Punjab News: ਅਕਾਲੀ ਦਲ ਦੇ ਜ਼ਿਮਨੀ ਚੋਣ ਨਾ ਲੜਨ 'ਤੇ ਵੱਖ-ਵੱਖ ਸ਼ਖ਼ਸੀਅਤਾਂ ਦੇ ਪ੍ਰਤੀਕਰਮ ਆਏ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

Punjab News: ਸ਼੍ਰੋਮਣੀ ਅਕਾਲੀ ਦਲ ਵੱਲੋਂ ਚਾਰ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਨਾ ਲੜਨ ਦਾ ਫ਼ੈਸਲਾ ਲਿਆ ਗਿਆ

photo

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਅੰਦਰ 13 ਨਵੰਬਰ ਨੂੰ ਹੋਣ ਜਾ ਰਹੀਆਂ ਚਾਰ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਨਾ ਲੜਨ ਦਾ ਫ਼ੈਸਲਾ ਲਿਆ ਗਿਆ ਹੈ। ਪਾਰਟੀ ਦੀ ਵਰਕਿੰਗ ਕਮੇਟੀ ਦੀ ਅੱਜ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿੱਚ ਇਸ ਬਾਰੇ ਰਸਮੀ ਤੌਰ ’ਤੇ ਫ਼ੈਸਲਾ ਲੈ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਅੰਦਰ ਚਾਰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਬਰਨਾਲਾ ਅਤੇ ਚੱਬੇਵਾਲ ਸ਼ਾਮਲ ਹਨ।

 ਵੱਖ-ਵੱਖ ਸ਼ਖ਼ਸੀਅਤਾਂ ਦੇ ਪ੍ਰਤੀਕਰਮ ਆਏ ਸਾਹਮਣੇ
ਬੀਜੇਪੀ ਆਗੂ ਕੁਲਦੀਪ ਧਾਲੀਵਾਲ 
ਬੀਜੇਪੀ ਆਗੂ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜ਼ਿਮਨੀ ਚੋਣ ਨਾ ਲੜਨ ਦਾ ਵੱਡਾ ਫ਼ੈਸਲਾ ਲਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਜਥੇਦਾਰ ਵੱਲੋਂ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦੇਣ ਦਾ ਬਹੁਤ ਵੱਡਾ ਪ੍ਰਭਾਵ ਉਨ੍ਹਾਂ ਦੀ ਪਾਰਟੀ 'ਤੇ ਪਿਆ ਪਰ ਇਹ ਉਨ੍ਹਾਂ ਦਾ ਆਪਣਾ ਫ਼ੈਸਲਾ ਹੈ, ਸਾਡੀ ਪਾਰਟੀ ਮਜ਼ਬੂਤੀ ਨਾਲ ਲੜ ਰਹੀ ਹਾਂ। ਅਸੀਂ ਆਪਣੇ ਮਜ਼ਬੂਤ ਉਮੀਦਵਾਰ ਦਿੱਤੇ ਹਨ। ਅਕਾਲੀ ਦਲ 'ਚੋਂ ਬਹੁਤ ਵੱਡੇ ਲੀਡਰ ਹੋਏ। ਉਨ੍ਹਾਂ ਨੇ ਆਪਣੀ ਵਿਰਾਸਤ ਇਨ੍ਹਾਂ ਨੂੰ ਦਿੱਤੀ ਪਰ ਇਹ ਉਨ੍ਹਾਂ ਦੀ ਵਿਰਾਸਤ ਨਹੀਂ ਸੰਭਾਲ ਸਕੇ। 

SGPC ਮੈਂਬਰ ਭਾਈ ਮਨਜੀਤ ਸਿੰਘ
ਐਸਜੀਪੀਸੀ ਮੈਂਬਰ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਅਕਾਲੀ ਦਲ ਦਾ ਜ਼ਿਮਨੀ ਚੋਣ ਤੋਂ ਭੱਜਣਾ ਬਹੁਤ ਹੀ ਨਾਮੋਸ਼ੀ ਵਾਲੀ ਗੱਲ ਹੈ। ਇਹ ਸ਼ਾਇਦ ਅਕਾਲੀ ਦਲ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੋਣਾ ਹੈ। ਸੁਖਬੀਰ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਪਰ ਉਸ ਦੇ ਬਾਵਜੂਦ ਉਹ ਅਕਾਲੀ ਦਲ ਨਹੀਂ ਛੱਡ ਰਹੇ ਤੇ ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ। ਜਿਹੜੀ ਪਾਰਟੀ ਚੋਣ ਨਹੀਂ ਲੜ ਰਹੀ ਉਹ ਸਿਆਸੀ ਪਾਰਟੀ ਕਿਵੇਂ ਹੋ ਸਕਦੀ ਹੈ। ਜਿਹੜੀ ਅਕਾਲੀ ਦਲ ਦੀ ਇੰਨੀ ਪਤਲੀ ਹਾਲਤ ਹੋਈ ਹੈ। ਇਸ 'ਤੇ ਮੰਥਨ ਕਰਨਾ ਚਾਹੀਦਾ ਹੈ। ਇਨ੍ਹਾਂ ਨੂੰ ਸੁਖਬੀਰ ਬਾਦਲ ਤੋਂ ਅਸਤੀਫ਼ੇ ਦੀ ਮੰਗ ਕਰਨੀ ਚਾਹੀਦੀ ਤਾਂ ਜੋ ਅਕਾਲੀ ਦਲ ਮੁੜ ਲੀਹ 'ਤੇ ਆ ਸਕੇ। ਇਨ੍ਹਾਂ ਨੇ ਤਾਂ ਮੈਦਾਨ ਖਾਲੀ ਛੱਡ ਦਿੱਤਾ ਸਿੱਖ ਤਾਂ ਕਦੇ ਮੈਦਾਨ ਖਾਲੀ ਨਹੀਂ ਛੱਡਦਾ। 

ਹਰਮੀਤ ਸਿੰਘ ਕਾਲਕਾ 
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਸ ਤੋਂ ਵੱਡਾ ਨੁਕਸਾਨ ਕੌਮ ਦਾ ਨਹੀਂ ਹੋ ਸਕਦਾ ਕਿ ਪੰਥਕ ਪਾਰਟੀ ਚਲਾਉਣ ਵਾਲੀ ਪਾਰਟੀ ਪੰਜਾਬ ਵਿਚ ਹੋ ਰਹੀਆਂ ਜ਼ਿਮਨੀ ਚੋਣਾਂ ਤੋਂ ਭੱਜ ਰਹੀ ਹੈ। ਇਹ ਬਹੁਤ ਮਾੜੀ ਗੱਲ ਹੈ। ਇਸ ਦਾ ਸਾਰਾ ਸਿਹਰਾ ਸੁਖਬੀਰ ਬਾਦਲ ਖਿਲਾਫ਼ ਜਾਂਦਾ ਹੈ ਕਿਉਂਕਿ ਉਨ੍ਹਾਂ ਕਰਕੇ ਹੀ ਇਹ ਸਾਰੀਆਂ ਮੁਸ਼ਕਿਲਾਂ ਸ਼ੁਰੂ ਹੋਈਆਂ ਹਨ। ਜਦੋਂ ਅਕਾਲ ਤਖ਼ਤ ਦੇ ਜਥੇਦਾਰ ਨੇ ਤਨਖਾਹੀਆਂ ਹੀ ਕਰਾਰ ਦੇ ਦਿੱਤਾ ਸੀ ਤਾਂ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਨ੍ਹਾਂ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ।