ਇਸ ਨੂੰ ਸੇਵਾ ਦੀ ਬਜਾਏ ਵਪਾਰਕ ਅਦਾਰਾ ਬਣਾ ਲਿਆ।  ਉਹਨਾਂ ਨੇ ਹਰੇਕ ਸਿਸਟਮ 'ਚੋਂ ਲੱਭਿਆ ਕੇ ਪੈਸਾ ਕਿਵੇਂ ਇਕੱਠਾ ਕਰਨਾ ਹੈ ਤੇ ਉਹਨਾਂ ਪੈਸਿਆਂ ਨਾਲ ਰਾਜਨੀਤੀ ਕਿਵੇਂ ਚਲਾਈ ਜਾ ਸਕਦੀ ਹੈ। ਫਿਰ ਉਸ ਨੇ ਅਪਣਾ ਨਿੱਜੀ ਚੈਨਲ ਬਣਾਇਆ ਤੇ ਗੁਰਬਾਣੀ ਦਾ ਪ੍ਰਸਾਰਨ ਉਸ 'ਤੇ ਕਰਨਾ ਸ਼ੁਰੂ ਕਰ ਦਿਤਾ। ਜਦੋਂ ਸਿੱਖਾਂ ਨੂੰ ਹੌਲੀ-ਹੌਲੀ ਸਮਝ ਆਈ ਕਿ ਗੁਰਬਾਣੀ ਵੇਚੀ ਜਾ ਰਹੀ ਹੈ ਤਾਂ ਸਿੱਖਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿਤਾ। ਕੈਪਟਨ ਦੀ ਸਰਕਾਰ ਨੇ ਵੀ ਕਿਹਾ ਸੀ ਕਿ ਗੁਰਬਾਣੀ ਦੇ ਪ੍ਰਸਾਰਨ ਲਈ ਸਿਸਟਮ ਸਥਾਪਿਤ ਕਰਨ ਲਈ ਤਿਆਰ ਹਾਂ ਤੇ ਮੌਜੂਦ ਸਰਕਾਰ ਨੇ ਵੀ ਕਿਹਾ।

ਹੁਣ ਜਦੋਂ ਨਿੱਜੀ ਚੈਨਲ ਦਾ ਅਧਿਕਾਰ ਖ਼ਤਮ ਹੋ ਰਿਹਾ ਤੇ ਸ਼੍ਰੋਮਣੀ ਕਮੇਟੀ ਨਵੇਂ ਟੈਂਡਰ ਮੰਗ ਰਹੀ ਹੈ, ਇਸ 'ਤੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਸ਼੍ਰੋਮਣੀ ਕਮੇਟੀ ਨੂੰ ਟੈਂਡਰ ਮੰਗਣ ਦੀ ਲੋੜ ਨਹੀਂ ਹੈ।  ਸ੍ਰੋਮਣੀ ਕਮੇਟੀ ਹਾਈ ਤਕਨੀਕ ਦੇ ਚਾਰ ਪੰਜ ਕੈਮਰੇ ਦਰਬਾਰ ਸਾਹਿਬ ਫਿਟ ਕਰੇ। ਸਿੱਖ ਬੱਚੇ ਜਿਹੜੇ ਤਕਨੀਕ ਪੱਖੋਂ ਪੂਰੀ ਤਰ੍ਹਾਂ ਮਾਹਿਰ ਹੋਣ, ਉਹਨਾਂ ਦੀ ਡਿਊਟੀ ਲਗਾਈ ਜਾਵੇ। ਇਕ ਤਕਨੀਕ ਕਮਰਾ ਬਣਾਇਆ ਜਾਵੇ, ਉਸ ਵਿਚ ਸਾਡੇ ਦੋ ਮੁਲਾਜ਼ਮ ਬੈਠਣ ਤੇ ਕਹਿਣ ਜਿਸ ਵੀ ਚੈਨਲ ਨੇ ਗੁਰਬਾਣੀ ਦਾ ਕੁਨੈਕਸ਼ਨ ਲੈਣਾ ਹੈ ਉਹ ਸਾਡੇ ਕੋਲ ਅਰਜ਼ੀ ਦੇ ਕੇ ਗੁਰਬਾਣੀ ਦਾ ਕੁਨੈਕਸ਼ਨ ਲੈ ਸਕਦਾ ਹੈ। ਸ਼੍ਰੋਮਣੀ ਕਮੇਟੀ ਨੂੰ ਇਕ ਚੈਨਲ ਨੂੰ ਇਸ ਦਾ ਅਧਿਕਾਰ ਨਹੀਂ ਦੇਣਾ ਚਾਹੀਦਾ ਸਗੋਂ ਸਾਰੇ ਚੈਨਲਾਂ ਨੂੰ ਇਸ ਦਾ ਅਧਿਕਾਰ ਦੇਣਾ ਚਾਹੀਦਾ, ਇਸ ਨਾਲ ਗੁਰਬਾਣੀ ਦਾ ਪ੍ਰਸਾਰਨ ਦੂਰ-ਦੂਰ ਤੱਕ ਵਧੇਗਾ। ਜਦੋਂ ਗੁਰਬਾਣੀ ਦਾ ਪ੍ਰਸਾਰਨ ਦੂਰ-ਦੂਰ ਤੱਕ ਹੋਵੇਗਾ ਤਾਂ ਸਿੱਖਾਂ ਦਾ ਇਤਿਹਾਸ ਦੂਰ-ਦੂਰ ਤੱਕ ਜਾਵੇਗਾ। ਸਾਰੀ ਦੁਨੀਆਂ 'ਚ ਸਿੱਖਾਂ ਦੀ ਪਹਿਚਾਣ ਵਧੇਗੀ। 
ਉਹਨਾਂ ਕਿਹਾ ਕਿ ਪਹਿਲੀ ਗੱਲ ਤਾਂ ਸ਼੍ਰੋਮਣੀ ਕਮੇਟੀ ਸਮਰੱਥ ਹੈ ਪਰ ਫਿਰ ਵੀ ਸ਼੍ਰੋਮਣੀ ਕਮੇਟੀ ਨੂੰ ਲੱਗਦਾ ਹੈ ਕਿ ਉਹ ਆਪ ਗੁਰਬਾਣੀ ਪ੍ਰਸਾਰਨ ਨਹੀਂ ਕਰ ਸਕਦੀ ਤਾਂ ਸਿੱਖ ਸੰਗਤ ਇਹ ਲੋੜ ਪੂਰੀ ਕਰ ਸਕਦੀ ਹੈ। ਜੇ ਸੁਖਬੀਰ ਬਾਦਲ ਇਕੱਲਾ ਚੈਨਲ ਚਲਾ ਸਕਦਾ ਹੈ ਫਿਰ ਪੂਰਾ ਪੰਥ ਚੈਨਲ ਨਹੀਂ ਚਲਾ ਸਕਦਾ। 
 ਸਿੱਖਾਂ ਦੀ ਅਸ਼ੰਕਾ ਹੈ ਕਿ ਜੋ ਕੁਝ ਵੀ ਹਰਜਿੰਦਰ ਸਿੰਘ ਧਾਮੀ ਬੋਲ ਰਹੇ ਹਨ, ਉਹ ਉਹਨਾਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹਨ, ਜਿਹੜੀ ਸੁਖਬੀਰ ਸਿੰਘ ਬਾਦਲ ਦੀ ਹੈ ਕਿ ਮੈਂ ਇਸ ਚੈਨਲ 'ਤੇ ਕਬਜ਼ਾ ਰੱਖਣਾ ਹੈ। ਪਿਛਲੇ ਸਮੇਂ ਜੋ ਗਲਤੀਆਂ ਸੁਖਬੀਰ ਸਿੰਘ ਬਾਦਲ ਨੇ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੀਤੀਆਂ ਉਸ ਦੀ ਸਜ਼ਾ ਅਕਾਲ ਤਖ਼ਤ ਭੁਗਤ ਰਿਹਾ ਹੈ।

ਅੱਜ ਸਜ਼ਾ ਅਕਾਲੀ ਦਲ ਵੀ ਭੁਗਤ ਰਿਹਾ ਹੈ।  ਸ਼੍ਰੋਮਣੀ ਕਮੇਟੀ ਅੱਜ ਫਰਸ਼ ਤੋਂ ਅਰਸ਼ ਤੱਕ ਪਹੁੰਚ ਗਈ ਹੈ, ਸਾਰੇ ਪਾਸੇ ਅਕਾਲੀ ਦਲ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਤੇ ਨਾ ਕਿਤੇ ਇਹ ਲੱਗ ਰਿਹਾ ਕਿ ਸੁਖਬੀਰ ਬਾਦਲ ਸਿੱਖਾਂ ਦੇ ਸਿਸਟਮ ਨੂੰ ਤਬਾਹ ਕਰਕੇ ਛੱਡ ਕੇ ਜਾਵੇਗਾ। ਅਕਾਲ ਤਖ਼ਤ ਦਾ ਜਥੇਦਾਰ ਇਕੱਲਾ ਸੁਖਬੀਰ ਬਾਦਲ ਦਾ ਜਥੇਦਾਰ ਨਹੀਂ ਹੈ ਬਲਕਿ ਪੂਰੀ ਕੌਮ ਦਾ ਜਥੇਦਾਰ ਹੈ ਪਰ ਜੇ ਤਖ਼ਤ ਦਾ ਜਥੇਦਾਰ ਅਕਾਲੀ ਦਲ ਅੱਗੇ ਝੁਕੀ ਜਾਵੇ ਇਹ ਬਹੁਤ ਮੰਦਭਾਗਾ ਹੈ।  ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਨਾਲ ਤੁਰਿਆ ਹੋਇਆ ਟੋਲਾ ਅੱਜ ਪੰਥ ਦੀ ਅਗਵਾਈ ਨਹੀਂ ਕਰ ਸਕਦਾ ਕਿਉਂਕਿ ਪੰਥ ਇਹਨਾਂ ਨੂੰ ਪ੍ਰਵਾਨ ਨਹੀਂ ਕਰ ਰਿਹਾ। ਮੇਰਾ ਕੋਈ ਗੁਨਾਹ ਨਹੀਂ ਸੀ ਮੈਂ ਇਹੀ ਗੱਲ ਕਹਿ ਰਿਹਾ ਸੀ ਤਿ ਅਸਤੀਫ਼ੇ ਦਿਓ, ਅਕਾਲ ਤਖ਼ਤ 'ਤੇ ਭੁੱਲ ਬਖ਼ਸ਼ਾ ਲਓ ਤੇ ਨਵੀਂ ਲੀਡਰਸ਼ਿਪ ਨੂੰ ਮੌਕਾ ਦਿਓ ਤਾਂ ਹੀ ਇਹ ਪਾਰਟੀ ਬਚ ਸਕੇਗੀ, ਉਹਨਾਂ ਨੇ ਮੈਨੂੰ ਬਾਹਰ ਕੱਢ ਦਿਤਾ।

ਹੁਣ ਪਾਰਟੀ ਨਿੱਜੀ ਜਗੀਰ ਬਣ ਕੇ ਰਹਿ ਗਈ। ਕੌਮ ਜਥੇਦਾਰ ਨੂੰ ਲੀਡਰ ਨਹੀਂ ਮੰਨਦੀ ਜੇ ਜਥੇਦਾਰ ਨੂੰ ਕੌਮ ਲੀਡਰ ਮੰਨਦੀ ਤਾਂ ਫਿਰ ਅੱਜ ਕੌਮ ਦੀ ਇਹ ਦਸ਼ਾ ਨਾ ਹੁੰਦੀ। ਹੁਣ ਕੌਮ ਇਹ ਕਹਿੰਦੀ ਹੈ ਕਿ ਜਥੇਦਾਰ ਕੌਮ ਦੇ ਜ਼ਜ਼ਬਾਤਾਂ ਦੀ ਤਜਮਾਨੀ ਨਹੀਂ ਕਰਦੀ ਸਗੋਂ ਉਹ ਇਕ ਪ੍ਰਵਾਰ ਤੇ ਇਕ ਧਿਰ ਦੀ ਤਜਮਾਨੀ ਕਰ ਰਹੀ ਹੈ। ਅਕਾਲ ਤਖ਼ਤ ਸਾਹਿਬ ਨੂੰ ਜਥੇਦਾਰ ਦੀ ਨਿਯੁਕਤੀ ਲਈ ਪੂਰੇ ਖਾਲਸੇ ਨੂੰ ਸ਼ਾਮਲ ਹੋਣ ਦਾ ਮੌਕਾ ਦੇਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਇਕ ਪਰਪੋਸਲ ਦੇਵੇ ਵੀ ਇਹ 11 ਬੰਦੇ ਹਨ, ਇਹਨਾਂ ਦੀ ਚੋਣ ਲਈ ਪੰਥ ਅਪਣੀ ਵੋਟ ਪਾਵੇ। ਪੰਥ ਜਿਸਨੂੰ ਬਹੁ-ਗਿਣਤੀ 'ਚ ਵੋਟ ਪਾਵੇਗਾ ਉਸ ਨੂੰ ਅਕਾਲ ਤਖ਼ਤ ਦਾ ਜਥੇਦਾਰ ਨਿਯੁਕਤ ਕੀਤਾ ਜਾਵੇ। ਮੇਰੇ ਹਿਸਾਬ ਨਾਲ ਜਿੰਨਾ ਸਮਾਂ ਸ਼੍ਰੋਮਣੀ ਕਮੇਟੀ ਇਕ ਚੰਗੇ ਜਥੇਦਾਰ ਦੀ ਨਿਯੁਕਤੀ ਨਹੀਂ ਕਰਦਾ,  ਉਨ੍ਹਾਂ ਸਮਾਂ ਜਥੇਦਾਰ ਨਿਰਪੱਖਤਾ ਨਾਲ ਫ਼ੈਸਲੇ ਨਹੀਂ ਲੈ ਸਕਦਾ।