ਸੀ.ਬੀ.ਆਈ. ਕਾਰਵਾਈ ਭਾਜਪਾ ਦਾ ਸਟੰਟ: ਸਖੀਰਾ
1984 ਦੇ ਸਿੱਖ ਸੰਘਰਸ਼ ਦੌਰਾਨ ਜੋਧਪੁਰ ਦੀਆਂ ਜੇਲਾਂ ਵਿਚ ਤੰਗੀਆਂ ਤੁਰਸ਼ੀਆਂ ਵਾਲਾ ਜੀਵਨ ਬਤੀਤ ਕਰਨ ਵਾਲੇ ਸਿੰਘਾਂ ਨੂੰ ਦਿਤੇ ਜਾਣ ਵਾਲੇ ਆਰਥਕ ਮੁਆਵਜ਼ਾ ਮਾਮਲੇ...
ਅੰਮ੍ਰਿਤਸਰ, 1984 ਦੇ ਸਿੱਖ ਸੰਘਰਸ਼ ਦੌਰਾਨ ਜੋਧਪੁਰ ਦੀਆਂ ਜੇਲਾਂ ਵਿਚ ਤੰਗੀਆਂ ਤੁਰਸ਼ੀਆਂ ਵਾਲਾ ਜੀਵਨ ਬਤੀਤ ਕਰਨ ਵਾਲੇ ਸਿੰਘਾਂ ਨੂੰ ਦਿਤੇ ਜਾਣ ਵਾਲੇ ਆਰਥਕ ਮੁਆਵਜ਼ਾ ਮਾਮਲੇ 'ਤੇ ਸੀ.ਬੀ.ਆਈ. ਵਲੋਂ ਅਦਾਲਤੀ ਰਾਹ ਅਖ਼ਤਿਆਰ ਕਰਨਾ ਇਸ ਗਲ ਦੀ ਗਵਾਹੀ ਭਰਦਾ ਹੈ ਕਿ ਭਾਰਤ ਵਿਚ ਸਿੱਖ ਸੁਰੱਖਿਅਤ ਨਹੀਂ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਭਾਈ ਜਰਨੈਲ ਸਿੰਘ ਸਖੀਰਾ ਨੇ ਕੀਤਾ।
ਉਨ੍ਹਾਂ ਸੀ.ਬੀ.ਆਈ. ਦੀ ਇਸ ਅਦਾਲਤੀ ਦਸਤਾਵੇਜੀ ਕਾਰਵਾਈ ਨੂੰ ਭਾਜਪਾ ਦੀ ਸਾਜ਼ਸ਼ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਵੀ ਕਾਂਗਰਸ ਵਾਂਗ ਸਿੱਖਾਂ ਦੀ ਦੁਸ਼ਮਣ ਜਮਾਤ ਹੈ। ਉਨ੍ਹਾਂ ਕਿਹਾ ਕਿ ਵੈਸੇ ਤਾਂ ਭਾਜਪਾ ਵਲੋਂ ਸਿੱਖਾਂ ਦੇ ਨਾਲ ਕੀਤੀਆਂ ਗਈਆਂ ਕਈ ਵਧੀਕੀਆਂ ਦੀਆਂ ਮਿਸਾਲਾਂ ਪਹਿਲਾਂ ਵੀ ਸਾਹਮਣੇ ਆਈਆਂ ਹਨ।
ਆਰ.ਐਸ.ਐਸ. ਦੇ ਇਸ਼ਾਰਿਆਂ 'ਤੇ ਭਾਜਪਾ ਰਾਜਸੀ ਲਾਹਾ ਲੈਣ ਲਈ ਇਕ ਪਾਸੇ ਸਿੱਖਾਂ ਦਾ ਇਸਤੇਮਾਲ ਕਰਦੀ ਰਹੀ ਹੈ ਤੇ ਦੂਜੇ ਪਾਸੇ ਸਿੱਖ ਕੌਮ ਦੀ ਪਿੱਠ ਵਿਚ ਛੁਰਾ ਖੋਭਦੀ ਰਹੀ ਹੈ। ਸਖੀਰਾ ਨੇ ਸ਼੍ਰੋਮਣੀ ਅਕਾਲੀ ਦਲ (ਅ) ਦਾ ਸਟੈਂਡ ਸਪੱਸ਼ਟ ਕਰਦਿਆਂ ਕਿਹਾ ਕਿ ਪਾਰਟੀ ਹਮੇਸ਼ਾ ਕੁਰਬਾਨੀ ਵਾਲੇ ਸਿੰਘਾਂ ਦਾ ਮਾਨ-ਸਨਮਾਨ ਕਰਦੀ ਆਈ ਹੈ ਤੇ ਕਰਦੀ ਰਹੇਗੀ।