ਗੁਰਦਵਾਰਾ ਵਿਵਾਦ 'ਚ ਨਵਾਂ ਮੋੜ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

2003 ਵਿਚ ਹੀ ਉਮਰ ਭਰ ਲਈ ਰਜਿਸਟਰਡ ਕਰਵਾ ਲਈ ਸੀ ਕਮੇਟੀ

Gurudwara case

ਗੁਰਦਾਸਪੁਰ, 24 ਮਾਰਚ (ਹਰਜੀਤ ਸਿੰਘ ਆਲਮ): ਪਿਛਲੇ ਕੁੱਝ ਦਿਨਾਂ ਤੋਂ ਵਿਵਾਦ ਦਾ ਵਿਸ਼ਾ ਬਣਿਆ ਸਰਹੱਦੀ ਖੇਤਰ ਵਿਚ ਸਥਿਤ ਇਤਿਹਾਸਕ ਗੁਰਦਵਾਰੇ ਦੀ ਪ੍ਰਬੰਧਕੀ ਕਮੇਟੀ ਨੂੰ ਲੈ ਕੇ ਗੁਰ ਮਰਿਆਦਾ ਦੇ ਉਲਟ ਇਕ ਅਜਿਹੀ ਗੱਲ ਨੇ ਸੰਗਤ 'ਚ ਸਬੰਧਤ ਪ੍ਰਬੰਧਕ ਕਮੇਟੀ ਅਤੇ ਸਬੰਧਤ ਵਿਭਾਗ ਪ੍ਰਤੀ ਗੁੱਸੇ ਦੀ ਲਹਿਰ ਦੌੜ ਗਈ ਹੈ। ਇਹ ਮਾਮਲਾ 14 ਸਾਲ ਬਾਅਦ ਉਦੋਂ ਸਾਹਮਣੇ ਆਇਆ ਜਦ ਸਬੰਧਤ ਕਮੇਟੀ ਨੇ ਕਿਹਾ ਕਿ ਉਨਾਂ 2003 ਵਿਚ ਕਮੇਟੀ ਉਮਰ ਭਰ ਲਈ ਹੀ ਰਜਿਟਰਡ ਕਰਵਾ ਲਈ ਹੈ। ਇਹ ਖ਼ਬਰ ਜਦ 200 ਪਿੰਡਾਂ ਦੀ ਸੰਗਤ ਕੋਲ ਪਹੁੰਚੀ ਤਾਂ ਸੰਗਤ ਵਿਚ ਕਮੇਟੀ ਵਿਰੁਧ ਰੋਸ ਦੀ ਲਹਿਰ ਫੈਲ ਗਈ ਕਿਉਂਕਿ 2003 ਦੇ ਬਾਅਦ ਵੀ ਕਮੇਟੀ ਹਰ ਤਿੰਨ ਸਾਲ ਬਾਅਦ ਸੰਗਤ ਦੁਆਰਾ ਚੁਣੀ ਜਾਂਦੀ ਹੈ। ਇਥੋਂ ਤਕ 1980 ਤੋਂ ਲਗਾਤਾਰ ਇਸ ਗੁਰਦਵਾਰੇ ਦੀ ਪ੍ਰਬੰਧਕੀ ਦੀ ਚੋਣ ਹਰ ਸਾਲ ਹੁੰਦੀ ਰਹੀ ਹੈ। ਇਹ ਸਾਰੀ ਅਹਿਮ ਜਾਣਕਾਰੀ ਅੱਜ ਇਲਾਕੇ ਦੇ ਧਾਰਮਕ ਆਗੂ ਅਤੇ ਸੈਰ ਸਪਾਟਾ ਨਿਗਮ ਦੇ ਸਾਬਕਾ ਚੇਅਰਮੈਨ ਸਰਕਾਰ ਇੰਦਰਜੀਤ ਸਿੰਘ ਬਾਗੀ, ਬਚਨ ਸਿੰਘ, ਦਲਬੀਰ ਸਿੰਘ ਸੁਲਤਾਨੀ, ਕਰਤਾਰ ਸਿੰਘ ਸੱਦਾ, ਲੱਖਾ ਸਿੰਘ ਅਤੇ ਰਣਜੀਤ ਸਿੰਘ ਜੀਵਲਚੱਕ ਨੇ ਗੁਰਦਾਸਪੁਰ ਸਥਿਤ ਸਪੋਕਸਮੈਨ ਦਫ਼ਤਰ ਵਿਖੇ ਦਿਤੀ।

 ਆਗੂਆਂ ਨੇ ਕਿਹਾ ਕਿ ਇਹ ਗੁਰਦਵਾਰਾ ਅਤੇ ਖੇਤਰ 30-35 ਪਹਿਲਾਂ ਸੁੱਚਾ ਸਿੰਘ ਲੰਗਾਹ ਦੀ ਇਕ ਤਰ੍ਹਾਂ ਨਾਲ ਸਲਤਨਤ ਹੀ ਰਿਹਾ ਹੈ ਅਤੇ ਸਾਰੀਆ ਕਮੇਟੀਆਂ ਸੰਗਤ ਦੀ ਬਜਾਏ ਲੰਗਾਹ ਦੀਆਂ ਇੱਛਾਵਾਂ ਅਨੁਸਾਰ ਹੀ ਬਣਦੀਆਂ ਢਹਿੰਦੀਆਂ  ਰਹੀਆਂ ਹਨ। ਇਲਾਕੇ ਦਾ ਖਾਸ ਲੰਗਾਹ ਦਾ ਖੈਰ ਖਵਾਹ ਅਤੇ ਅੰਨਾ ਭਗਤ ਤਰਲੋਕ ਡੁੱਗਰੀ ਹੀ ਹੈ ਅਤੇ ਕਥਿਤ ਤੌਰ 'ਤੇ ਲੰਗਾਹ ਦੇ ਹੀ ਇਛਾਰੇ 'ਤੇ 2003 ਵਿਚ ਤਰਲੋਕ ਸਿੰੰਘ ਡੁਗਰੀ ਅਤੇ ਉਸ ਦੇ ਸਾਥੀਆਂ ਦੀ ਸਲਾਹ ਮਸ਼ਵਰੇ ਨਾਲ ਹੀ ਉਮਰ ਭਰ ਲਈ ਕਮੇਟੀ ਰਜਿਸਟਰਡ ਕੀਤੀ ਗਈ ਸੀ। ਬਾਗੀ ਨੇ ਕਿਹਾ ਕਿ ਇਲਾਕੇ ਦੀ ਸੰਗਤ ਇਸ ਵਿਰੁਧ ਕਾਨੂੰਨੀ ਅਤੇ ਗ਼ੈਰ ਕਾਨੂੰਨੀ ਵੀ ਲੜਾਈ ਜਾਰੀ ਰਖਣਗੀਆਂ ਅਤੇ ਕਿਸੇ ਵੀ ਕੀਮਤ ਤੇ ਇਸ ਇਤਿਹਾਸਕ ਗੁਰਦਵਾਰੇ ਨੂੰ ਲੰਗਾਹ, ਡੁਗਰੀ ਜਾਂ ਕਿਸੇ ਵੀ ਵਿਅਕਤੀ ਦੀ ਨਿਜੀ ਸੰਮਤੀ ਨਹੀਂ ਬਣਨ ਦਿਤਾ ਜਾਵੇਗਾ।