ਬਾਬਾ ਹਰਨਾਮ ਸਿੰਘ ਛੇਤੀ ਹੀ ਪੰਜਾਬ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਲਗਾਉਣਗੇ ਮੋਰਚਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਕਾਲੀ ਦਲ ਬਾਦਲ ਨੂੰ ਮੁੜ ਸੱਤਾ 'ਤੇ ਲਿਆਉਣ ਲਈ ਦਮਦਮੀ ਟਕਸਾਲ ਮਹਿਤਾ ਦੀ ਪਹਿਲਕਦਮੀ.........

Harnam Singh Dhumma

ਤਰਨਤਾਰਨ :  ਸੰਤ ਸਮਾਜ ਅਤੇ ਦਮਦਮੀ ਟਕਸਾਲ ਮਹਿਤਾ ਦੇ ਮੁਖੀ ਬਾਬਾ ਹਰਨਾਮ ਸਿੰਘ ਜਲਦ ਹੀ ਪੰਜਾਬ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਮੋਰਚਾ ਲਗਾਉਣ ਜਾ ਰਹੇ ਹਨ। ਜਾਣਕਾਰੀ ਮੁਤਾਬਕ ਬਾਬਾ ਹਰਨਾਮ ਸਿੰਘ ਨੇ ਇਸ ਮੋਰਚੇ ਦੀਆਂ ਮੰਗਾਂ ਦੀ ਸੂਚੀ ਤਿਆਰ ਕਰਨ ਲਈ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਸਾਬਕਾ ਪ੍ਰਧਾਨ ਸਰਚਾਂਦ ਸਿੰਘ ਦੀ ਜ਼ਿੰਮੇਵਾਰੀ ਲਗਾਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬਾਬਾ ਹਰਨਾਮ ਸਿੰਘ ਨੇ ਇਸ ਬਾਰੇ ਵੱਖ ਵੱਖ ਧਾਰਮਕ ਤੇ ਰਾਜਨੀਤਕ ਆਗੂਆਂ ਨਾਲ ਮੀਟਿੰਗਾਂ ਦਾ ਦੌਰ ਵੀ ਕਰ ਲਿਆ ਹੈ। ਹਰ ਧਾਰਮਕ ਅਤੇ ਰਾਜਨੀਤਕ ਆਗੂ ਨੇ ਬਾਬਾ ਹਰਨਾਮ ਸਿੰਘ ਨੂੰ ਸਮਰਥਨ ਦੇਣ ਦਾ ਭਰੋਸਾ ਵੀ ਦਿਤਾ ਹੈ।

ਮੁੱਖ ਤੌਰ 'ਤੇ ਮੰਗਾਂ ਵਿਚ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ, ਜੇਲਾਂ ਵਿਚ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਦੇ ਨਾਲ-ਨਾਲ ਡੇਰਾਵਾਦ ਵਿਰੁਧ ਵਿੱਢੇ ਜੇਹਾਦ ਦੌਰਾਨ ਸ਼ਹੀਦ ਹੋਏ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਤੇ ਸ਼ਹੀਦ ਪ੍ਰਵਾਰਾਂ ਨੂੰ ਮੁਆਵਜ਼ਾ ਦੇਣਾ ਵੀ ਸ਼ਾਮਲ ਹੈ। ਬਾਬਾ ਹਰਨਾਮ ਸਿੰਘ ਵਲੋਂ ਪ੍ਰਸਤਾਵਤ ਮੋਰਚੇ ਵਿਚ ਪੰਜਾਬ ਦੀਆਂ ਮੰਗਾਂ ਕਿਸਾਨੀ ਦੇ ਮਸਲੇ ਅਤੇ ਪੰਜਾਬ ਦੇ ਹੋਰ ਮਸਲੇ ਮੁੱਖ ਰੂਪ ਵਿਚ ਵਰਤੇ ਜਾਣਗੇ ।

ਇਸ ਮੋਰਚੇ ਨੂੰ ਅਕਾਲੀ ਦਲ ਦੀ ਸਮੁੱਚੀ ਟੀਮ, ਵਰਕਰ, ਯੂਥ ਅਕਾਲੀ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਵੀ ਹਮਾਇਤ ਹੋਵੇਗੀ ਜਿਸ ਤਰ੍ਹਾਂ ਭਾਈ ਰਾਜੋਆਣਾ ਦੀ ਫਾਂਸੀ ਵਾਲੇ ਫ਼ੈਸਲੇ ਦੇ ਵਿਰੋਧ ਵੇਲੇ ਦਿਤੀ ਗਈ ਸੀ। ਸਮਝਿਆ ਜਾ ਰਿਹਾ ਹੈ ਕਿ ਇਹ ਮੋਰਚਾ ਪੰਜਾਬ ਦੀ ਰਾਜਨੀਤੀ ਵਿਚ ਲਗਭਗ ਹਾਸ਼ੀਏ 'ਤੇ ਜਾ ਚੁਕੇ ਅਕਾਲੀ ਦਲ ਬਾਦਲ ਨੂੰ ਮੁੜ ਸੱਤਾ 'ਤੇ ਲਿਆਉਣ ਲਈ ਦਮਦਮੀ ਟਕਸਾਲ ਮਹਿਤਾ ਦੀ ਪਹਿਲਕਦਮੀ ਹੈ।

ਜਾਣਕਾਰੀ ਮੁਤਾਬਕ ਪ੍ਰੋਫ਼ੈਸਰ ਸਰਚਾਂਦ ਸਿੰਘ ਨੇ ਇਸ ਮੋਰਚੇ ਨੂੰ ਸਫ਼ਲ ਕਰਨ ਲਈ ਅਨੰਦਪੁਰ ਸਾਹਿਬ ਮੋਰਚੇ ਸਮੇਤ ਹੁਣ ਤਕ ਪੰਜਾਬ ਦੀਆਂ ਮੰਗਾਂ ਬਾਰੇ ਜਾਰੀ ਸਾਰੀਆਂ ਸੂਚੀਆਂ ਨੂੰ ਖਗਾਲਣਾ ਸ਼ੁਰੂ ਕੀਤਾ ਹੈ। ਆਸ ਹੈ ਕਿ ਜਲਦ ਹੀ ਪੰਜਾਬ ਦੇ ਲੋਕ ਦਮਦਮੀ ਟਕਸਾਲ ਦੁਆਰਾ ਸ਼ੁਰੂ ਮੋਰਚੇ ਰਾਹੀਂ ਪੰਜਾਬ ਸਰਕਾਰ ਨੂੰ ਹਲੂਣਾ ਦੇਣਗੇ।