Jathedar Kuldeep Singh Gargajj: ‘ਧਰਮ ਪਰਿਵਰਤਨ ਨੂੰ ਰੋਕਣ ਲਈ ਦਸਵੰਧ ਕੱਢੇ ਹਰ ਸਿੱਖ’: ਜਥੇਦਾਰ ਕੁਲਦੀਪ ਸਿੰਘ ਗੜਗੱਜ

ਏਜੰਸੀ

ਪੰਥਕ, ਪੰਥਕ/ਗੁਰਬਾਣੀ

‘ਲਾਲਚ ਨਾਲ ਧਰਮ ਦੀ ਰੱਖੀ ਨੀਂਹ ਜ਼ਿਆਦਾ ਸਮੇਂ ਤੱਕ ਨਹੀਂ ਟਿਕਦੀ’

Jathedar Kuldeep Singh Gargajj

Jathedar Kuldeep Singh Gargajj: ਸਿਰਫ਼ ਪੰਜਾਬ ਹੀ ਨਹੀਂ ਸਗੋਂ ਹੋਰਨਾਂ ਸੂਬਿਆਂ ਵਿੱਚ ਵੀ ਜ਼ਬਰੀ ਧਰਮ ਪਰਿਵਰਤਨ ਜ਼ੋਰ ਫੜ ਰਿਹਾ ਹੈ , ਜਿਸ ਨੂੰ ਲੈ ਕੇ ਸਿੱਖ ਕੌਮ ਦੇ ਜਥੇਦਾਰ ਅਤੇ ਧਰਮ ਪ੍ਰਚਾਰਕ ਧਰਮ ਪਰਿਵਰਤਨ ਨੂੰ ਰੋਕਣ ਦੇ ਲਈ ਉਪਰਾਲੇ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ | ਅਜਿਹੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਧਰਮ ਪਰਿਵਰਤਨ ਨੂੰ ਰੋਕਣ ਦੇ ਲਈ ਦਸਵੰਧ ਦੀ ਸਹੀ ਵਰਤੋਂ ਨੂੰ ਹੀ ਕਾਰਗਰ ਦੱਸਿਆ |

ਸੰਗਰੂਰ ਦੇ ਵਿੱਚ ਇਕ ਧਾਰਮਿਕ ਸਮਾਗਮ ਦੌਰਾਨ ਸੰਗਤ ਨੂੰ ਸੰਬੋਧਨ ਕਰਦੇ ਹੋਏ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢਣ ਅਤੇ ਉਸ ਦਸਵੰਧ ਨੂੰ ਗਰੀਬਾਂ ਦੀ ਭਲਾਈ ਲਈ ਵਰਤਣ ਦੀ ਅਪੀਲ ਕੀਤੀ |

ਦੱਸ ਦੇਈਏ ਕਿ ਜ਼ਬਰੀ ਧਰਮ ਪਰਿਵਰਤਨ ਦਾ ਮੁੱਦਾ ਪੰਜਾਬ ਸਣੇ ਹੋਰਨਾਂ ਸੂਬਿਆਂ ਵਿੱਚ ਪੈਰ ਪਸਾਰ ਰਿਹਾ ਹੈ, ਈਸਾਈ ਧਰਮ ਨਾਲ ਜੁੜੇ ਕੁਝ ਲੋਕ ਸਿਖਾਂ ਅਤੇ ਹੋਰਾਂ ਧਰਮਾਂ ਦੇ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਲਚ ਦੇ ਕੇ ਜ਼ਬਰੀ ਧਰਮ ਬਦਲਵਾ ਰਹੇ ਹਨ | ਅਜਿਹਾ ਇੱਕ ਮਾਮਲਾ ਉਤਰਪ੍ਰਦੇਸ਼ ਦੇ ਪੀਲੀਭੀਤ ਤੋਂ ਆਇਆ ਹੈ, ਜਿਥੇ ਨੇਪਾਲ ਦੇ ਬਾਰਡਰ ਨਜ਼ਦੀਕ ਰਹਿਣ ਵਾਲੇ ਤਕਰੀਬਨ 3000 ਸਿਖਾਂ ਦਾ ਜ਼ਬਰੀ ਧਰਮ ਪਰਿਵਰਤਨ ਕਰਵਾ ਦਿੱਤਾ ਗਿਆ | ਹਾਲਾਂਕਿ ਇਹ ਮਾਮਲਾ ਜਿਥੇ ਧਾਰਮਿਕ ਗਲਿਆਰਿਆਂ ਦੇ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ , ਉਥੇ ਸਿਆਸਤ ਵੀ ਭਖ਼ਦੀ ਹੋਈ ਨਜ਼ਰ ਆ ਰਹੀ ਹੈ | 

ਹਾਲਾਂਕਿ ਪੀਲੀਭੀਤ ਦੇ ਸਿੱਖ ਪਰਿਵਾਰਾਂ ਦਾ ਕਹਿਣਾ ਹੈ ਕਿ ਕੁਝ ਲੋਕ ਨੇਪਾਲ ਤੋਂ ਆ ਕੇ ਪੀਲੀਭੀਤ ਅਤੇ ਹੋਰਨਾਂ ਇਲਾਕਿਆਂ ਵਿੱਚ ਧਰਮ ਪਰਿਵਰਤਨ ਕਰਵਾ ਰਹੇ ਹਨ | ਉਧਰ 13 ਮਈ ਨੂੰ ਪੀਲੀਭੀਤ ਦੇ ਧਰਮ ਪਰਿਵਰਤਨ ਵਾਲੇ ਮਾਮਲੇ ਵਿੱਚ 8 ਨਾਮਜ਼ਦ ਅਤੇ ਕਈ ਅਣਪਛਾਤਿਆਂ ਦੇ ਵਿਰੁੱਧ ਮਾਮਲਾ ਦਰਜ ਕਰ ਕੇ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |