ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਮਹਾਨ ਧਾਰਮਿਕ ਗ੍ਰੰਥ ਅਤੇ ਗਿਆਰਵੇ ਗੁਰੂ ਹਨ।

Sri Guru Granth Sahib

 

ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਮਹਾਨ ਧਾਰਮਿਕ ਗ੍ਰੰਥ ਅਤੇ ਗਿਆਰਵੇ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤਕ ਸਿੱਖ ਗੁਰੂਆਂ  ਦੇ  ਸਮੇਂ  ਰਚੀ  ਅਤੇ  ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇਕ ਵਿਸਤਾਰਮਈ ਗ੍ਰੰਥ ਹੈ। ਗੁਰੂ ਗ੍ਰੰਥ ਸਾਹਿਬ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਣਨ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਸਾਹਿਬ ਨੂੰ ਦਿਤੀ ਅਤੇ ਇਸੇ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸੱਭ ਤੋਂ ਪਵਿੱਤਰ ਗ੍ਰੰਥ ਅਤੇ ਇਕੋ ਇਕ ਸਦੀਵੀ ਸ਼ਬਦ ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਸੰਤਾਂ - ਭਗਤਾਂ ਦੀਆਂ ਸਿਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿਚ ਬੰਧਨਾਂ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।

 

 

ਗੁਰੂ ਗ੍ਰੰਥ ਸਾਹਿਬ ਨੂੰ ਆਦਿ ਗ੍ਰੰਥ ਵੀ ਕਿਹਾ ਜਾਂਦਾ ਹੈ। ਗੁਰੂ ਅਰਜਨ ਸਾਹਿਬ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ ਸੰਮਤ 1601 ਵਿਚ ਸ਼ੁਰੂ ਕੀਤਾ ਤੇ ਬਿਕਰਮੀ 1604 ਈਸਵੀ ਨੂੰ ਸੰਪੰਨ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਅੱਜ ਦੇ ਦਿਨ 1604 ਈਸਵੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਕੀਤਾ ਗਿਆ। ਇਹ ਪਾਵਨ ਗ੍ਰੰਥ ਭਾਈ ਗੁਰਦਾਸ ਜੀ ਪਾਸੋਂ ਲਿਖਵਾਇਆ ਗਿਆ। ਸੇਵਾ ਸੰਭਾਲ ਲਈ  ਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਪਹਿਲੇ ਮੁੱਖ ਗ੍ਰੰਥੀ ਥਾਪਿਆ। ਸ੍ਰੀ ਗੁਰੂ ਗੋਬਿੰਦ  ਸਿੰਘ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਾਈ ਮਨੀ ਸਿੰਘ ਜੀ ਪਾਸੋਂ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਨੂੰ ਤਖ਼ਤ ਤਲਵੰਡੀ ਸਾਹਿਬੋ ਵਿਖੇ ਦਰਜ ਕਰਵਾਇਆ। ਉਪਰੰਤ 1708 ਈਸਵੀ ਨੂੰ  ਗੁਰੂ ਗੋਬਿੰਦ ਸਿੰਘ ਜੀ ਨੇ ਨਾਂਦੇੜ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਪ੍ਰਦਾਨ ਕਰ ਕੇ ਅਨੰਤ ਕਾਲ ਲਈ ਸਿੱਖਾਂ ਦੇ ਗੁਰੂ ਥਾਪਿਆ ਸੀ।

 

 

 

ਗੁਰੂ ਗ੍ਰੰਥ ਸਾਹਿਬ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਕਲਿਆਣਕਾਰੀ ਉਪਦੇਸ਼ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦਾ ਹੈ। ਸੰਸਾਰ ਦੇ ਸਾਰੇ ਧਾਰਮਕ ਗ੍ਰੰਥਾਂ ਵਿਚੋਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੈ ਜਿਸ ਨੂੰ ਗੁਰੂ ਸਾਹਿਬ ਨੇ ਅਪਣੇ ਕਰ ਕਮਲਾਂ ਨਾਲ ਸੰਪਾਦਤ ਕੀਤਾ ਹੈ। ਲੱਖਾਂ ਪ੍ਰਾਣੀ ਇਸ ਨੂੰ ਮੱਥਾ ਟੇਕਦੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਅੰਤਲੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ  ਦੇ ਕੇ ਸਿੱਖਾਂ ਨੂੰ ਸ਼ਬਦ ਗੁਰੂ ਨਾਲ ਅਸਲੀ ਰੂਪ ਵਿਚ ਜੋੜਿਆ। ਗੁਰੂ ਗ੍ਰੰਥ ਸਾਹਿਬ ਵਿਚ ਛੇ ਗੁਰੂਆਂ ਦੀ ਬਾਣੀ ਤੋਂ ਇਲਾਵਾ 15 ਭਗਤਾਂ, 11 ਭੱਟਾਂ,  ਤਿੰਨ ਗੁਰੂ ਘਰ ਦੇ ਸਿੱਖ ਸਰਧਾਲੂਆਂ ਦੀ ਬਾਣੀ ਅੰਕਿਤ ਹੈ।

 

ਜਿੰਨੇ ਵੱਖ ਵੱਖ ਰਚਣਹਾਰੇ ਹਨ ਓਨੀਆਂ ਹੀ ਇਸ  ਵਿਚ  ਰਾਗ  ਤੇ  ਰਾਗਣੀਆਂ ਬਾਰੇ ਮਜਮੂਨਾਂ ਨੂੰ ਵੱਖ ਵੱਖ ਤਰ੍ਹਾਂ ਦੇ ਕਾਵਿ ਰੂਪਾਂ ਵਿਚ ਪ੍ਰਗਟਾਇਆ ਗਿਆ ਹੈ। 31 ਰਾਗ ਵਰਤੇ ਗਏ  ਹਨ। ਇਨ੍ਹਾਂ ਨੂੰ ਪਦਿਆਂ, ਅਸਟਪੱਦੀਆਂ ਅਤੇ 4 ਲਾਈਨਾਂ ਵਾਲੇ ਸਲੋਕਾਂ ਵਿਚ ਕਲਮਬਧ ਕੀਤਾ ਗਿਆ ਹੈ। 1430 ਅੰਗਾਂ ਵਾਲੀ ਬੀੜ ਨੂੰ ਛਾਪਣ ਦੀ ਸਿਰਫ਼ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਮਾਨਤਾ ਮਿਲੀ ਹੋਈ ਹੈ।

ਭਗਤਾਂ ਦੀ ਬਾਣੀ :  ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿਚੋਂ 22 ਰਾਗਾਂ ਵਿਚ ਭਗਤਾਂ ਦੀ ਬਾਣੀ ਹੈ। ਸੱਭ ਭਗਤਾਂ ਦੇ ਸਾਰੇ ਸ਼ਬਦ 349 ਹਨ। ਅਤੇ ਭਗਤ ਬਾਣੀ ਵਿਚ 3 ਸ਼ਬਦ ਗੁਰੂ ਅਰਜਨ ਸਾਹਿਬ ਦੇ ਵੀ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਗੁਰੂ ਮਾਨਿਉ ਗ੍ਰੰਥ ਦਾ ਉਪਦੇਸ਼ ਦਿਤਾ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਲਈ ਪ੍ਰੇਰਿਤ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀਆ ਰਚਨਾਵਾਂ ਲਿਖਣ ਵਾਲੇ ਵੱਖ ਵੱਖ ਸ਼੍ਰੇਣੀਆਂ ਅਤੇ ਫਿਰਕਿਆਂ ਨਾਲ ਸਬੰਧ ਰਖਦੇ ਸਨ। ਉਨ੍ਹਾਂ ਵਿਚੋਂ ਹਿੰਦੂ, ਮੁਸਲਮਾਨ, ਨੀਵੀਂ,  ਉੱਚੀ ਜਾਤ ਦੇ ਵੀ ਹਨ,  ਪ੍ਰੰਤੂ ਬੜੇ ਦੁਖੀ ਹਿਰਦੇ ਨਾਲ ਅੱਜ ਦੇ ਪਹਿਲੇ ਪ੍ਰਕਾਸ਼ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਲਿਖਣਾ ਪੈ ਰਿਹਾ ਹੈ, ਕਿ ਲੋਕ ਅਜੇ ਵੀ ਮੜ੍ਹੀਆਂ ਮਸਾਣੀਆਂ ਤੇ ਦੇਹ ਧਾਰੀ ਗੁਰੂਆਂ ਨੂੰ ਮੱਥਾ ਟੇਕਦੇ ਹਨ। ਸ਼ੇਰ ਸ਼ਾਹ ਸੂਰੀ ਮਾਰਗ ਤੋਂ ਲੈ ਕੇ ਦਿੱਲੀ ਤਕ ਸਾਨੂੰ ਅਨੇਕਾਂ ਹੀ ਅਜਿਹੀਆਂ ਜਗ੍ਹਾ ਮਿਲਦੀਆਂ ਹਨ। ਸਰਕਾਰੀ ਜ਼ਮੀਨ ਉੱਤੇ ਜਗ੍ਹਾ ਬਣਾ ਕੇ ਕਬਜ਼ਾ ਕੀਤਾ ਹੋਇਆ ਹੈ ਅਤੇ ਆਸਥਾ ਦੇ ਨਾਂ ’ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਅਤੇ ਇਨ੍ਹਾਂ ਥਾਵਾਂ ’ਤੇ ਦੀਵੇ ਆਦਿ ਜਗਾ ਕੇ ਮੱਥਾ ਟੇਕਦੇ ਹਨ। 

ਅਸੀਂ ਏਨਾ ਜ਼ਿਆਦਾ ਖ਼ੌਫ਼ਜ਼ਦਾ ਤੇ ਡਰੇ ਹੋਏ ਹਾਂ ਕਿ ਡਰਦੇ ਮਾਰੇ ਗੱਡੀਆ ਖਲਾਰ ਮੱਥਾ ਟੇਕਦੇ ਹਾਂ। ਪਿੱਛੇ ਜਿਹੇ ਅਖੌਤੀ ਬਾਬੇ ਬਲਾਤਕਾਰਾਂ ਦੇ ਜੁਰਮ ਵਿਚ ਜੇਲ ਗਏ ਹਨ ਤੇ ਸਜ਼ਾ ਕੱਟ ਰਹੇ ਹਨ ਤੇ ਅਜੇ ਵੀ ਅੰਧ-ਵਿਸ਼ਵਾਸ ਤੇ ਪੜ੍ਹੇ ਲਿਖੇ ਲੋਕ ਇਨ੍ਹਾਂ ਦੇ ਜਨਮ ਦਿਨ ਮਨਾ ਰਹੇ ਹਨ। ਡੇਰਾਵਾਦ ਨੂੰ ਤਾਕਤ ਦੇ ਰਹੇ ਹਨ। ਸਾਡੇ ਨੇਤਾ ਵੀ ਇਨ੍ਹਾਂ ਕੋਲ ਜਾ ਕੇ ਵੋਟਾਂ ਮੰਗਦੇ ਹਨ। ਸ਼੍ਰੋਮਣੀ ਕਮੇਟੀ ਨੂੰ ਅੱਗੇ ਆ ਕੇ ਬਾਣੀ ਦਾ ਪ੍ਰਚਾਰ ਕਰ, ਲੋਕਾਂ ਨੂੰ, ਜੋ ਭਟਕ ਗਏ ਹਨ, ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਚਾਹੀਦਾ ਹੈ। ਨੌਜਵਾਨ ਪੀੜ੍ਹੀ ਜੋ ਨਸ਼ਿਆਂ ਵਿਚ ਗਲਤਾਨ ਹੈ, ਨੂੰ ਜਾਗਰੂਕ ਕਰ ਸਿੱਖੀ ਸਰੂਪ ਨਾਲ ਜੋੜ ਅੱਜ ਦੇ ਦਿਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ  ਨਾਜ਼ਰ ਕਰ, ਮੱਥਾ ਟੇਕ ਨਸ਼ਿਆ ਦਾ ਤਿਆਗ ਕਰਨਾ ਚਾਹੀਦਾ ਹੈ।
- ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸਨ
ਮੋਬਾਈਲ : 9878609221