ਚੀਫ਼ ਖ਼ਾਲਸਾ ਦੀਵਾਨ ਦੀ ਚੋਣ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਅੱਜ ਚੁਣਨਗੇ ਨਵਾਂ ਪ੍ਰਧਾਨ ਤੇ ਹੋਰ ਅਹੁਦੇਦਾਰ

Chief khalsa diwan

ਚੀਫ਼ ਖ਼ਾਲਸਾ ਦੀਵਾਨ ਦੀਆਂ ਚੋਣਾਂ ਕਲ 25 ਮਾਰਚ ਨੂੰ ਪੈਣਗੀਆਂ। ਚੀਫ਼ ਖ਼ਾਲਸਾ ਦੀਵਾਨ ਸਿੱਖਾਂ ਦੀ ਤਲੀਮੀ ਤੇ ਧਾਰਮਕ ਸੰਸਥਾ ਹੈ ਜਿਸ ਦਾ ਕੰਮ ਸਿੱਖੀ 'ਤੇ ਹੋ ਰਹੇ ਹਮਲਿਆਂ ਨੂੰ ਰੋਕਣਾ ਹੈ। ਦੀਵਾਨ ਦੇ 522 ਮੈਂਬਰ ਹਨ। ਚੀਫ਼ ਖ਼ਾਲਸਾ ਦੀਵਾਨ ਸਮੁੱਚੇ ਪੰਜਾਬ ਤੇ ਹੋਰ ਥਾਵਾਂ 'ਤੇ ਫੈਲੀਆਂ ਸਿੰਘ ਸਭਾਵਾਂ ਦੀ ਇਕ ਕੇਂਦਰੀ ਸੰਸਥਾ ਹੈ। ਚੀਫ਼ ਖ਼ਾਲਸਾ ਦੀਵਾਨ ਦੀ ਸਥਾਪਨਾ ਇਸ ਕਰ ਕੇ ਹੀ ਹੋਈ ਸੀ ਕਿ ਅੰਗਰੇਜ਼ ਸਮਰਾਜ ਦੇ ਈਸਾਈ ਸਭਿਆਚਾਰ ਤੋਂ ਸਿੱਖੀ ਨੂੰ ਬਚਾਉਣਾ ਸੀ। 
ਸਿੱਖ ਸੰਗਤ ਵੱਖ-ਵੱਖ ਸਭਾ ਸੁਸਾਇਟੀਆਂ ਦੀ ਮੰਗ ਹੈ ਕਿ ਨਵਾਂ ਪ੍ਰਧਾਨ ਈਮਾਨਦਾਰ ਤੇ ਮਜ਼ਬੂਤ ਚਰਿਤਰ ਅਤੇ ਸੁੱਚੇ ਇਖਲਾਕ ਦਾ ਹੋਵੇ। ਚੀਫ਼ ਖ਼ਾਲਸਾ ਦੀਵਾਨ ਅਧੀਨ 51 ਸਕੂਲ/ਕਾਲਜ ਤੇ ਹੋਰ ਸੰਸਥਾਵਾਂ ਹਨ।  22 ਸਕੂਲ ਅੰਮ੍ਰਿਤਸਰ ਵਿਚ ਹਨ। ਇਕ ਸਕੂਲ ਅਨੰਦਪੁਰ ਸਾਹਿਬ, ਇਕ ਚੰਡੀਗੜ੍ਹ, ਦੋ ਗੁਰਦਾਸਪੁਰ, ਤਿੰਨ ਹੁਸ਼ਿਆਰਪੁਰ, ਇਕ ਕਾਨਪੁਰ, ਦੋ  ਕਪੂਰਥਲਾ, ਦੋ ਲੁਧਿਆਣੇ, ਦੋ ਰੋਪੜ ਤੇ 9 ਤਰਨ ਤਾਰਨ ਵਿਚ ਹਨ। ਚਾਰ ਕਾਲਜ ਚੱਲ ਰਹੇ ਹਨ। ਰਿਹਾਇਸ਼ੀ ਵਰਲਡ ਕਲਾਸ ਚੀਫ਼ ਖ਼ਾਲਸਾ ਦੀਵਾਨ ਸਕੂਲ ਆਫ ਐਕਸੀਲੈਂਸੀ ਦੀ ਸ਼ੁਰੂਆਤ ਹੋ ਗਈ ਹੈ। ਚੀਫ ਖਾਲਸਾ ਦੀਵਾਨ ਦਾ ਬਜ਼ਟ 158.40 ਕਰੋੜ ਤੋਂ ਵੱਧ ਹੈ।

ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ 522 ਦੇ ਕਰੀਬ ਹਨ। ਜ਼ਿਲ੍ਹਾ ਅੰਮ੍ਰਿਤਸਰ ਦੇ 198, ਕੈਨੇਡਾ 1, ਚੰਡੀਗੜ੍ਹ 32, ਪਟਿਆਲਾ 4, ਤਰਨ ਤਾਰਨ 29, ਦੁਬਈ 4, ਫਰੀਦਾਬਾਦ 2, ਗੁਰਦਾਸਪੁਰ 1, ਗੁਰੂਗਰਾਮ (ਗੁੜਗਾਂਓ) 1, ਹਾਪੜ ਯੂਪੀ 1, ਹਸ਼ਿਆਪੁਰ 10, ਜਲੰਧਰ 41, ਕਾਨਪੁਰ 29, ਲਖਨਊ 1, ਲੁਧਿਆਣਾ 77, ਮੋਹਾਲੀ 2, ਮੁੰਬ ਈ 42, ਨਵੀਂ ਦਿੱਲੀ 43 ਆਦਿ ਹਨ, ਜੋ 25 ਮਾਰਚ ਨੂੰ ਜ਼ਿਮਨੀ ਚੋਣ 'ਚ ਸ਼ਿਰਕਤ ਕਰਨ ਪੁੱਜ ਰਹੇ ਹਨ। ਇਸ ਜ਼ਿਮਨੀ ਚੋਣ 'ਚ ਪਤਿਤ ਮੈਂਬਰ ਵੋਟ ਨਹੀਂ ਪਾ ਸਕਣਗੇ ਪਰ ਦਾਹੜੀ ਰੰਗਣ ਵਾਲਿਆਂ ਨੂੰ ਛੋਟ ਦਿੱਤੀ ਹੈ।ਚੀਫ ਖਾਲਸਾ ਦੀਵਾਨ ਦੇ ਇਤਿਹਾਸ 'ਚ ਪਹਿਲੀ ਵਾਰ ਜ਼ਿਮਨੀ ਚੋਣ ਪੂਰੀ ਸਰਗਰਮੀ ਤੇ ਧੜਿਆਂ 'ਚ ਵੰਡ ਕੇ ਹੋ ਰਹੀ ਹੈ, ਜਿਸ 'ਤੇ ਪੂਰੇ ਦੇਸ਼-ਵਿਦੇਸ਼ ਦੇ ਸਿੱਖਾਂ ਦੀਆਂ ਨਜ਼ਰਾਂ ਲੱਗੀਆਂ ਹਨ। ਪੰਜਾਬ ਸਰਕਾਰ  ਨੇ ਵੀ ਕਰੜੇ ਸੁਰੱਖਿਆ ਪ੍ਰਬੰਧਾਂ ਨਾਲ ਚੌਕਸੀ ਰੱਖੀ ਹੈ ਤਾਂ ਜੋ ਕਿਸੇ ਵੀ ਕਿਸਮ ਦੀ ਗੜਬੜ ਨੂੰ ਰੋਕਿਆ ਜਾ ਸਕੇ ਅਤੇ ਚੋਣ ਪ੍ਰਕਿਰਿਆ ਲੋਕਤੰਤਰ ਤੇ ਪਾਰਦਰਸ਼ਤਾ ਨਾਲ ਹੋ ਸਕੇ। ਇਸ ਚੋਣ ਵਿਚ ਪਹਿਲੀ ਵਾਰ ਤਿੰਨ ਧੜੇ ਭਾਗ ਸਿੰਘ ਅਣਖੀ, ਧੰਨਰਾਜ ਸਿੰਘ ਗਰੁੱਪ ਅਤੇ ਬਰਖਾਸਤ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਦੇ 9 ਉਮੀਦਵਾਰ ਕਿਸਮਤ ਅਜਮਾ ਰਹੇ ਹਨ।