ਬਲਜੀਤ ਸਿੰਘ ਦਾਦੂਵਾਲ ਨੂੰ HSGPC ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ, ਜਗਦੀਸ਼ ਸਿੰਘ ਝੀਂਡਾ ਬਣੇ ਨਵੇਂ ਪ੍ਰਧਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਲਜੀਤ ਸਿੰਘ ਦਾਦੂਵਾਲ ਨੇ ਦਾਅਵੇ ਨੂੰ ਨਕਾਰਿਆ

Jagdish Jhinda replaces Baljit Singh Daduwal as President of HSGPC

 

ਕਰਨਾਲ: ਕੈਥਲ ਦੇ ਗੁਰਦੁਆਰਾ ਨਿੰਮ ਸਾਹਿਬ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮਜ਼ਦ ਮੈਂਬਰਾਂ ਵੱਲੋਂ ਭਰਵੀਂ ਮੀਟਿੰਗ ਕੀਤੀ ਗਈ। ਇਸ ਦੌਰਾਨ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਸਰਬ ਸੰਮਤੀ ਨਾਲ ਜਗਦੀਸ਼ ਸਿੰਘ ਝੀਂਡਾ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ 2014 ਵਿਚ ਹਰਿਆਣਾ ਵਿਧਾਨ ਸਭਾ ਵਿਚ ਉਸ ਸਮੇਂ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਪਾਸ ਕੀਤਾ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ ਅਤੇ ਹੁਣ ਸੁਪਰੀਮ ਕੋਰਟ ਨੇ ਇਸ ਕਾਨੂੰਨ ਨੂੰ ਮਾਨਤਾ ਦੇ ਦਿੱਤੀ ਹੈ।

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਕੁਲ 41 ਮੈਂਬਰ ਸਨ ਜਿਨ੍ਹਾਂ ਵਿਚੋਂ ਚਾਰ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ ਇੱਕ ਮੈਂਬਰ ਭੁਪਿੰਦਰ ਸਿੰਘ ਅਸੰਧ ਨੇ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਕੋਲ 36 ਮੈਂਬਰ ਹਰਿਆਣਾ ਕਮੇਟੀ ਵਿਚ ਹਨ ਜਿਨ੍ਹਾਂ ਵਿਚੋਂ ਜਗਜੀਤ ਸਿੰਘ ਛੀਨਾ ਦੇ ਹੱਕ ਵਿਚ 33 ਮੈਂਬਰਾਂ ਨੇ ਅਸਹਿਮਤੀ ਪ੍ਰਗਟਾਈ ਹੈ ਅਤੇ 33 ਮੈਂਬਰਾਂ ਦੀ ਬਹੁਮਤ ਨਾਲ ਜਗਦੀਸ਼ ਸਿੰਘ ਝੀਂਡਾ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ।

ਕੈਥਲ ਮੀਟਿੰਗ ਤੋਂ ਬਾਅਦ ਸਾਰੇ ਮੈਂਬਰ ਕਰਨਾਲ ਦੇ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਪਹਿਲੀ ਇਕੱਠੇ ਹੋਏ ਜਿੱਥੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਇਸ ਮੌਕੇ ਮੁੱਖ ਮੰਤਰੀ ਨੇ ਜਗਦੀਸ਼ ਸਿੰਘ ਝੀਂਡਾ ਨੂੰ ਗੁਰੂ ਸਾਹਿਬ ਦੀਆਂ ਚਾਬੀਆਂ ਦੇ ਕੇ ਹਰਿਆਣਾ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਿੱਤੀ।

ਬਲਜੀਤ ਸਿੰਘ ਦਾਦੂਵਾਲ ਨੇ ਦਾਅਵੇ ਨੂੰ ਨਕਾਰਿਆ

ਉਧਰ ਬਲਜੀਤ ਸਿੰਘ ਦਾਦੂਵਾਲ ਨੇ ਇਸ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਅੱਜ ਕੋਈ ਜਨਰਲ ਹਾਊਸ ਨਹੀਂ ਬੁਲਾਇਆ ਗਿਆ ਸੀ, ਜਿਸ ਵਿਚ ਪ੍ਰਧਾਨ ਦੀ ਚੋਣ ਹੋਣੀ ਬਣਦੀ ਹੈ। ਉਹਨਾਂ ਕਿਹਾ ਕਿ ਇਹ ਇਕ ਧੜੇ ਦੀ ਮੀਟਿੰਗ ਸੀ, ਜੋ ਕਿ ਗੈਰ -ਸੰਵਿਧਾਨਕ ਅਤੇ ਗੈਰ-ਕਾਨੂੰਨੀ ਸੀ। ਉਹਨਾਂ ਕਿਹਾ ਕਿ ਜਨਰਲ ਹਾਊਸ ਦਾ ਇਜਲਾਸ ਬੁਲਾਇਆ ਜਾਵੇਗਾ, ਉਸ ਵਿਚ ਫੈਸਲਾ ਹੋਵੇਗਾ ਕਿ ਕਿਸ ਦੀ ਚੋਣ ਹੁੰਦੀ ਹੈ।