ਮੁਜ਼ਾਹਰਿਆਂ ਵਿਚ ਪਾਵਨ ਸਰੂਪ ਲੈ ਕੇ ਜਾਣ ਦੇ ਮਾਮਲੇ ’ਚ ਜਥੇਦਾਰ ਵਲੋਂ ਸਬ ਕਮੇਟੀ ਦਾ ਗਠਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

15 ਦਿਨਾਂ ਦੇ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੇਗੀ ਰਿਪੋਰਟ, ਪੰਜ ਸਿੰਘ ਸਾਹਿਬਾਨ ਲੈਣਗੇ ਅੰਤਿਮ ਫੈਸਲਾ

Jathedar Giani Harpreet Singh

 

ਅੰਮ੍ਰਿਤਸਰ:  ਅਜਨਾਲਾ ਘਟਨਾਕ੍ਰਮ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਹਿਮ ਬਿਆਨ ਜਾਰੀ ਕੀਤਾ ਹੈ। ਜਥੇਦਾਰ ਨੇ ਰੋਸ ਮੁਜ਼ਾਹਰਿਆਂ ਵਿਚ ਪਾਵਨ ਸਰੂਪ ਲੈ ਕੇ ਜਾਣ ਦੇ ਮਾਮਲੇ ’ਚ ਇਕ ਸਬ ਕਮੇਟੀ ਦਾ ਗਠਨ ਕੀਤਾ ਹੈ। ਇਸ ਵਿਚ ਸਿੱਖ ਸੰਪ੍ਰਦਾਵਾਂ, ਸਿੱਖ ਜਥੇਬੰਦੀਆਂ ਅਤੇ ਸਿੱਖ ਵਿਦਵਾਨ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ: ਪਲਾਸਟਿਕ ਜ਼ਬਤ ਹੋਣ ’ਤੇ ਮਰਜ਼ੀ ਅਨੁਸਾਰ ਲਗਾਇਆ ਜਾ ਰਿਹਾ ਜੁਰਮਾਨਾ! RTI ਜ਼ਰੀਏ ਹੋਇਆ ਗੜਬੜੀ ਦਾ ਖੁਲਾਸਾ

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਰੋਸ ਮੁਜ਼ਾਹਰਿਆਂ, ਧਰਨਿਆਂ ਅਤੇ ਕਬਜ਼ੇ ਵਾਲੇ ਅਸਥਾਨਾਂ ’ਤੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਨਾਲ ਗੁਰੂ ਸਾਹਿਬ ਜੀ ਦੇ ਮਾਨ-ਸਨਮਾਨ ਨੂੰ ਠੇਸ ਪਹੁੰਚਣ ਦਾ ਖਦਸ਼ਾ ਹੋਵੇ, ਉਹਨਾਂ ਅਸਥਾਨਾਂ ‘ਤੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੁਭਾਇਮਾਨ ਕਰਨ ਸਬੰਧੀ ਵਿਚਾਰ ਕਰਨ ਲਈ ਸਮੂਹ ਸਿੱਖ ਸੰਪ੍ਰਦਾਵਾਂ, ਸਿੱਖ ਜਥੇਬੰਦੀਆਂ ਅਤੇ ਸਿੱਖ ਵਿਦਵਾਨਾਂ ਦੇ ਅਧਾਰ ‘ਤੇ ਸਬ ਕਮੇਟੀ ਗਠਿਤ ਕੀਤੀ ਗਈ ਹੈ। ਇਹ ਕਮੇਟੀ 15 ਦਿਨਾਂ ਦੇ ਅੰਦਰ-ਅੰਦਰ ਆਪਣੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੇਗੀ।  ਇਸ ਰਿਪੋਰਟ ਨੂੰ ਵਿਚਾਰ ਕਰਨ ਮਗਰੋਂ ਪੰਜ ਸਿੰਘ ਸਾਹਿਬਾਨ ਵੱਲੋਂ ਅੰਤਿਮ ਫੈਸਲਾ ਲਿਆ ਜਾਵੇਗਾ।

ਇਹ ਵੀ ਪੜ੍ਹੋ: ਜਨਵਰੀ ਵਿਚ ਲੋਕਾਂ ਨੇ ਦੱਬ ਕੇ ਵਰਤਿਆ ਕ੍ਰੈਡਿਟ ਕਾਰਡ, ਖਰਚੇ ਕੀਤੇ 1 ਲੱਖ ਕਰੋੜ ਰੁਪਏ

ਇਸ ਤੋਂ ਪਹਿਲਾਂ ਬੀਤੇ ਦਿਨ ਜਥੇਦਾਰ ਨੇ ਇਕ ਪੋਸਟ ਸਾਂਝੀ ਕੀਤੀ ਸੀ। ਇਸ ਵਿਚ ਉਹਨਾਂ ਲਿਖਿਆ, “ਜੇ ਕੋਈ ਜਬਰ ਜੁਲਮ ਦੇ ਖ਼ਿਲਾਫ਼, ਮਨੁੱਖੀ ਹੱਕਾਂ ਨੂੰ ਕੁਚਲਣ ਦੇ ਖ਼ਿਲਾਫ਼ ਜਾਂ ਸਿੱਖਾਂ ਦੇ ਹੱਕ ਹਕੂਕਾਂ ਲਈ ਸੰਘਰਸ਼ ਕਰਦਾ ਹੈ ਤਾਂ ਉਸ ਦੀ ਸਿੱਧੇ ਜਾਂ ਅਸਿੱਧੇ ਰੂਪ ਵਿਚ ਡੱਟਵੀਂ ਹਿਮਾਇਤ ਕਰਨੀ ਚਾਹੀਦੀ ਹੈ। ਇਸ ਕਾਰਜ ਵਿਚ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਅਸੀਸ ਲੈਣਾ ਵੀ ਜ਼ਰੂਰੀ ਹੈ। ਜਿੱਥੇ ਸੰਘਰਸ਼ ਕਰਦਿਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਤਿਕਾਰ ਵਿਚ ਕਮੀ ਆਉਣ ਦਾ ਖ਼ਦਸ਼ਾ ਹੋਵੇ, ਉੱਥੇ ਜ਼ਰੂਰ ਵਿਚਾਰਨਾ ਚਾਹੀਦਾ ਹੈ ਅਤੇ ਸਾਨੂੰ ਪੁਰਾਤਨ ਇਤਿਹਾਸ ਤੋ ਸੇਧ ਲੈ ਲੈਣੀ ਚਾਹੀਦੀ ਹੈ”।