40 Years of Operation Blue Star: SGPC ਨੇ ਨੌਜਵਾਨ ਪੀੜ੍ਹੀ ਨੂੰ ਜਾਣਕਾਰੀ ਦੇਣ ਲਈ ਸ਼ਹੀਦ ਹੋਏ ਅਕਾਲ ਤਖ਼ਤ ਸਾਹਿਬ ਦਾ ਮਾਡਲ ਬਾਹਰ ਲਗਾਇਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਉਸ ਦ੍ਰਿਸ਼ ਨੂੰ ਦੇਖ ਕੇ ਸ਼ਰਧਾਲੂ ਭੁਬਾਂ ਮਾਰ ਕੇ ਰੌਂਦੇ ਦੇਖੇ ਗਏ

40 Years of Operation Blue Star

40 Years of Operation Blue Star: ਸ੍ਰੀ ਦਰਬਾਰ ਸਾਹਿਬ ਤੇ ਜੂਨ 1984 ਦੇ ਭਾਰਤ ਸਰਕਾਰ ਵਲੋਂ ਕੀਤੇ ਫ਼ੌਜੀ ਹਮਲੇ ਦੀ 40 ਵੀ ਵਰ੍ਹੇਗੰਢ ਪੰਥ ਵਲੋਂ ਜ਼ੋਰ ਸ਼ੋਰ ਨਾਲ ਮਨਾਉਣ ਦੀ ਤਿਆਰੀ ਵਿੱਢ ਦਿਤੀ ਗਈ ਹੈ। ਭਾਰਤ ਸਰਕਾਰ ਨੇ 4 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ 37 ਦੇ ਕਰੀਬ ਗੁਰਧਾਮਾਂ ਤੇ ਫ਼ੌਜ ਕੋਲੋਂ ਹਮਲਾ ਕਰਵਾਇਆ ਸੀ ਜਿਸ ਦੌਰਾਨ ਹਜ਼ਾਰਾਂ ਸਿੰਘ ਸਿੰਘਣੀਆਂ, ਭੁਝੰਗੀਆਂ ਦੇ ਨਾਲ ਨਾਲ  ਦੁੱਧ ਚੁੰਘਦੇ ਬੱਚੇ ਮੌਤ ਦੇ ਘਾਟ ਉਤਾਰ ਦਿਤੇ ਗਏ ਸਨ। ਹਰ ਸਾਲ ਪੰਥ ਉਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਵੱਖ ਵੱਖ ਅਸਥਾਨਾਂ ਤੇ ਸਮਾਗਮ ਕਰ ਕੇ ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰਦਾ ਹੈ।

ਇਸ ਵਾਰ 40 ਸਾਲਾ ਸਮਾਗਮਾਂ ਤੋਂ ਪਹਿਲਾਂ ਬੀਤੀ 18 ਮਈ ਨੂੰ ਤਖ਼ਤਾਂ ਦੇ ਜਥੇਦਾਰਾਂ ਨੇ ਇਕ ਵਿਸੇਸ਼ ਮੀਟਿੰਗ ਕਰ ਕੇ ਪੰਥ ਨੂੰ ਇਨ੍ਹਾਂ ਮਹਾਨ ਸ਼ਹੀਦੀਆਂ ਨੂੂੰ ਯਾਦ ਕਰਨ ਲਈ ਵੱਡੇ ਪੱਧਰ ਤੇ ਪ੍ਰੋਗਰਾਮ ਕਰਨ ਦਾ ਆਦੇਸ਼ ਜਾਰੀ ਕੀਤਾ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਕੌਮੀ ਦਰਦ ਨੂੰ ਮਹਿਸੂਸ ਕਰਦਿਆਂ ਹਰ ਸਾਲ ਦੀ ਤਰ੍ਹਾਂ ਮੁੱਖ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕਰਨ ਦਾ ਐਲਾਨ ਕੀਤਾ ਹੈ।

ਅਜੋਕੀ ਪੀੜ੍ਹੀ ਨੂੰ ਇਸ ਘੱਲੂਘਾਰੇ ਦੀ ਜਾਣਕਾਰੀ ਦੇਣ ਲਈ ਸ਼ਹੀਦ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦਾ ਮਾਡਲ ਅਕਾਲ ਤਖ਼ਤ ਸਾਹਿਬ ਦੇ ਐਨ ਬਾਹਰ ਲਗਾਇਆ ਗਿਆ ਹੈ। ਸ਼ਹੀਦ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦੇਖ ਕੇ ਅਨੇਕਾਂ ਸਿੱਖ ਸ਼ਰਧਾਲੂ ਜਿਥੇ ਭੂਬਾ ਮਾਰ ਕੇ ਰੌਂਦੇ ਦੇਖੇ ਗਏ, ਉਥੇ ਨਾਲ ਹੀ ਭਾਰਤ ਦੇ ਦੂਜੇ ਸੂਬਿਆਂ ਤੋ ਆਏ ਗ਼ੈਰ ਸਿੱਖ ਸ਼ਰਧਾਲੂ ਵੀ ਭਾਰਤੀ ਹਕੂਮਤ ਦੇ ਇਸ ਜਬਰ ਤੇ ਜ਼ੁਲਮ ਦੀ ਦਾਸਤਾਂ ਸੁਣ ਕੇ ਅਫ਼ਸੋਸ ਪ੍ਰਗਟ ਕਰਦੇ ਨਜ਼ਰ ਆਏ।

ਨੌਜਵਾਨ ਇਸ ਮਾਡਲ ਨੂੰ ਬੜੀ ਹੀ ਨੀਝ ਨਾਲ ਦੇਖ ਕੇ ਹਕੂਮਤੀ ਜ਼ੁਲਮਾਂ ਤੇ ਅਤਿਆਚਾਰਾਂ ਬਾਰੇ ਅਨੇਕਾਂ ਸਵਾਲ ਕਰਦੇ ਨਜ਼ਰ ਆਏ। ਹਰ ਵਰਗ ਲਈ ਖਿੱਚ ਦਾ ਕੇਂਦਰ ਬਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸ ਸ਼ਹੀਦੀ ਮਾਡਲ ਨੂੰ ਅਪਣੀਆਂ ਮਨਬਿਰਤੀਆਂ ਵਿਚ ਤਾਜ਼ਾ ਰਖਣ ਲਈ ਇਸ ਮਾਡਲ ਦੀਆਂ ਤਸਵੀਰਾਂ ਲਈਆਂ ਜਾ ਰਹੀਆ ਹਨ।