ਕਿਤਾਬ 'ਧਰਮ ਯੁੱਧ ਮੋਰਚਾ' ਵਿਚ ਡਾ. ਰਜਿੰਦਰ ਕੌਰ ਨੇ ਕੀਤਾ ਹੈਰਾਨੀਜਨਕ ਪ੍ਰਗਟਾਵਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖਾਂ ਵਲੋਂ ਖ਼ਾਲਿਸਤਾਨ ਦੀ ਲੰਮੇ ਅਰਸੇ ਤੋਂ ਮੰਗ ਕੀਤੀ ਜਾ ਰਹੀ ਹੈ ਅਤੇ ਇਸੇ ਖ਼ਾਲਿਸਤਾਨ ਦੀ ਮੰਗ ਨੇ ਲੱਖਾਂ ਨੌਜਵਾਨ ਸ਼ਹੀਦ ਕਰਵਾ ਦਿਤੇ, ਹਜ਼ਾਰਾ ਮਾਵਾਂ ਦੀਆਂ..

Dharm Yudh Morcha


ਰੂਪਨਗਰ, 13 ਅਗੱਸਤ (ਕੁਲਵਿੰਦਰ ਭਾਟੀਆ) : ਸਿੱਖਾਂ ਵਲੋਂ ਖ਼ਾਲਿਸਤਾਨ ਦੀ ਲੰਮੇ ਅਰਸੇ ਤੋਂ ਮੰਗ ਕੀਤੀ ਜਾ ਰਹੀ ਹੈ ਅਤੇ ਇਸੇ ਖ਼ਾਲਿਸਤਾਨ ਦੀ ਮੰਗ ਨੇ ਲੱਖਾਂ ਨੌਜਵਾਨ ਸ਼ਹੀਦ ਕਰਵਾ ਦਿਤੇ, ਹਜ਼ਾਰਾ ਮਾਵਾਂ ਦੀਆਂ ਗੋਦਾਂ ਸੁੰਨੀਆਂ ਹੋ ਗਈਆਂ ਅਤੇ ਕਈ ਬੱਚਿਆਂ ਦੇ ਬਾਪ ਘਰੋਂ ਪੁਲਿਸ ਵਲੋਂ ਚੁੱਕੇ ਗਏ ਅਤੇ ਅੱਜ ਤਕ ਵਾਪਸ ਨਾ ਆਏ, ਪਰ ਜੇ ਮਸ਼ਹੂਰ ਪੱਤਰਕਾਰ ਹਰਬੀਰ ਸਿੰਘ ਭੰਵਰ ਦੀ ਜੁਨ 2017 ਵਿਚ ਪਹਿਲੀ ਵਾਰ ਨਵੀਂ ਆਈ ਕਿਤਾਬ 'ਧਰਮ ਯੁੱਧ ਮੋਰਚਾ' ਵਿਚਲੇ ਡਾ. ਰਜਿੰਦਰ ਕੌਰ ਦੇ ਲੇਖ ਨੂੰ ਪੜ੍ਹੀਏ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ ਕਿ ਦਲ ਖ਼ਾਲਸਾ ਦੀ ਪ੍ਰਮੋਸ਼ਨ ਅਤੇ ਖ਼ਾਲਿਸਤਾਨ ਦੋਵੇਂ ਹੀ ਕਾਂਗਰਸ ਦੀ ਦੇਣ ਹਨ।
ਅਪਣੇ ਲੇਖ 'ਚ ਡਾ. ਰਜਿੰਦਰ ਕੌਰ ਨੇ ਲਿਖਿਆ ਹੈ ਕਿ ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬਾ ਬਣਦਿਆਂ ਹੀ ਸਿੱਖ ਹੋਮਲੈਂਡ ਦੀ ਮੰਗ ਕਰ ਦਿਤੀ ਸੀ, ਪਰ ਇਹ ਸਿੱਖ ਹੋਮਲੈਂਡ ਭਾਰਤ ਦੀਆਂ ਹੱਦਾਂ ਅੰਦਰ ਬਣਾਉਣ ਦੀ ਮੰਗ ਸੀ। ਦੂਸਰੇ ਪਾਸੇ ਅਨੰਦਪੁਰ ਸਾਹਿਬ ਦਾ ਮਤਾ ਵੀ ਤਾਂ ਸਿੱਖਾਂ ਲਈ ਵਿਸ਼ੇਸ਼ ਅਧਿਕਾਰਾਂ ਦੇ ਸੂਬੇ ਦੀ ਮੰਗ ਕਰਦਾ ਹੈ। ਪੰਜਾਬੀ ਸੂਬਾ ਤਾਂ ਹਰ ਇਕ ਦੀ ਮੰਗ ਹੀ ਸੀ ਪਰ ਕੁੱਝ ਸਿੱਖ ਇਸ ਤੋਂ ਅੱਗੇ ਹੋ ਕੇ ਖ਼ਾਲਿਸਤਾਨ ਦੀ ਮੰਗ ਕਰਨ ਲੱਗ ਪਏ ਹਨ।
ਕਿਤਾਬ 'ਚ ਇਨਸਾਫ਼ ਕੀਤਾ ਗਿਆ ਹੈ ਕਿ ਖ਼ਾਲਿਸਤਾਨ ਦੀ ਲਹਿਰ ਨੂੰ ਉਤਸ਼ਾਹਿਤ ਕਰਨ ਲਈ ਕਾਂਗਰਸ ਨੇ ਮਦਦ ਕੀਤੀ ਸੀ, ਕਿਉਂਕਿ ਉਸ ਵੇਲੇ ਅਕਾਲੀਆਂ ਦੀ ਸਰਕਾਰ ਸੀ ਅਤੇ ਅਕਾਲੀਆਂ ਨੂੰ ਔਖਾ ਕਰਨ ਲਈ ਖ਼ਾਲਿਸਤਾਨ ਦੀ ਮੰਗ ਕਰਨ ਵਾਲਿਆਂ ਦੀ ਮਦਦ ਕੀਤੀ ਜਾ ਰਹੀ ਹੈ ਅਤੇ ਇਹ ਗੱਲ ਵੀ ਲੁਕੀ ਨਹੀਂ ਸੀ ਕਿ ਦਲ ਖ਼ਾਲਸਾ ਦੀ ਮਦਦ ਕਾਂਗਰਸ ਕਰਦੀ ਸੀ ਅਤੇ ਇਸ ਸਭ ਦਾ ਸੂਤਰਧਾਰ ਵੀ ਗਿਆਨੀ ਜੈਲ ਸਿੰਘ ਸੀ। ਖ਼ਾਲਿਸਤਾਨ ਦਾ ਪ੍ਰਚਾਰ ਦਾ ਮਕਸਦ ਹੀ ਇੰਨਾ ਸੀ ਕਿ ਦਲ ਖ਼ਾਲਸਾ ਕੋਲੋਂ ਖ਼ਾਲਿਸਤਾਨ ਦੀ ਗੱਲ ਕਰਵਾਉ ਅਤੇ ਨੌਜਵਾਨਾਂ ਦੇ ਜਜ਼ਬਾਤਾਂ ਅੱਗੇ ਅਕਾਲੀ ਦਲ ਕਮਜੋਰ ਹੋ ਜਾਵੇਗਾ ਅਤੇ ਕਮਜੋਰ ਅਕਾਲੀ ਚੋਣਾਂ 'ਚ ਮੁਕਾਬਲਾ ਨਹੀਂ ਕਰ ਸਕੇਗਾ। ਜੇ ਕਿਤਾਬ ਦੀ ਮੰਨੀਏ ਤਾਂ ਗਿਆਨੀ ਜੈਲ ਸਿੰਘ ਇਸ 'ਚ ਕਾਮਯਾਬ ਵੀ ਹੋਇਆ ਅਤੇ ਦਲ ਖ਼ਾਲਸਾ ਦੇ ਕੁੱਝ ਨੌਜਵਾਨ ਜਜ਼ਬਾਤੀ ਹੋ ਗਏ ਅਤੇ ਖ਼ਾਲਿਸਤਾਨ ਲਈ ਇਸ ਹੱਦ ਤਕ ਪੁੱਜੇ ਕਿ ਹਵਾਈ ਜ਼ਹਾਜ ਹੀ ਅਗ਼ਵਾ ਕਰ ਕੇ ਲੈ ਗਏ। ਇਸ ਲਈ ਉਨ੍ਹਾਂ ਨੂੰ ਜੇਲਾਂ ਵੀ ਕੱਟਣੀਆਂ ਪਈਆਂ।
1979 ਦੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਵੀ ਅਕਾਲੀ ਦਲ ਮੁਕਾਬਲੇ ਦਲ ਖ਼ਾਲਸਾ ਦੇ ਉਮੀਦਵਾਰ ਖੜੇ ਹੋਏ ਸਨ, ਜਿਨ੍ਹਾਂ ਦੀ ਮਦਦ ਕਾਂਗਰਸ ਵਾਲਿਆਂ ਨੇ ਕੀਤੀ ਸੀ ਅਤੇ ਬਾਅਦ 'ਚ ਦਲ ਖ਼ਾਲਸਾ ਨੇ ਇਸ ਚੋਣ ਨੂੰ ਲੜਨਾ ਅਪਣੀ ਗ਼ਲਤੀ ਮੰਨਿਆ ਸੀ। ਖ਼ਾਲਿਸਤਾਨ ਦੀ ਮੰਗ ਅਤੇ ਨਿਰੰਕਾਰੀ ਕਾਂਡ ਦੋਵੇਂ ਵੱਖ-ਵੱਖ ਸਨ, ਪਰ ਬਾਅਦ 'ਚ ਦੋਵੇਂ ਇਕ-ਮਿਕ ਹੋ ਗਏ ਅਤੇ ਇਸ ਦਾ ਲੰਮਾ ਸੰਤਾਪ ਪੰਜਾਬ ਦੇ ਲੋਕਾਂ ਨੇ ਹੰਢਾਇਆ।
ਸਿੱਖ ਹੋਮਲੈਂਡ ਤੋਂ ਤੁਰੀ ਮੰਗ ਖ਼ਾਲਿਸਤਾਨ 'ਤੇ ਪੁੱਜ ਚੁਕੀ ਸੀ ਅਤੇ ਉਧਰ ਨਿਰੰਕਾਰੀ ਕਾਂਡ ਵੀ ਭੱਖ ਗਿਆ ਸੀ। 1980 'ਚ ਡਾ. ਜਗਜੀਤ ਸਿੰਘ ਚੌਹਾਨ  'ਨੈਸ਼ਨਲ ਕੌਸਲ ਆਫ਼ ਖਾਲਿਸਤਾਨ' ਬਣਾ ਕੇ ਆਪ ਇੰਗਲੈਂਡ ਚਲਾ ਗਿਆ। ਜ਼ਿਕਰਯੋਗ ਹੈ ਕਿ ਡਾ. ਰਜਿੰਦਰ ਕੌਰ ਦਾ ਇਹ ਲੇਖ 'ਸੰਤ ਸਿਪਾਹੀ' ਰਸਾਲੇ 'ਚ ਵੀ ਛੱਪ ਚੁੱਕਾ ਹੈ।