ਬਾਦਲਾਂ ਵਲੋਂ 'ਸੇਵਾ ਦੇ ਨਾਮ 'ਤੇ ਖਾਧੇ ਮੇਵੇ' ਦੀ ਨਿਰਪੱਖ ਪੜਤਾਲ ਹੋਵੇ: ਖਾਲੜਾ ਮਿਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਦੇ ਅਹੁਦੇਦਾਰ.......

Khalra Mission Member

ਅੰਮ੍ਰਿਤਸਰ : ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਦੇ ਅਹੁਦੇਦਾਰ ਬਾਬਾ ਦਰਸ਼ਨ ਸਿੰਘ, ਕ੍ਰਿਪਾਲ ਸਿੰਘ ਰੰਧਾਵਾ, ਪ੍ਰਵੀਨ ਕੁਮਾਰ ਨੇ ਕਿਹਾ ਹੈ ਕਿ ਮੰਨੂਵਾਦੀਆਂ ਨੂੰ ਇਨਸਾਨੀਅਤ ਦਾ ਪੱਲਾ ਫੜਨਾ ਚਾਹੀਦਾ ਹੈ। ਰਾਸ਼ਟਰਵਾਦ ਦੀ ਆੜ ਵਿਚ ਸਿੱਖਾਂ, ਮੁਸਲਮਾਨਾਂ, ਦਲਿਤਾਂ, ਈਸਾਈਆਂ, ਗ਼ਰੀਬਾਂ ਤੇ ਕਿਸਾਨਾਂ ਉਪਰ ਜ਼ੁਲਮ ਬੰਦ ਕਰਨੇ ਚਾਹੀਦੇ ਹਨ। ਪੁਲਵਾਮਾ ਕਾਂਡ ਦੀ ਘਟਨਾ ਮੰਦਭਾਗੀ ਹੈ। ਕਸ਼ਮੀਰ ਅੰਦਰ ਖ਼ੂਨ ਖ਼ਰਾਬਾ ਬੰਦ ਹੋਣਾ ਚਾਹੀਦਾ ਹੈ ਅਤੇ ਕਸ਼ਮੀਰ ਮਸਲੇ ਦਾ ਹੱਲ ਗੱਲਬਾਤ ਰਾਹੀਂ ਕਰਨਾ ਚਾਹੀਦਾ ਹੈ।

ਪ੍ਰਕਾਸ਼ ਸਿੰਘ ਬਾਦਲ ਜਦੋਂ ਪੁਲਿਸ ਗ਼ੈਰ ਕਾਨੂੰਨੀ ਕਾਰੇ ਕਰ ਕੇ ਝੂਠੇ ਮੁਕਾਬਲੇ ਬਣਾਉਂਦੀ ਸੀ ਉਹ ਦੋਸ਼ੀਆਂ ਦੀ ਹਮਾਇਤ ਕਰਦੇ ਰਹੇ। ਅੱਜ ਜਦੋਂ ਐਸ.ਆਈ.ਟੀ. ਬੇਅਦਬੀਆਂ ਤੇ ਗੋਲੀਕਾਂਡ ਦੀ ਪੜਤਾਲ ਕਾਨੂੰਨੀ ਤਰੀਕੇ ਨਾਲ ਕਰ ਰਹੀ ਹੈ ਤਾਂ ਉਹ ਐਸ.ਆਈ.ਟੀ. ਦਾ ਵਿਰੋਧ ਕਰ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ ਤੇ ਉਸ ਦੀ ਕੰਪਨੀ ਵਲੋਂ 'ਸੇਵਾ ਦੇ ਨਾਮ 'ਤੇ ਖਾਧੇ ਮੇਵੇ' ਦੀ ਨਿਰਪੱਖ ਪੜਤਾਲ ਹੋਣੀ ਚਾਹੀਦੀ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਫ਼ੌਜੀ ਹਮਲੇ ਤੇ ਝੂਠੇ ਮੁਕਾਬਲਿਆਂ ਦੀ ਯੋਜਨਾਬੰਦੀ ਵਿਚ ਸ਼ਾਮਲ ਹੋ ਕੇ ਜਿਹੜੀ ਸੇਵਾ ਪੰਥ ਦੀ ਕੀਤੀ ਹੈ ਉਹ ਪੰਜਾਬ ਦੇ ਲੋਕ ਨਹੀਂ ਭੁੱਲੇ। 

ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ ਕਿ ਸੂਬੇ ਦਾ ਮੁਖੀ ਜਾਂ ਦੇਸ਼ ਦਾ ਮੁਖੀ ਵਾਪਰੀਆਂ ਘਟਨਾਵਾਂ ਲਈ ਜ਼ਿੰਮੇਵਾਰ ਨਹੀਂ ਹੁੰਦਾ ਤੋਂ ਸਾਬਤ ਹੁੰਦਾ ਹੈ ਕਿ ਉਹ ਰਾਜੀਵ ਗਾਂਧੀ ਨੂੰ ਨਵੰਬਰ 84 ਕਤਲੇਅਮ ਤੋਂ, ਬੇਅੰਤ ਸਿੰਘ ਸਾਬਕਾ ਮੁੱਖ ਮੰਤਰੀ ਨੂੰ ਝੂਠੇ ਮੁਕਾਬਲਿਆਂ ਤੋਂ ਕਲੀਨ ਚਿੱਟ ਨਹੀਂ ਦੇਣਾ ਚਾਹੁੰਦੇ ਸਗੋਂ ਕੇ.ਪੀ.ਐਸ. ਗਿੱਲ ਵਰਗੇ ਨੂੰ ਕਲੀਨ ਚਿਟ ਦੇ ਰਹੇ ਹਨ। ਉਹ ਅਸਿੱਧੇ ਰੂਪ ਵਿਚ ਸ੍ਰੀ ਦਰਬਾਰ ਸਾਹਿਬ ਤੇ ਫ਼ੌਜਾਂ ਚਾੜ੍ਹਨ ਵਾਲੀ ਇੰਦਰਾ ਨੂੰ ਵੀ ਕਲੀਨ ਚਿਟ ਦੇ ਰਹੇ ਹਨ। ਕਾਨੂੰਨ ਦੇ ਰਾਜ ਬਿਨਾਂ ਸ਼ਾਂਤੀ ਅਸੰਭਵ ਹੈ।