ਭਾਰਤ ਨੇ ਪਾਕਿ ਉਪ ਹਾਈ ਕਮਿਸ਼ਨਰ ਨੂੰ ਕੀਤਾ ਤਲਬ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਭਾਰਤ ਨੇ ਅੱਜ ਪਾਕਿਸਤਾਨ ਦੇ ਉਪ ਹਾਈ ਕਮਿਸ਼ਨਰ ਨੂੰ ਇੱਥੇ ਤਲਬ ਕਰ ਕੇ ਇਸਲਾਮਾਬਾਦ 'ਚ ਅਪਣੇ ਸਫ਼ੀਰ ਅਤੇ ਮਹਾਂਵਣਜ ਸਫ਼ਾਰਤਖ਼ਾਨੇ ਦੇ ਅਧਿਕਾਰੀਆਂ ਨੂੰ....

Saeed Haider

ਨਵੀਂ ਦਿੱਲੀ, ਭਾਰਤ ਨੇ ਅੱਜ ਪਾਕਿਸਤਾਨ ਦੇ ਉਪ ਹਾਈ ਕਮਿਸ਼ਨਰ ਨੂੰ ਇੱਥੇ ਤਲਬ ਕਰ ਕੇ ਇਸਲਾਮਾਬਾਦ 'ਚ ਅਪਣੇ ਸਫ਼ੀਰ ਅਤੇ ਮਹਾਂਵਣਜ ਸਫ਼ਾਰਤਖ਼ਾਨੇ ਦੇ ਅਧਿਕਾਰੀਆਂ ਨੂੰ ਗੁਰਦਵਾਰਾ ਪੰਜਾ ਸਾਹਿਬ ਜਾਣ ਤੋਂ ਅਤੇ ਉਥੇ ਗਏ ਭਾਰਤੀ ਸ਼ਰਧਾਲੂਆਂ ਨਾਲ ਮਿਲਣ ਤੋਂ ਰੋਕਣ ਦਾ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਪਾਕਿਸਤਾਨ ਨੂੰ ਦਸਿਆ ਗਿਆ ਹੈ ਕਿ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਰੋਕਣਾ ਵਿਆਨਾ ਸਮਝੌਤੇ ਅਤੇ 1974 ਦੇ ਦੁਵੱਲੇ ਪ੍ਰੋਟੋਕਾਲ ਦੀ ਉਲੰਘਣਾ ਹੈ। 

ਪਾਕਿਸਤਾਨ ਦੇ ਉਪ ਹਾਈ ਕਮਿਸ਼ਨਰ ਸਈਅਦ ਹੈਦਰ ਸ਼ਾਹ ਨੂੰ ਸੰਮਨ ਕੀਤਾ ਗਿਆ ਅਤੇ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰਿਆ ਅਤੇ ਸਫ਼ਾਰਤਖ਼ਾਨੇ ਦੇ ਅਧਿਕਾਰੀਆਂ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ 'ਚ ਸਥਿਤ ਗੁਰਦਵਾਰਾ ਪੰਜ ਸਾਹਿਬ ਜਾਣ ਤੋਂ ਰੋਕਣ ਅਤੇ ਭਾਰਤੀ ਸ਼ਰਧਾਲੂਆਂ ਨੂੰ ਮਿਲਣ ਤੋਂ ਰੋਕਣ 'ਤੇ ਸਖ਼ਤ ਵਿਰੋਧ ਦਰਜ ਕਰਵਾਇਆ ਗਿਆ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਤੋਂ ਇਜਾਜ਼ਤ ਮਿਲਣ ਦੇ ਬਾਵਜੂਦ ਅਧਿਕਾਰੀਆਂ ਨੂੰ ਉਥੇ ਜਾਣ ਅਤੇ ਸ਼ਰਧਾਲੂਆਂ ਨਾਲ ਮਿਲਣ ਤੋਂ ਰੋਕਿਆ ਗਿਆ। 

ਅਜਿਹਾ ਤਿੰਨ ਮਹੀਨਿਆਂ ਵਿਚ ਦੂਜੀ ਵਾਰ ਹੋਇਆ ਹੈ। ਅਜੈ ਬਿਸਾਰੀਆ ਨੂੰ ਗੁਰਦਵਾਰਾ ਸਾਹਿਬ ਜਾਣ ਲਈ ਵਿਦੇਸ਼ੀ ਮਾਮਲਿਆਂ ਦੇ ਮੰਤਰਾਲੇ ਨੇ ਵੀ ਇਜਾਜ਼ਤ ਦਿਤੀ ਹੋਈ ਸੀ ਪਰ ਇਸ ਦੇ ਬਾਵਜੂਦ ਅਜੇ ਬਿਸਾਰੀਆ ਨੂੰ ਗੁਰਦਵਾਰੇ ਅੰਦਰ ਦਾਖ਼ਲ ਨਹੀਂ ਹੋਣ ਦਿਤਾ ਗਿਆ। ਅਜੇ ਬਿਸਾਰੀਆ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮਨਾਉਣ ਲਈ ਸ਼ੁਕਰਵਾਰ ਨੂੰ ਭਾਰਤ ਤੋਂ ਲਾਹੌਰ ਪੁੱਜੇ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਮਿਲਣ ਲਈ ਗੁਰਦਵਾਰੇ ਜਾਣਾ ਚਾਹੁੰਦੇ ਸਨ ਪਰ ਪਾਕਿਸਤਾਨੀ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਗੁਰਦਵਾਰੇ ਦਾਖ਼ਲ ਹੋਣ ਤੋਂ ਰੋਕ ਦਿਤਾ।

ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮਨਾਉਣ ਲਈ 21 ਜੂਨ ਤੋਂ 30 ਜੂਨ ਤਕ ਭਾਰਤ ਤੋਂ ਸਿੱਖ ਸ਼ਰਧਾਲੂ ਗੁਰਦਵਾਰਾ ਡੇਰਾ ਸਾਹਿਬ ਪੁੱਜ ਰਹੇ ਹਨ।
ਭਾਰਤੀ ਵਿਦੇਸ਼ ਮੰਤਰਾਲਾ ਨੇ ਬਿਆਨ ਜਾਰੀ ਕਰ ਕੇ ਦਸਿਆ ਕਿ ਇਸਲਾਮਾਬਾਦ 'ਚ ਭਾਰਤੀ ਹਾਈ ਕਮਿਸ਼ਨ ਨੇ ਵੀ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਬਿਆਨ 'ਚ ਕਿਹਾਗਿਆ ਹੈ ਕਿ ਭਾਰਤ 'ਚ ਵੱਖਵਾਦੀ ਮੁਹਿੰਮ ਨੂੰ ਪਾਕਿਸਤਾਨ ਵਲੋਂ ਲਗਾਤਾਰ ਮਿਲ ਰਹੀ ਹਮਾਇਤ ਅਤੇ ਭਾਰਤੀ ਸ਼ਰਧਾਲੂਆਂ ਨੂੰ ਭੜਕਾਉਣ ਦੀ ਕੋਸ਼ਿਸ਼ 'ਤੇ ਵੀ ਚਿੰਤਾ ਪ੍ਰਗਟਾਈ ਗਈ।

ਪਾਕਿਸਤਾਨੀ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਯਕੀਨੀ ਕੀਤਾ ਜਾਵੇ ਕਿ ਇਸ ਤਰ੍ਹਾਂ ਦੀ ਕੋਈ ਗਤੀਵਿਧੀ ਉਸ ਦੀ ਧਰਤੀ ਤੋਂ ਸੰਚਾਲਿਤ ਨਾ ਹੋਵੇ। ਅਜੇ ਬਿਸਾਰੀਆ ਨੂੰ ਗੁਰਦਵਾਰਾ ਪੰਜਾ ਸਾਹਿਬ ਵਿਖੇ ਜਾਣ ਤੋਂ ਰੋਕਣ ਦੀ ਨਿਖੇਧੀ ਕਰਦਿਆਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਭਾਰਤੀ ਸਫ਼ੀਰ ਨੂੰ ਗੁਰਦਵਾਰੇ ਵਿਚ ਜਾਣ ਤੋਂ ਰੋਕਣਾ ਸਿੱਖ ਧਰਮ ਦੇ ਸਿਧਾਂਤਾਂ ਅਤੇ ਬਾਬੇ ਨਾਨਕ ਦੀ ਫ਼ਿਲਾਸਫ਼ੀ ਤੋਂ ਉਲਟ ਹੈ।

ਉਨ੍ਹਾਂ ਕਿਹਾ ਕਿ ਜੇ ਕੋਈ ਸ਼ਰਧਾ ਨਾਲ ਗੁਰਦਵਾਰੇ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਰੋਕਿਆ ਨਹੀਂ ਜਾ ਸਕਦਾ। ਪਾਕਿਸਤਾਨ ਵਿਚ ਸਿੱਖਾਂ ਦੇ ਕਈ ਮਸਲੇ ਅਜਿਹੇ ਹਨ ਜਿਨ੍ਹਾਂ ਦਾ ਛੇਤੀ ਹਲ ਹੋਣਾ ਚਾਹੀਦਾ ਹੈ।  (ਏਜੰਸੀ)