27 ਮਾਰਚ ਨੂੰ 'ਦਸਤਾਰ ਦਿਵਸ' ਮੌਕੇ ਪੱਗਾਂ ਬੰਨ੍ਹ ਕੇ ਆਉਣਗੇ ਸਾਰੇ ਬਰਤਾਨੀਆਈ ਸੰਸਦ
27 ਮਾਰਚ ਨੂੰ ਬ੍ਰਿਟੇਨ ਵਿਚ 'ਦਸਤਾਰ ਦਿਹਾੜਾ' ਮਨਾਇਆ ਜਾਵੇਗਾ ਅਤੇ ਇਸ ਦਿਨ ਇੱਥੇ ਇਕ ਅਜਿਹਾ ਇਤਿਹਾਸ ਬਣਨ ਜਾ ਰਿਹਾ ਹੈ ਜੋ ਸਿੱਖਾਂ ਲਈ ਵੱਡੇ ਮਾਣ ਵਾਲੀ ਗੱਲ ਹੋਵੇਗੀ।
ਲੰਡਨ : 27 ਮਾਰਚ ਨੂੰ ਬ੍ਰਿਟੇਨ ਵਿਚ 'ਦਸਤਾਰ ਦਿਹਾੜਾ' ਮਨਾਇਆ ਜਾਵੇਗਾ ਅਤੇ ਇਸ ਦਿਨ ਇੱਥੇ ਇਕ ਅਜਿਹਾ ਇਤਿਹਾਸ ਬਣਨ ਜਾ ਰਿਹਾ ਹੈ ਜੋ ਸਿੱਖਾਂ ਲਈ ਵੱਡੇ ਮਾਣ ਵਾਲੀ ਗੱਲ ਹੋਵੇਗੀ। ਅਸਲ ਵਿਚ 'ਦਸਤਾਰ ਦਿਹਾੜੇ' ਮੌਕੇ ਬ੍ਰਿਟੇਨ ਦੀ ਸੰਸਦ ਦੇ ਸਾਰੇ ਮੈਂਬਰ ਪੱਗਾਂ ਬੰਨ੍ਹ ਕੇ ਆਉਣਗੇ। ਕੁਝ ਦਿਨ ਪਹਿਲਾਂ ਬਿਟ੍ਰੇਨ ਸੰਸਦ ਭਵਨ ਦੇ ਬਾਹਰ ਇਕ ਸਿੱਖ ਨੌਜਵਾਨ ਰਵਨੀਤ ਸਿੰਘ 'ਤੇ ਹੋਏ ਹਮਲੇ ਤੋਂ ਬਾਅਦ ਬ੍ਰਿਟੇਨ ਦੀ ਸੰਸਦ ਨੇ ਇਹ ਇਤਿਹਾਸਕ ਫ਼ੈਸਲਾ ਲਿਆ ਹੈ।
ਉਧਰ ਰਵਨੀਤ ਸਿੰਘ ਨੇ ਬ੍ਰਿਟੇਨ ਸਰਕਾਰ ਦੇ ਇਸ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਸ ਤੋਂ ਪਹਿਲਾਂ ਦੁਨੀਆ ਦੇ ਕਿਸੇ ਕੋਨੇ ਵਿਚ ਵੀ ਨਹੀਂ ਦੇਖਣ ਨੂੰ ਨਹੀਂ ਮਿਲਿਆ ਕਿ ਕਿਸੇ ਦੂਜੇ ਮੁਲਕ ਨੇ ਸਿੱਖਾਂ ਨੂੰ ਇੰਨਾ ਵੱਡਾ ਮਾਣ ਸਤਿਕਾਰ ਦਿੱਤਾ ਹੋਵੇ।
ਬ੍ਰਿਟੇਨ ਸਰਕਾਰ ਦੇ ਇਸ ਫ਼ੈਸਲੇ ਦੀ ਸਿੱਖ ਹਲਕਿਆਂ ਵਿਚ ਕਾਫ਼ੀ ਸ਼ਲਾਘਾ ਕੀਤੀ ਜਾ ਰਹੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਆਖਿਆ ਕਿ ਦਿੱਲੀ ਵਿਚ ਵੀ 'ਦਸਤਾਰ ਦਿਹਾੜੇ' ਨੂੰ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ।
ਦਰਅਸਲ ਰਵਨੀਤ ਸਿੰਘ 'ਤੇ ਸੰਸਦ ਦੇ ਬਾਹਰ ਹੋਈ ਨਸਲੀ ਟਿੱਪਣੀ ਤੋਂ ਬਾਅਦ ਇਹ ਮਾਮਲਾ ਸਿੱਖ ਸਾਂਸਦ ਤਨਮਨਜੀਤ ਸਿੰਘ ਢੇਸੀ ਵਲੋਂ ਬ੍ਰਿਟੇਨ ਦੀ ਸੰਸਦ ਵਿਚ ਉਠਾਇਆ ਗਿਆ ਸੀ, ਜਿਸ ਤੋਂ ਬਾਅਦ ਜਿੱਥੇ ਸੰਸਦ ਦੇ ਸਪੀਕਰ ਨੇ ਮੁਆਫ਼ੀ ਮੰਗੀ ਸੀ, ਉਥੇ ਹੀ ਇਸ ਤਰੀਕੇ ਨਾਲ 'ਟਰਬਨ ਡੇਅ' ਮਨਾਉਣ ਦਾ ਵੀ ਫ਼ੈਸਲਾ ਲਿਆ ਸੀ। ਯਕੀਨਨ ਤੌਰ 'ਤੇ ਇਹ ਫ਼ੈਸਲਾ ਸਿੱਖਾਂ ਦੀ ਇਕ ਵੱਡੀ ਪ੍ਰਾਪਤੀ ਹੈ।