ਆਕਸਫੋਰਡ ਯੂਨੀਵਰਸਿਟੀ ਵਲੋਂ ਗੁਰੂ ਨਾਨਕ ਜੂਨੀਅਰ ਰਿਸਰਚ ਫੈਲੋਸ਼ਿਪ ਦੀ ਸਥਾਪਨਾ,“ਸਿੱਖ ਕੌਮ ਲਈ ਮਾਣਮੱਤਾ ਪਲ ਹੈ”: ਗਿਆਨੀ ਰਘਬੀਰ ਸਿੰਘ
Panthak News: ਸਿੱਖ ਧਰਮ ਤੇ ਪੰਜਾਬ ਨਾਲ ਸਬੰਧਤ ਵਿਸ਼ਿਆਂ ਦੇ ਅਧਿਐਨ ਦੀ ਲੋੜ ਨੂੰ ਮਾਨਤਾ ਦਿੰਦਿਆਂ ਗੁਰੂ ਨਾਨਕ ਜੂਨੀਅਰ ਰੀਸਰਚ ਫ਼ੈਲੋਸ਼ਿਪ ਸ਼ੁਰੂ ਕੀਤੀ ਜਾ ਰਹੀ ਹੈ।
Panthak News: ਅਕਾਲ ਤਖ਼ਤ ਦੇ ਜਥੇਦਾਰ ਸਿੰਘ ਗਿਆਨੀ ਰਘਬੀਰ ਸਿੰਘ ਨੇ ਵਿਸ਼ਵ ਪ੍ਰਸਿੱਧ ਆਕਸਫ਼ੋਰਡ ਯੂਨੀਵਰਸਿਟੀ ਵਲੋਂ ਪੰਜਾਬ ਅਤੇ ਸਿੱਖਾਂ ਨਾਲ ਸਬੰਧਤ ਵਿਸ਼ਿਆਂ ਉੱਤੇ ਅਧਿਐਨ ਲਈ ਗੁਰੂ ਨਾਨਕ ਜੂਨੀਅਰ ਰੀਸਰਚ ਫੈਲੋਸ਼ਿਪ ਦੀ ਸਥਾਪਨਾ ਦੇ ਐਲਾਨ ਲਈ ਇੰਗਲੈਂਡ ਦੇ ਸਮੁੱਚੇ ਸਿੱਖਾਂ ਨੂੰ ਵਧਾਈ ਦਿਤੀ ਹੈ।
ਅਕਾਲ ਤਖ਼ਤ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿਚ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਵਿਸ਼ਵ-ਵਿਆਪੀ ਸਿੱਖ ਕੌਮ ਲਈ ਇਹ ਮਾਣਮੱਤਾ ਪਲ ਹੈ ਕਿ ਵਿਸ਼ਵ ਪ੍ਰਸਿੱਧ ਆਕਸਫ਼ੋਰਡ ਯੂਨੀਵਰਸਿਟੀ ਵਲੋਂ ਵੁਲਫਸਨ ਕਾਲਜ ਵਿਖੇ ਸਿੱਖ ਧਰਮ ਤੇ ਪੰਜਾਬ ਨਾਲ ਸਬੰਧਤ ਵਿਸ਼ਿਆਂ ਦੇ ਅਧਿਐਨ ਦੀ ਲੋੜ ਨੂੰ ਮਾਨਤਾ ਦਿੰਦਿਆਂ ਗੁਰੂ ਨਾਨਕ ਜੂਨੀਅਰ ਰੀਸਰਚ ਫ਼ੈਲੋਸ਼ਿਪ ਸ਼ੁਰੂ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਜਿੱਥੇ ਇਸ ਫੈਲੋਸ਼ਿਪ ਲਈ ਸਿੱਖ ਕੌਮ ਵਲੋਂ ਆਕਸਫ਼ੋਰਡ ਯੂਨੀਵਰਸਿਟੀ ਦਾ ਧਨਵਾਦ ਕੀਤਾ ਉੱਥੇ ਇੰਗਲੈਂਡ ਦੀ ਸਿੱਖ ਸੰਗਤ, ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਅਤੇ ਹੋਰ ਸਿੱਖ ਸੰਸਥਾਵਾਂ ਨੂੰ ਵੀ ਵਧਾਈ ਦਿਤੀ ਜਿਨ੍ਹਾਂ ਨੇ ਇਸ ਇਤਿਹਾਸਕ ਕਾਰਜ ਦੀ ਸਥਾਪਨਾ ਲਈ ਵਡਮੁੱਲਾ ਯੋਗਦਾਨ ਪਾਇਆ ਹੈ।
ਉਨ੍ਹਾਂ ਆਸ ਪ੍ਰਗਟਾਈ ਕਿ ਆਕਸਫ਼ੋਰਡ ਯੂਨੀਵਰਸਿਟੀ ਦੀ ਗੁਰੂ ਨਾਨਕ ਜੂਨੀਅਰ ਰੀਸਰਚ ਫ਼ੈਲੋਸ਼ਿਪ ਅਕਾਦਮਕ ਖੇਤਰ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬ-ਕਲਿਆਣਕਾਰੀ ਫ਼ਲਸਫ਼ੇ ਅਤੇ ਸਿਖਿਆਵਾਂ ਦਾ ਵਿਸ਼ਵ ਭਰ ਅੰਦਰ ਪ੍ਰਚਾਰ-ਪ੍ਰਸਾਰ ਕਰਨ ਵਿਚ ਅਹਿਮ ਯੋਗਦਾਨ ਪਾਵੇਗੀ।