Sri Guru Tegh Bahadur Ji ਨੇ ਬੰਨ੍ਹਿਆ ਸੀ ਅਨੰਦਪੁਰ ਸਾਹਿਬ ਦਾ ਮੁੱਢ!

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਆਪਣੀ ਮਾਤਾ ਦੇ ਨਾਂਅ ’ਤੇ ‘ਚੱਕ ਨਾਨਕੀ’ ਰੱਖਿਆ ਸੀ ਨਾਮ

Sri Guru Tegh Bahadur Ji had laid the foundation of Anandpur Sahib!

ਸ਼ਾਹ : ਸਮੁੱਚੇ ਵਿਸ਼ਵ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਮਹਾਨ ਸ਼ਹਾਦਤ ਦੇ 350ਵੇਂ ਸ਼ਤਾਬਦੀ ਦਿਵਸ ਸ਼ਰਧਾ ਭਾਵਨਾ ਨਾਲ ਮਨਾਏ ਜਾ ਰਹੇ ਨੇ, ਜਿਸ ਨੂੰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਵੀ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਨੇ। ਇਹ ਉਹ ਪਵਿੱਤਰ ਨਗਰ ਐ, ਜਿਸ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਵੱਲੋਂ ਹੀ ਵਸਾਇਆ ਗਿਆ ਸੀ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਐ ਇਸ ਪਵਿੱਤਰ ਨਗਰੀ ਦਾ ਇਤਿਹਾਸ?

ਸ੍ਰੀ ਅਨੰਦਪੁਰ ਸਾਹਿਬ ਨਗਰ ਦਾ ਮੁੱਢ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ 19 ਜੂਨ 1665 ਈਸਵੀ ਨੂੰ ਆਪਣੇ ਪੂਜਨੀਕ ਮਾਤਾ ਨਾਨਕੀ ਜੀ ਦੇ ਨਾਂਅ ’ਤੇ ਰੱਖਿਆ ਸੀ, ਜਿਸ ਦਾ ਨਾਮ ‘ਚੱਕ ਨਾਨਕੀ’ ਰੱਖਿਆ ਗਿਆ ਪਰ ਬਾਅਦ ਵਿਚ 1689 ਈਸਵੀ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨਗਰ ਦਾ ਨਾਂਅ ‘ਸ੍ਰੀ ਅਨੰਦਪੁਰ ਸਾਹਿਬ’ ਰੱਖ ਦਿੱਤਾ ਸੀ। ਪੰਜ ਸਾਲ ਦੀ ਉਮਰ ਵਿਚ ਪਟਨੇ ਦੀ ਧਰਤੀ ਤੋਂ ਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ 42 ਸਾਲਾਂ ਦੀ ਕੁੱਲ ਸੰਸਾਰਕ ਉਮਰ ਦਾ ਸਭ ਤੋਂ ਵੱਧ ਸਮਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੀ ਗੁਜ਼ਾਰਿਆ,, ਇਸ ਕਰਕੇ ਸ੍ਰੀ ਅਨੰਦਪੁਰ ਸਾਹਿਬ ਦਾ ਚੱਪਾ-ਚੱਪਾ ਦਸਮ ਪਿਤਾ ਦੀ ਛੋਹ ਨਾਲ ਲਬਰੇਜ਼ ਐ। ਇਸ ਇਲਾਕੇ ਵਿਚ ਕੀਰਤਪੁਰ ਸਾਹਿਬ ਤੋਂ ਨੰਗਲ ਅਤੇ ਹਿਮਾਚਲ ਪ੍ਰਦੇਸ਼ ਦੇ ਊਨਾ ਤੱਕ ਕਿਸੇ ਸਮੇਂ ਸੰਘਣਾ ਜੰਗਲ ਹੁੰਦਾ ਸੀ, ਜਿਸ ਵਿਚ ਇਕ ਪਾਸੇ ਦਰਿਆ ਸਤਲੁਜ, ਚਰਨ ਗੰਗਾ ਅਤੇ ਚੋਅ ਸਨ ਅਤੇ ਦੂਜੇ ਪਾਸੇ ਪਹਾੜ ਸਨ। ਇਕ ਜਾਣਕਾਰੀ ਅਨੁਸਾਰ ਇਸ ਇਲਾਕੇ ਦੇ ਸੰਘਣੇ ਜੰਗਲ ਵਿਚ ਬਹੁਤ ਸਾਰੇ ਹਾਥੀ, ਸ਼ੇਰ ਬਘਿਆੜ ਅਤੇ ਹੋਰ ਜੰਗਲੀ ਜਾਨਵਰ ਆਮ ਘੁੰਮਦੇ ਸੀ। ਹਾਥੀ ਬਹੁਤ ਜ਼ਿਆਦਾ ਹੋਣ ਕਰਕੇ ਇਸ ਇਲਾਕੇ ਨੂੰ ਹਥੌਤ ਭਾਵ ਹਾਥੀਆਂ ਦਾ ਘਰ ਵੀ ਆਖਿਆ ਜਾਂਦਾ ਸੀ। ਹਥੌਤ ਇਲਾਕੇ ਦੀ ਲੰਬਾਈ ਲਗਭਗ 50 ਕਿਲੋਮੀਟਰ ਅਤੇ ਚੌੜਾਈ ਲਗਭਗ 10 ਕਿਲੋਮੀਟਰ ਸੀ। ਜਦੋਂ ਗੁਰੂ ਸਾਹਿਬ ਨੇ ਇਹ ਇਲਾਕਾ ਚੁਣਿਆ ਤਾਂ ਉਸ ਸਮੇਂ ਬਹੁਤੇ ਜਾਨਵਰ ਤਾਂ ਪਹਾੜੀ ਜੰਗਲਾਂ ਵਿਚ ਹੀ ਰਹਿ ਗਏ ਸੀ ਅਤੇ ਬਾਕੀਆਂ ਨੂੰ ਸ਼ਿਕਾਰੀਆਂ ਨੇ ਮਾਰ ਦਿੱਤਾ ਸੀ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਤੋਂ ਪਹਿਲਾਂ 1624 ਵਿਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਇਸ ਇਲਾਕੇ ਵਿਚ ਆਏ ਸੀ, ਜਿਨ੍ਹਾਂ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੇ ਕੀਰਤਪੁਰ ਸਾਹਿਬ ਨਗਰ ਵਸਾਇਆ। 

ਇਤਿਹਾਸ ਵਿਚ ਇਹ ਵੀ ਕਿਹਾ ਜਾਂਦੈ ਕਿ ਇਸ ਇਲਾਕੇ ਦਾ ਪਹਿਲਾ ਨਾਂ ਮਾਖੋਵਾਲ ਸੀ। ਇਕ ਹੋਰ ਕਹਾਣੀ ਮੁਤਾਬਕ ਇੱਥੇ ਮਾਖੋ ਨਾਂਅ ਦਾ ਡਾਕੂ ਰਹਿੰਦਾ ਸੀ, ਜਿਸ ਤੋਂ ਲੋਕ ਕਾਫ਼ੀ ਪਰੇਸ਼ਾਨ ਸਨ ਅਤੇ ਉਹ ਕਿਸੇ ਨੂੰ ਵੀ ਆਪਣੇ ਇਲਾਕੇ ਵਿਚ ਨਹੀਂ ਰਹਿਣ ਦਿੰਦਾ ਸੀ ਪਰ ਜਦੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ‘ਚੱਕ ਨਾਨਕੀ’ ਨਗਰ ਵਸਾਇਆ ਤਾਂ ਮਾਖੋ ਡਾਕੂ ਇਹ ਇਲਾਕਾ ਛੱਡ ਕੇ ਭੱਜ ਗਿਆ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਪਟਨੇ ਦੀ ਧਰਤੀ ਤੋਂ ਆ ਕੇ ਅਨੰਦਪੁਰ ਦੀ ਨੀਮ ਪਹਾੜੀ ਅਤੇ ਜੰਗਲਾਂ, ਬਾਗ਼ਾਂ ਨਾਲ ਭਰਪੂਰ ਧਰਤੀ ਨੂੰ ਮੁਗ਼ਲ ਹਕੂਮਤ ਵਿਰੁੱਧ ਸੱਚ ਦੀ ਜੰਗ ਨੂੰ ਜਾਰੀ ਰੱਖਣ ਲਈ ਰੂਹਾਨੀ ਅਤੇ ਸੁਰੱਖਿਆ ਨਜ਼ਰੀਏ ਤੋਂ ਚੁਣਿਆ ਸੀ, ਜਿਨ੍ਹਾਂ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਧਰਤੀ ਦੀ ਭੂਗੋਲਿਕ ਸਥਿਤੀ ਨੂੰ ਮੁਗ਼ਲਾਂ ਖ਼ਿਲਾਫ਼ ਆਪਣੀ ਜੰਗ ਲਈ ਸੁਰੱਖਿਅਤ ਕਿਲ੍ਹੇ ਵਜੋਂ ਵਰਤਿਆ। ਯਾਨੀ ਕਿ ਸੁਰੱਖਿਆ ਨਜ਼ਰੀਏ ਤੋਂ ਇਸ ਧਰਤੀ ਦੀ ਵਿਸ਼ੇਸ਼ ਮਹੱਤਤਾ ਰਹੀ ਐ।

ਕਿਹਾ ਜਾਂਦੈ ਕਿ ਚੱਕ ਨਾਨਕੀ ਨੂੰ ਦੋਵੇਂ ਪਾਸੇ ਤੋਂ ਚਰਨ ਗੰਗਾ ਨਾਲ਼ੇ ਦੀ ਹਿਫ਼ਾਜ਼ਤ ਸੀ। ਜੰਗਾਂ ਯੁੱਧਾਂ ਲਈ ਮੁੱਖ ਕੇਂਦਰ ਰਹੇ ਕਿਲ੍ਹਾ ਅਨੰਦਗੜ੍ਹ ਸਾਹਿਬ ਦੀ ਹਿਫ਼ਾਜ਼ਤ ‘ਹਿਮੈਤੀ ਨਾਲ਼ਾ’ ਕਰਦਾ ਹੁੰਦਾ ਸੀ, ਜਿਸ ਦਾ ਹੁਣ ਕਿਤੇ ਵਜੂਦ ਨਹੀਂ ਲੱਭਦਾ। ਤੀਜੇ ਪਾਸੇ ਮੌਜੂਦਾ ਕੇਸਗੜ੍ਹ ਅਤੇ ਅਨੰਦਗੜ੍ਹ ਤੱਕ ਇਕ ਵੱਡਾ ਪਹਾੜ ਵੀ ਇਸ ਨਗਰ ਦੀ ਹਿਫ਼ਾਜ਼ਤ ਕਰਦਾ ਸੀ, ਜਿਨ੍ਹਾਂ ਵਿਚੋਂ ਬਹੁਤੇ ਪਹਾੜ, ਖੱਡਾਂ ਅਤੇ ਚੋਏ ਹੁਣ ਕਿਤੇ ਦਿਖਾਈ ਨਹੀਂ ਦਿੰਦੇ। ਇਤਿਹਾਸਕ ਦਸਤਾਵੇਜ਼ਾਂ ਤੋਂ ਪਤਾ ਚਲਦਾ ਏ ਕਿ ਗੁਰੂ ਕਾਲ ਸਮੇਂ ਸਤਲੁਜ ਦਰਿਆ ‘ਕੇਸਗੜ੍ਹ’ ਦੀ ਪਹਾੜੀ ਦੇ ਹੇਠਾਂ ਵਗਦਾ ਹੁੰਦਾ ਸੀ ਪਰ ਮੌਜੂਦਾ ਸਮੇਂ ਇਹ ਇੱਥੋਂ 2-3 ਕਿਲੋਮੀਟਰ ਦੂਰ ਚਲਾ ਗਿਆ ਏ। 1699 ਵਿਚ ਕੇਸਗੜ੍ਹ ਦੀ ਜਿਸ ਉਚੀ ਚੋਟੀ ’ਤੇ ਖੜ੍ਹ ਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ, ਉਹ ਪਹਾੜੀ ਵੀ ਖ਼ੁਰਨ ਕਾਰਨ ਆਪਣਾ ਮੂਲ ਵਜੂਦ ਗੁਆ ਚੁੱਕੀ ਐ। 

ਸ੍ਰੀ ਅਨੰਦਪੁਰ ਸਾਹਿਬ ਤੋਂ ਉਤਰ ਪੂਰਬ ਵੱਲ ਜਿਸ ਪਹਾੜੀ ਖੇਤਰ ਨੂੰ ਅੱਜ ਚੰਗਰ ਦਾ ਇਲਾਕਾ ਆਖਿਆ ਜਾਂਦੈ,, ਉਹ ਖੇਤਰ ਕਿਸੇ ਸਮੇਂ ਦੁਰਲੱਭ ਕੁਦਰਤੀ ਜੜ੍ਹੀਆਂ ਬੂਟੀਆਂ ਦਾ ਘਰ ਹੁੰਦਾ ਸੀ। ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵੱਲੋਂ ਜਦੋਂ ਕੀਰਤਪੁਰ ਸਾਹਿਬ ਵਿਖੇ ਦਵਾਖ਼ਾਨਾ ਖੋਲ੍ਹਿਆ ਗਿਆ ਸੀ ਤਾਂ ਦਵਾਈ ਤਿਆਰ ਕਰਨ ਲਈ ਦੁਰਲੱਭ ਜੜ੍ਹੀਆਂ ਬੂਟੀਆਂ ਇਨ੍ਹਾਂ ਪਹਾੜਾਂ ਤੋਂ ਹੀ ਮੰਗਵਾਈਆਂ ਜਾਂਦੀਆਂ ਸੀ ਪਰ ਮੌਜੂਦਾ ਸਮੇਂ ਕੁਦਰਤ ਨਾਲ ਛੇੜਛਾੜ ਦੇ ਨਤੀਜੇ ਵਜੋਂ ਹੁਣ ਇਸ ਇਲਾਕੇ ਵਿਚੋਂ ਦੁਰਲੱਭ ਜੜ੍ਹੀਆਂ ਬੂਟੀਆਂ ਵੀ ਆਲੋਪ ਹੋ ਚੁੱਕੀਆਂ ਨੇ। ਇਕ ਜਾਣਕਾਰੀ ਅਨੁਸਾਰ ਇਸ ਇਲਾਕੇ ਨੂੰ ਸਿੱਖ ਬੌਧਿਕਤਾ ਦਾ ਕੇਂਦਰ ਬਣਾਉਣ ਲਈ ਸ੍ਰੀ ਕੇਸਗੜ੍ਹ ਸਾਹਿਬ ਨੂੰ ਕੇਂਦਰ ਵਿਚ ਰੱਖ ਕੇ ਇੱਥੇ ਪੰਜ ਕਿਲ੍ਹਿਆਂ ਅਨੰਦਗੜ੍ਹ, ਲੋਹਗੜ੍ਹ, ਹੋਲਗੜ੍ਹ, ਤਾਰਾਗੜ੍ਹ ਅਤੇ ਫਤਿਹਗੜ੍ਹ ਦੀ ਉਸਾਰੀ ਕਰਵਾਈ ਗਈ ਸੀ,, ਜਿਨ੍ਹਾਂ ਵਿਚੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਕੇਸਗੜ੍ਹ ਸਾਹਿਬ ਦੇ ਅਸਥਾਨ ’ਤੇ ਹੀ 1699 ਨੂੰ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ। 

 

4 ਅਤੇ 5 ਦਸੰਬਰ 1705 ਦੀ ਰਾਤ ਨੂੰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਛੱਡਿਆ ਸੀ ਤਾਂ ਉਸ ਸਮੇਂ ਸਿਰਫ਼ ਭਾਈ ਗੁਰਬਖਸ਼ ਦਾਸ ਹੀ ਇੱਥੇ ਰਹਿ ਗਏ ਸੀ, ਜਦਕਿ ਕੁੱਝ ਸਾਲਾਂ ਬਾਅਦ ਸੋਢੀ ਗੁਲਾਬ ਸਿੰਘ ਅਤੇ ਸ਼ਾਮ ਸਿੰਘ ਦੇ ਪਰਿਵਾਰਕ ਮੈਂਬਰ ਇੱਥੇ ਵੱਸਣ ਲੱਗ ਪਏ ਸੀ ਅਤੇ ਅਨੰਦਪੁਰ ਸਾਹਿਬ ਫਿਰ ਤੋਂ ਵਸਣਾ ਸ਼ੁਰੂ ਹੋ ਗਿਆ ਸੀ। ਅਕਾਲੀ ਫੂਲਾ ਸਿੰਘ ਵੇਲੇ ਸੋਢੀਆਂ ਦਾ ਆਗੂ ਸੁਰਜਨ ਸਿੰਘ ਅਤੇ ਉਸ ਦਾ ਪਰਿਵਾਰ ਵੀ ਇੱਥੇ ਰਿਹਾ ਕਰਦਾ ਸੀ,, ਉਸ ਸਮੇਂ ਇੱਥੋਂ ਦੀ ਆਬਾਦੀ ਮਹਿਜ਼ 2 ਤੋਂ ਤਿੰਨ ਹਜ਼ਾਰ ਦੇ ਕਰੀਬ ਸੀ,,, ਪਰ ਅੱਜ ਇਹ ਇਲਾਕਾ ਗੁਰਦੁਆਰਿਆਂ ਦੀ ਧਰਤੀ ਹੋਣ ਕਰਕੇ ਦੁਨੀਆ ਦੇ ਨਕਸ਼ੇ ’ਤੇ ਆ ਚੁੱਕਿਆ ਏ ਅਤੇ ਮੌਜੂਦਾ ਸਮੇਂ ਭਾਵੇਂ ਇਸ ਪਵਿੱਤਰ ਨਗਰ ਨੂੰ ਜ਼ਿਲ੍ਹਾ ਬਣਾਉਣ ਦੀ ਚਰਚਾ ਵੀ ਜ਼ੋਰਾਂ ਸ਼ੋਰਾਂ ’ਤੇ ਚੱਲ ਰਹੀ ਐ,,, ਪਰ ਸਭ ਤੋਂ ਜ਼ਰੂਰੀ ਇੱਥੋਂ ਦੀ ਪੁਰਾਤਨ ਵਿਰਾਸਤ ਅਤੇ ਵਿਗੜ ਰਹੀ ਭੂਗੋਲਿਕ ਸਥਿਤੀ ਨੂੰ ਸਾਂਭਣ ਦੀ ਜ਼ਰੂਰਤ ਐ ਤਾਂ ਜੋ ਇਸ ਇਲਾਕੇ ਦੀ ਪੁਰਾਤਨ ਦਿੱਖ ਨੂੰ ਫਿਰ ਤੋਂ ਬਹਾਲ ਕੀਤਾ ਜਾ ਸਕੇ।