Panthak News: ਸਿੱਖ ਜਥੇਬੰਦੀਆਂ ਇਨਸਾਫ਼ ਲੈਣ ਲਈ ਹੋਈਆਂ ਸਰਗਰਮ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

Panthak News: 30 ਤੋਂ ਪਹਿਲਾਂ ਪੰਥਕ ਲੀਡਰਸ਼ਿਪ ਦਾ ਵੱਡਾ ਰੋਲ ਸਾਹਮਣੇ ਆਉਣ ਦੀ ਸੰਭਾਵਨਾ

Sikh organizations became active to get justice

 

Panthak News:  ਅਕਾਲ ਤਖ਼ਤ ’ਤੇ 30 ਅਗੱਸਤ ਨੂੰ ਜਥੇਦਾਰ ਸਾਹਿਬਾਨ ਦੀ ਬੈਠਕ ਦਾ ਸਮਾਂ ਨੇੜੇ ਆਉਣ ਕਾਰਨ, ਸਿੱਖ ਪੰਥ ਦੀਆਂ ਜਥੇਬੰਦੀਆਂ ਸਰਗਰਮ ਹੋ ਗਈਆਂ ਹਨ ਤਾਂ ਜੋ ਸੌਦਾ-ਸਾਧ ਦੇ ਮਸਲੇ ਦਾ ਇਨਸਾਫ਼ ਲਿਆ ਜਾ ਸਕੇ। ਇਸ ਸਬੰਧ ਵਿਚ ਸਮੂਹ ਸਿੱਖ ਸੰਗਠਨ ਅੰਦਰਖਾਤੇ ਪੂਰਨ ਰੂਪ ਵਿਚ ਇਕੱਤਰਤਾਵਾਂ ਕਰ ਰਹੇ ਹਨ। 

ਮਿਲੇ ਵੇਰਵਿਆਂ ਮੁਤਾਬਕ ਹੁਣ ਇਕ ਗੱਲ ਸਪਸ਼ਟ ਹੋ ਗਈ ਹੈ ਕਿ ਸੁਖਬੀਰ ਵਿਰੋਧੀਆਂ ਨੂੰ ਸਫ਼ਲਤਾ ਪ੍ਰਾਪਤੀ ਲਈ ਇਕਮੁਠ ਹੋਣ ਨਾਲ ਹੀ ਉਹ ਅਪਣੇ ਨਿਸ਼ਾਨੇ ਦੀ ਪੂਰਤੀ  ਕਰ ਸਕਦੇ ਹਨ। ਇਸ ਟੀਚੇ ਲਈ ਪਹਿਲਾਂ ਯਾਦ ਪੱਤਰ ਜਥੇਦਾਰ ਸਾਹਿਬ ਨੂੰ ਦਿਤੇ ਜਾਣਗੇ ਉਪਰੰਤ ਦਬਾਅ ਪਾਉਣ ਦੀ  ਲੋਕਤੰਤਰ ਪ੍ਰਣਾਲੀ ’ਤੇ ਵੀ ਵਿਚਾਰ ਕਰ ਲਿਆ ਜਾਵੇਗਾ ਜੇਕਰ ਫਿਰ ਵੀ  ਤਿਲਕਣਬਾਜ਼ੀ ਹੋ ਗਈ ਤਾਂ ਫਿਰ ਚੱਬੇ ਵਰਗਾ ਠਾਠਾਂ ਮਾਰਦਾ ਇਕੱਠ ਬੁਲਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।

ਸਿੱਖ ਪੰਥ ਦੀਆਂ ਸਰਗਰਮੀਆਂ ਵੇਖ ਰਹੇ ਮਾਹਰਾਂ ਅਨੁਸਾਰ, ਹੁਣ ਇਕ ਪਾਸੇ ਗੱਲ ਲਗਣ ਦਾ ਸਮਾਂ ਆ ਗਿਆ ਹੈ ਕਿ ਵਿਅਕਤੀ ਵਿਸ਼ੇਸ਼ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਨੂੰ ਮੀਰੀ ਪੀਰੀ ਦੇ ਸਿਧਾਂਤ ਅਨੁਸਾਰ ਮੁੜ ਇਸ ਦੀ ਸਿਰਜਣਾ ਕਰਨੀ ਹੈ ਤਾਂ ਜੋ ਪੰਥਕ ਜਮਾਤ ਨੂੰ ਦੁਬਾਰਾ ਲੀਹ ’ਤੇ ਲਿਆਂਦਾ ਜਾ ਸਕੇ। ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ  ਸਿੱਖ ਪੰਥ ਦੀ ਸਿਆਸਤ ਵਿਚ ਇਸ ਵੇਲੇ ਘਮਾਸਾਨ ਮੱਚਿਆ  ਹੈ। 

ਸਿੱਖ ਮਾਹਰਾਂ ਦੀ ਮੰਨੀਏ ਤਾਂ ਉਨ੍ਹਾਂ ਕਹਿਣਾ ਹੈ ਕਿ ਚੋਣਾਂ ਵਿਚ ਲਗਾਤਾਰ ਹਾਰ ਕਾਰਨ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਵਾਲਾਂ ਘੇਰੇ ਵਿਚ ਆ ਗਈ ਹੈ ਤੇ ਸਿੱਖ ਸੰਗਤ ਪ੍ਰਧਾਨਗੀ ਛੁਡਾਉਣ ਦੀ ਮੰਗ ਕਰ ਰਹੀ ਹੈ। ਦੂਸਰੇ ਪਾਸੇ ਸੁਖਬੀਰ ਗੱਦੀ ਤੇ ਕਾਬਜ਼ ਰਹਿਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ, ਪਰ ਸਿੱਖ ਸਿਆਸਤ ਮੀਰੀ ਪੀਰੀ ਦੇ ਸਿਧਾਂਤ ਅਨੁਸਾਰ ਚਲਦੀ ਹੈ ਭਾਵ ਧਰਮ ਪਹਿਲਾਂ ਰਾਜਨੀਤੀ ਬਾਅਦ ਵਿਚ ਹੈ।

ਮਾਹਰਾਂ ਮੁਤਾਬਕ ਉਹ ਕਿਸੇ ਵੀ ਕੀਮਤ ’ਤੇ ਪ੍ਰਧਾਨ ਦਾ ਅਹੁਦਾ ਛੱਡਣ ਲਈ ਤਿਆਰ ਨਹੀਂ। ਬਾਬਾ ਬਕਾਲਾ ਤੇ  ਲੌਂਗੋਵਾਲ ਕਾਨਫ਼ਰੰਸ, ਸਿਆਸੀ ਸ਼ਕਤੀ ਪ੍ਰਦਰਸ਼ਨ ਹੋ ਚੁੱਕਾ ਹੈ। ਸਿੱਖ ਹਲਕਿਆਂ ਵਿਚ ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਵਲੋਂ ਕੀਤੀ ਗਈ ਬਾਬਾ ਬਕਾਲਾ ਕਾਨਫ਼ਰੰਸ ਦੀ ਵੀ ਚਰਚਾ ਹੈ  ਕਿ ਉਸ ਵਿਚ ਪੰਥਕ ਸੋਚ ਵਾਲੇ ਵੱਡੀ ਗਿਣਤੀ ਵਿਚ ਪੁੱਜੇ ਸਨ। ਸੌਦਾ-ਸਾਧ ਦਾ ਸਵਾਂਗ, ਉਸ ਦੀ ਐਫ਼ਆਈਆਰ ਰੱਦ ਕਰਨੀ, ਬੇਅਦਬੀਆਂ ਦੀ ਮਾਫ਼ੀ ਜਥੇਦਾਰਾਂ ਤੋਂ ਦਿਵਾਉਣੀ ਅਤੇ ਦੋਸ਼ੀਆਂ ਨੂੰ ਰਾਹਤ ਦਵਾਉਣ ਆਦਿ ਮਸਲੇ ਦਾ ਇਨਸਾਫ਼ ਪੰਥ ਮੰਗ ਰਿਹਾ ਹੈ।