Panthak News: ਸਿੱਖ ਧਰਮ ਦੇ ਪੈਰੋਕਾਰਾਂ ਲਈ ਪੰਜ ਤਖ਼ਤ ਸਰਬੋਤਮ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

Panthak News: ਜੋ ਨੁਕਸਾਨ ਪੰਥ ਵਿਰੋਧੀ ਆਗੂ ਜਾਂ ਜਥੇਬੰਦੀਆਂ ਨਹੀਂ ਕਰ ਸਕੀਆਂ, ਉਹ ਅਕਾਲੀ ਲੀਡਰਸ਼ਿਪ ਖ਼ੁਦ ਕਰ ਰਹੀ ਹੈ

Panch Takht best for followers of Sikhism Panthak News

Panch Takht best for followers of Sikhism Panthak News: ਸਿੱਖ ਧਰਮ ਦੇ ਪੈਰੋਕਾਰਾਂ ਲਈ ਪੰਜ ਤਖ਼ਤ ਸਰਵੋਤਮ ਹਨ। ਇਨ੍ਹਾਂ ਤਖ਼ਤਾਂ ਅਤੇ ਉਨ੍ਹਾਂ ’ਤੇ ਸ਼ਸ਼ੋਭਤ ਜਥੇਦਾਰ ਸਾਹਿਬਾਨ ਬਾਰੇ ਕੋਈ ਕਿੰਤੂ ਪ੍ਰੰਤੂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਿਆਣਪ ਤੋਂ ਕੰਮ ਲੈਂਦਿਆਂ ਗਿਅਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਅਸਤੀਫ਼ਾ ਰੱਦ ਕਰ ਕੇ ਤਖ਼ਤਾਂ ਦੇ ਜਥੇਦਾਰ/ਸਿੱਖ ਸੰਗਤ ਅਤੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ/ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਸੀ ਟਕਰਾਅ ਤੋਂ ਬਚਾ ਲਿਆ ਹੈ। ਜਿਸ ਤਰ੍ਹਾਂ ਹੁਣ ਸਿੱਖ ਧਰਮ ਦੇ ਵੱਕਾਰ ਨੂੰ ਸੱਟ ਮਾਰਨ ਲਈ ਹਮਲਾ ਹੋਇਆ ਹੈ, ਇਸੇ ਤਰ੍ਹਾਂ ਸਿੱਖ ਧਰਮ ਦੀ ਵਧਦੀ ਮਹੱਤਤਾ ਨੂੰ ਰੋਕਣ ਲਈ ਕਈ ਵਾਰ ਪਹਿਲਾਂ ਵੀ ਹਮਲੇ ਹੋਏ ਹਨ।

ਅਕਾਲੀ ਫੂਲਾ ਸਿੰਘ ਤੋਂ ਬਾਅਦ ਪਹਿਲੀ ਵਾਰ ਸਿੱਖ ਪੰਥ ਦੇ ਜਥੇਦਾਰ ਸਾਹਿਬਾਨ ਵਲੋਂ ਪੰਥ ਵਿਰੋਧੀਆਂ ਦੀਆਂ ਅਵੱਗਿਆਵਾਂ ਬਾਰੇ ਦਲੇਰੀ ਵਾਲਾ ਫ਼ੈਸਲਾ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਇਕ ਸਾਬਕਾ ਸੀਨੀਅਰ ਅਕਾਲੀ ਨੇਤਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਸਬੰਧੀ ਕੀਤੇ ਗਏ ਕਿੰਤੂ-ਪ੍ਰੰਤੂ ਤੋਂ ਬਾਅਦ, ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਅਚਾਨਕ ਅਸਤੀਫ਼ਾ ਦੇਣ ਨਾਲ ਸਿੱਖ ਪੰਥ ਹੈਰਾਨ ਅਤੇ ਪ੍ਰੇਸ਼ਾਨ ਹੋ ਗਿਆ ਸੀ ਕਿਉਂਕਿ ਗਿ. ਹਰਪ੍ਰੀਤ ਸਿੰਘ ਨੂੰ ਇਕ ਸੁਲਝਿਆ ਹੋਇਆ ਸਿੱਖ ਸਿਧਾਂਤਾਂ ’ਤੇ ਪਹਿਰਾ ਦੇਣ ਵਾਲਾ ਦਲੇਰ ਜਥੇਦਾਰ ਸਮਝਿਆ ਜਾ ਰਿਹਾ ਹੈ। ਸਿੱਖ ਪੰਥ ਵਿਚ  ਚਿੰਤਾ ਦੀ ਸਥਿਤੀ ਪੈਦਾ ਹੋ ਗਈ ਸੀ।

30 ਅਗੱਸਤ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇਣ ਤੋਂ ਬਾਅਦ ਪਾਰਟੀ ਦੇ ਭਵਿੱਖ ਲਈ ਘਬਰਾਹਟ ਵਿਚ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸੁਖਬੀਰ ਸਿੰਘ ਬਾਦਲ ਦੇ ਸ਼ਪੱਸ਼ਟੀਕਰਨ ਦੇਣ ਤੋਂ ਬਾਅਦ ਕੋਈ ਫ਼ੈਸਲਾ ਨਹੀਂ ਲਿਆ ਗਿਆ। ਤਨਖ਼ਾਹੀਆ ਪ੍ਰਧਾਨ ਸਿਆਸੀ ਕਾਰਵਾਈ ਨਹੀਂ ਕਰ ਸਕਦਾ, ਇਸ ਕਰ ਕੇ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਬਹੁਤ ਜ਼ਿਆਦਾ ਚਿੰਤਾ ਵਿਚ ਹਨ। ਪ੍ਰੰਤੂ ਸੁਖਬੀਰ ਸਿੰਘ ਬਾਦਲ ਨੇ ਫਿਰ ਅਵੱਗਿਆ ਕਰ ਕੇ ਪੰਚਾਇਤ ਚੋਣਾਂ ਵਿਚ ਪ੍ਰਚਾਰ ਕੀਤਾ ਹੈ।

ਦੂਜੇ ਪਾਸੇ ਪੰਜਾਬ ਦੀਆਂ ਚਾਰ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਦਾ ਐਲਾਨ ਹੋ ਗਿਆ ਹੈ। ਸਾਬਕਾ ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਨੇ ਸੁਖਬੀਰ ਸਿੰਘ ਬਾਦਲ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਫ਼ੈਸਲੇ ਨੂੰ ਲਮਕਾਉਣ ਦੇ ਦੋਸ਼ ਲਗਾਏ ਅਤੇ ਮਰਿਆਦਾ ਵਿਚ ਨਾ ਰਹਿੰਦਿਆਂ ਜਥੇਦਾਰ ਸਾਹਿਬਾਨ ਬਾਰੇ ਬਿਆਨਬਾਜ਼ੀ ਕੀਤੀ ਗਈ ਸੀ। ਜਿਸ ਕਰ ਕੇ ਵਿਰਸਾ ਸਿੰਘ  ਵਲਟੋਹਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਪਣਾ ਪੱਖ ਸ਼ਪੱਸ਼ਟ ਕਰਨ ਲਈ ਬੁਲਾਇਆ ਗਿਆ ਸੀ। ਅਪਣਾ ਪੱਖ ਪੇਸ਼ ਕਰਦਿਆਂ ਵਿਰਸਾ ਸਿੰਘ ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਉਤੇ, ਭਾਜਪਾ ਅਤੇ ਆਰ.ਐਸ.ਐਸ. ਦਾ ਏਜੰਟ ਹੋਣ ਦੇ ਦੋਸ਼ ਲਗਾ ਦਿਤੇ। ਜਿਹੜੇ ਨੇਤਾ ਗਿਆਨੀ ਹਰਪ੍ਰੀਤ ਸਿੰਘ ਉਪਰ ਭਾਜਪਾ ਅਤੇ ਆਰਐਸਐਸ ਨਾਲ ਮਿਲੇ ਹੋਣ ਦਾ ਇਲਜ਼ਾਮ ਲਗਾ ਰਹੇ ਹਨ, ਹਾਲਾਂਕਿ ਉਨ੍ਹਾਂ ਦਾ ਅਕਾਲੀ ਦਲ ਆਪ 1996 ਤੋਂ ਲਗਾਤਾਰ ਭਾਜਪਾ ਦੇ ਭਾਈਵਾਲ ਬਣੇ ਹੋਏ ਹਨ। ਪੰਜ ਸਿੰਘ ਸਾਹਿਬਾਨ ਨੇ ਵਿਰਸਾ ਸਿੰਘ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ’ਚੋਂ 10 ਸਾਲ ਲਈ ਕੱਢਣ ਦਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੂੰ ਹੁਕਮ ਦੇ ਦਿਤਾ। ਇਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ ’ਤੇ ਫਿਰ ਅਪਣੇ ਦੋਸ਼ ਦੁਹਰਾ ਦਿਤੇ।

ਗਿ. ਹਰਪ੍ਰੀਤ ਸਿੰਘ ਦੇ ਕਹਿਣ ਅਨੁਸਾਰ ਉਸ ਦੀ ਕਿਰਦਾਰਕੁਸ਼ੀ ਕੀਤੀ ਗਈ ਹੈ ਤੇ ਉਸ ਦੀਆਂ ਪ੍ਰਵਾਸ ਵਿਚ ਪੜ੍ਹਾਈ ਕਰ ਰਹੀਆਂ ਧੀਆਂ ਬਾਰੇ ਅਪਸ਼ਬਦ ਕਹੇ ਗਏ ਅਤੇ ਉਨ੍ਹਾਂ ਨੂੰ ਅਗਵਾ ਕਰਨ ਦੀਆਂ ਧਮਕੀਆਂ ਦਿਤੀਆਂ ਗਈਆਂ ਹਨ। ਇਸ ਲਈ ਉਹ ਅਸਤੀਫ਼ਾ ਦੇ ਰਹੇ ਹਨ। ਗਿ. ਰਘਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਪ੍ਰਵਾਨ ਨਾ ਕਰਨ ਦੇ ਹੁਕਮ ਕਰ ਦਿਤੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਜੇ ਗਿ. ਹਰਪ੍ਰੀਤ ਸਿੰਘ ਦਾ ਅਸਤੀਫ਼ਾ ਪ੍ਰਵਾਨ ਕੀਤਾ ਜਾਂਦੈ ਤਾਂ ਉਨ੍ਹਾਂ ਦੇ ਸਮੇਤ ਬਾਕੀ ਜਥੇਦਾਰਾਂ ਨੂੰ ਅਸਤੀਫ਼ੇ ਦੇਣ ਲਈ ਮਜ਼ਬੂਰ ਹੋਣਾ ਪਵੇਗਾ। ਗਿ. ਰਘਬੀਰ ਸਿੰਘ ਦੇ ਬਿਆਨ ਤੋਂ ਬਾਅਦ ਸਿੱਖ ਪੰਥ ਦਾ ਸੰਕਟ ਅਤਿ-ਅੰਤ ਗਹਿਰਾ ਹੋ ਗਿਆ ਸੀ। ਇੰਜ ਮਹਿਸੂਸ ਹੋ ਰਿਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਤਾਕਤ ਤੋਂ ਬਿਨਾ ਰਹਿਣਾ ਮੁਸ਼ਕਲ ਹੋ ਗਿਆ ਹੈ। ਇਸ ਕਰ ਕੇ ਜਥੇਦਾਰ ਸਾਹਿਬਾਨ ’ਤੇ ਦਬਾਅ ਬਣਾਉਣ ਲਈ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।  

ਸ੍ਰੀ ਅਕਾਲ ਤਖ਼ਤ ਸਿੱਖ ਪੰਥ ਦੀ ਸਰਵੋਤਮ ਅਧਿਆਤਮਕ ਸੰਸਥਾ ਹੈ। ਇਸ ਸੰਸਥਾ ’ਤੇ ਸੁਸ਼ੋਭਿਤ ਹੋਣ ਵਾਲੇ ਵਿਅਕਤੀ ਵੀ ਨਿਯੁਕਤੀ ਤੋਂ ਬਾਅਦ ਸਰਬੋਤਮ ਹੋ ਜਾਂਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਮੀਰੀ-ਪੀਰੀ ਦੇ ਸਿਧਾਂਤ ਦੀ ਸੋਚ ਦਾ ਪ੍ਰਤੀਕ ਹੈ। ਗੁਰੂ ਸਾਹਿਬ ਦਾ ਭਾਵ ਪੀਰੀ ਅਰਥਾਤ ਸਿੱਖ ਧਰਮ ਦੀ ਪ੍ਰਫੁਲਤਾ ਵਿਚ ਰੁਕਾਵਟ ਪਾਉਣ ਵਾਲੇ ਨੂੰ ਰੋਕਣ ਲਈ ਮੀਰੀ ਦਾ ਹੋਣਾ ਬੇਹੱਦ ਜ਼ਰੂਰੀ ਸੀ ਪ੍ਰੰਤੂ ਉਨ੍ਹਾਂ ਦਾ ਭਾਵ ਇਹ ਨਹੀਂ ਸੀ ਕਿ ਮੀਰੀ-ਪੀਰੀ ਅਰਥਾਤ ਧਰਮ (ਸਿਆਸੀ ਤਾਕਤ) ਦੇ ਅਧੀਨ ਹੋ ਜਾਵੇ, ਇਸ ਕਰ ਕੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਰਬ-ਪ੍ਰਵਾਨਤ ਸਿੱਖ ਧਰਮ ਦੇ ਨੈਤਿਕ ਕਦਰਾਂ ਕੀਮਤਾਂ ’ਤੇ ਪਹਿਰਾ ਦੇਣ ਵਾਲੇ ਅਕਾਲੀ ਫੂਲਾ ਸਿੰਘ ਵਰਗੇ ਸਿਰਮੌਰ ਵਿਅਕਤੀ ਨਿਯੁਕਤ ਕੀਤੇ ਜਾਂਦੇ ਸਨ।

ਪ੍ਰੰਤੂ ਫਿਰ ਸ਼੍ਰੋ.ਗੁ.ਪ੍ਰ. ਕਮੇਟੀ ਦੇ ਮੁਲਾਜ਼ਮਾਂ ਨੂੰ ਨਿਯੁਕਤ ਕਰਨਾ ਸ਼ੁਰੂ ਕਰ ਦਿਤਾ ਗਿਆ, ਜਿਸ ਕਰ ਕੇ ਅਕਾਲ ਤਖ਼ਤ ਸਾਹਿਬ ਦੇ ਫ਼ੈਸਲਿਆਂ ’ਤੇ ਕਿੰਤੂ-ਪ੍ਰੰਤੂ ਵੀ ਹੋਣ ਲੱਗ ਪਿਆ। ਮੇਰੇ ਕਹਿਣ ਦਾ ਇਹ ਮਤਲਬ ਨਹੀਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਉੱਚੇ ਕਿਰਦਾਰ ਦੇ ਮਾਲਕ ਨਹੀਂ ਪ੍ਰੰਤੂ ਉਨ੍ਹਾਂ ਵਿਚੋਂ ਨਿਰਪੱਖ ਸੋਚ ਵਾਲੇ ਵਿਦਵਾਨ ਨਿਯੁਕਤ ਹੋਣੇ ਚਾਹੀਦੇ ਹਨ। ਉਹ ਜਥੇਦਾਰ ਬਣਨ ਤੋਂ ਬਾਅਦ ਮੁਲਾਜ਼ਮ ਨਹੀਂ ਹੋਣੇ ਚਾਹੀਦੇ। ਉਨ੍ਹਾਂ ਦੀ ਮਿਆਦ ਵੀ ਨਿਸ਼ਚਤ ਹੋਣੀ ਚਾਹੀਦੀ ਹੈ। ਜਥੇਦਾਰ ਸਾਹਿਬਾਨ ਦੀ ਨਿਯੁਕਤੀ ਦੇ ਧਾਰਮਕ ਨਿਯਮ ਹੋਣੇ ਚਾਹੀਦੇ ਹਨ। ਸਿੱਖ ਧਰਮ ਦੇ ਵਰਤਮਾਨ ਸੰਕਟ ਦੀ ਜੜ੍ਹ  ਡੇਰਾ ਸਿਰਸਾ ਦੇ ਰਾਮ ਰਹੀਮ ਨੂੰ  ਅਕਾਲ ਤਖ਼ਤ ਸਾਹਿਬ ਵਲੋਂ ਸਿੱਖ ਪੰਥ ਦੀ ਵਿਚਾਰਧਾਰਾ ਵਿਰੁਧ ਮੁਆਫ਼ੀ ਦੇਣ ਦੇ ਲਏ ਗਏ ਫ਼ੈਸਲੇ ਹੀ ਹਨ। ਅਕਾਲੀ ਦਲ ਬਾਦਲ, ਸ਼੍ਰੋ.ਗੁ.ਪ੍ਰ. ਕਮੇਟੀ ਨੂੰ ਅਪਣਾ ਇਕ ਵਿੰਗ ਸਮਝਣ ਲੱਗ ਪਿਆ ਜਿਸ ਕਰ ਕੇ ਉਹ ਅਪਣੀ ਮਰਜ਼ੀ ਦੇ ਸਿਆਸੀ ਰੰਗਤ ਵਾਲੇ ਫ਼ੈਸਲੇ ਕਰਵਾਉਂਦਾ ਰਿਹਾ। 

ਗਿ. ਹਰਪ੍ਰੀਤ ਸਿੰਘ ਦੇ ਅਸਤੀਫ਼ੇ ਨਾਲ ਸਿੱਖ ਪੰਥ ਡੂੰਘੇ ਸੰਕਟ ਵਿਚ ਘਿਰ ਗਿਆ ਹੈ। ਇਹ ਪਹਿਲੀ ਵਾਰ ਨਹੀਂ, ਇਸ ਤੋਂ ਪਹਿਲਾਂ ਵੀ ਸਿੱਖ ਪੰਥ ’ਤੇ ਗਹਿਰੇ ਸੰਕਟ ਆਏ ਹਨ ਪ੍ਰੰਤੂ ਉਹ ਸੰਕਟ ਬਾਹਰੀ ਹੁੰਦੇ ਸਨ। ਵਰਤਮਾਨ ਸੰਕਟ ਸਿੱਖ ਪੰਥ ਦੇ ਅੰਦਰੋਂ ਸ਼੍ਰੋਮਣੀ ਅਕਾਲੀ ਦਲ ਦੇ ਇਕ ਸਾਬਕਾ ਸੀਨਅਰ ਨੇਤਾ ਵਲੋਂ ਕੀਤਾ ਗਿਆ ਹੈ। ਸਿੱਖ ਪੰਥ ਦੇ ਮੁਦਈਆਂ ਵਲੋਂ ਸਿੱਖ ਸੰਸਥਾਵਾਂ ਦੀਆਂ ਮਰਿਆਦਾਵਾਂ ਦੀਆਂ ਉਲੰਘਣਾਵਾਂ ਲੰਮੇ ਸਮੇਂ ਤੋਂ ਹੋ ਰਹੀਆਂ ਹਨ। ਸ਼੍ਰੋ.ਗੁ.ਪ੍ਰ. ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਕਦੀਂ ਵੀ ਅਜਿਹੀਆਂ ਘਟਨਾਵਾਂ ਨੂੰ ਸੰਜੀਦਗੀ ਨਾਲ ਨਹੀਂ ਲਿਆ, ਸਗੋਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ’ਤੇ ਦਬਾਅ ਪਾ ਕੇ ਅਜਿਹੀਆਂ ਘਟਨਾਵਾਂ ਨੂੰ ਅਪਣੇ ਸਿਆਸੀ ਨਿਸ਼ਾਨੇ ਪੂਰੇ ਕਰਨ ਲਈ ਸ਼ਹਿ ਦਿੰਦੇ ਰਹੇ ਹਨ। ਯਾਨੀ ਕਿ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਅਪਣੇ ਸਿਆਸੀ ਹਿਤ ਪੂਰੇ ਕਰਦਾ ਰਿਹੈ।

ਵਰਤਮਾਨ ਸੰਕਟ ਵੀ ਸਿਆਸੀ ਹਿਤਾਂ ਦੀ ਪੂਰਤੀ ਲਈ ਕਰਵਾਇਆ ਜਾ ਰਿਹਾ ਹੈ। ਗ਼ਲਤੀ ਕਿਸੇ ਵੀ ਵਿਅਕਤੀ ਜਾਂ ਸੰਸਥਾ ਤੋਂ ਜਾਣੇ-ਅਣਜਾਣੇ ਹੋ ਸਕਦੀ ਹੈ। ਉਹ ਗ਼ਲਤੀ ਸੁਧਾਰਨ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਗ਼ਲਤੀ ਤੇ ਗ਼ਲਤੀ ਕਰਦਾ ਆ ਰਿਹਾ ਹੈ। ਅਜਿਹੇ ਸੰਕਟ ਅਕਾਲੀ ਦਲ ਨੂੰ ਨੁਕਸਾਨ ਤਾਂ ਪਹੁੰਚਾ ਸਕਦੇ ਹਨ ਪ੍ਰੰਤੂ ਉਸ ਨੂੰ ਖ਼ਤਮ ਨਹੀਂ ਕਰ ਸਕਦੇ। ਇਹ ਚੰਗੀ ਗੱਲ ਹੈ ਕਿ ਸਿੱਖ ਪੰਥ ਨੇ ਅਜਿਹੇ ਸੰਕਟਮਈ ਸਮੇਂ ਵਿਚ ਇਕਮੁਠਤਾ ਦਾ ਸਬੂਤ ਦਿਤਾ ਹੈ। 
ਇਸ ਤੋਂ ਬਾਅਦ ਭਵਿੱਖ ’ਚ ਇਸ ਸਰਬੋਤਮ ਸੰਸਥਾ ਦੀ ਸਿਆਸੀ ਲੋਕ ਦੁਰਵਰਤੋਂ ਨਹੀਂ ਕਰ ਸਕਣਗੇ। ਇਨ੍ਹਾਂ ਘਟਨਾਵਾਂ ਦਾ ਜ਼ਿੰਮੇਵਾਰ ਇਕੱਲਾ ਸਿੱਖ ਪੰਥ ਹੀ ਨਹੀਂ ਸਗੋਂ ਸਿੱਖ ਸੰਸਥਾਵਾਂ ਦੇ ਉੱਚ ਅਹੁਦਿਆਂ ’ਤੇ ਸੁਸ਼ੋਭਿਤ ਤਤਕਾਲੀ ਵਿਅਕਤੀ ਵੀ ਬਰਾਬਰ ਦੇ ਜ਼ਿੰਮੇਵਾਰ ਹਨ ਕਿਉਂਕਿ ਸਿੱਖ ਸੰਸਥਾਵਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ/ਸ਼੍ਰੋਮਣੀ ਅਕਾਲੀ ਦਲ ਅਪਣੇ ਸਿਆਸੀ ਹਿਤਾਂ ਲਈ ਵਰਤਦੀਆਂ ਰਹੀਆਂ ਹਨ। ਤਤਕਾਲੀ ਅਹੁਦੇਦਾਰ ਚੁੱਪ ਕਰ ਕੇ ਸਿਆਸੀ ਆਕਾਵਾਂ ਦੇ ਹੁਕਮ ਮੰਨਦੇ ਰਹੇ ਹਨ। ਹੁਣ ਇਕ ਦੂਜੇ ਬਾਰੇ ਦੂਸ਼ਣਬਾਜ਼ੀ ਤੁਰੰਤ ਬੰਦ ਹੋਣੀ ਚਾਹੀਦੀ ਹੈ। ਅਜਿਹੇ ਵਰਤਾਰੇ ਵਾਲਾ ਮਾਹੌਲ ਪਹਿਲਾਂ ਬਹੁਤ ਘੱਟ ਵੇਖਣ ਨੂੰ ਮਿਲਿਆ ਹੈ।

ਇੰਜ ਮਹਿਸੂਸ ਹੋ ਰਿਹਾ ਹੈ ਜਿਵੇਂ ਸਿੱਖ ਪੰਥ ਵਿਚ ਘਰੇਲੂ ਖ਼ਾਨਜੰਗੀ ਵਰਗਾ ਵਾਤਾਵਰਣ ਬਣਾ ਰਿਹਾ ਹੈ। ਸਿੱਖ ਪੰਥ/ਸਿੱਖ ਲੀਡਰਸ਼ਿਪ/ਸਿੱਖ ਸੰਸਥਾਵਾਂ ਦਾ ਜੋ ਨੁਕਸਾਨ ਪੰਥ ਵਿਰੋਧੀ ਆਗੂ ਜਾਂ ਜਥੇਬੰਦੀਆਂ ਨਹੀਂ ਕਰ ਸਕੀਆਂ, ਉਹ ਅਕਾਲੀ ਲੀਡਰਸ਼ਿਪ ਖ਼ੁਦ ਇਕ ਦੂਜੇ ’ਤੇ ਚਿੱਕੜ ਉਛਾਲ ਕੇ ਕਰ ਰਹੀ ਹੈ। ਸੰਕਟ ਦੀ ਘੜੀ ਵਿਚ ਸਿੱਖ ਬੁੱਧੀਜੀਵੀ, ਵਿਦਵਾਨ ਅਤੇ ਹੋਰ ਸੰਪਰਦਾਵਾਂ ਦੇ ਮੁਖੀਆਂ ਨੂੰ ਮਿਲ ਬੈਠ ਕੇ ਕੋਈ ਫ਼ਾਰਮੂਲਾ ਬਣਾਉਣ ਦੇ ਸੁਝਾਅ ਦੇਣੇ ਚਾਹੀਦੇ ਹਨ ਤਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਸਾਹਿਬਾਨ ਦੀ ਸਰਬਉਚਤਾ ਬਰਕਰਾਰ ਰਹਿ ਸਕੇ ਤੇ ਸ਼੍ਰੋਮਣੀ ਅਕਾਲੀ ਦਲ/ ਸ਼੍ਰੋ.ਗੁ.ਪ੍ਰ. ਕਮੇਟੀ ਅਪਣਾ ਗੁਆਚਿਆ ਹੋਇਆ ਵੱਕਾਰ ਮੁੜ ਬਹਾਲ ਕਰ ਸਕੇ।
ਮੋਬਾ : 94178-13072